ਪਹਿਲਵਾਨ ਜਸਪੂਰਨ ਸਿੰਘ ਫਿਰ ਛਾ ਗਿਆ
ਚੰਡੀਗੜ੍ਹ 3 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿਛਲੇ ਸਾਲ ਦੀ ਵਰਲਡ ਚੈਂਪੀਅਨਸ਼ਿਪ ਦੇ ਬਰਾਊਜ਼ ਮੈਡਲ ਜੈਤੂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਪਹਿਲਵਾਨ ਦੀ ਇੱਕ ਵਾਰ ਫਿਰ ਅੰਡਰ 17 ਵਰਲਡ ਫ੍ਰੀ ਸਟਾਇਲ ਗ੍ਰੀਕੋ ਰੋਮਨ ਸਟਾਈਲ ਅਤੇ ਵੂਮੈਨ ਰੈਸਲਿੰਗ ਚੈਂਪੀਅਨਸ਼ਿਪ ਜੋ ਜੋਰਡਨ ਫੈਡਰੇਸ਼ਨ ਓਮਾਨ ਵਿਖੇ ਹੋਣ ਵਾਲੀ ਹੈ, ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨਾਂ ਵੱਲੋਂ ਅਖਾੜੇ ਵਿੱਚ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਬੀਤੇ ਦਿਨੀਂ ਇਸ ਚੈਂਪੀਅਨਸ਼ਿਪ ਲਈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਟਰਾਇਲ ਮਾਰਡਨ ਸਕੂਲ ਚਾਰਾ ਬੇਰੀ ਰੋਡ ਨੇੜੇ ਸੈਕਟਰ 2 ਬਹਾਦਰ ਗੜ੍ਹ ਹਰਿਆਣਾ ਵਿਖੇ ਕਰਵਾਏ ਗਏ ਸਨ, ਜਿਸ ਵਿੱਚ ਇਸ ਅਖਾੜੇ ਦੇ ਪਹਿਲਵਾਨ ਜਸਪੂਰਨ ਸਿੰਘ ਦੀ ਅੰਡਰ 17 ਦੇ 110 ਕਿਲੋ ਗ੍ਰਾਮ ਫ੍ਰੀ ਸਟਾਇਲ ਮੁਕਾਬਲੇ ਲਈ ਚੋਣ ਹੋਈ ਹੈ।
ਇਹ ਚੈਂਪੀਅਨਸ਼ਿਪ 19 ਅਗਸਤ ਤੋਂ 25 ਅਗਸਤ ਤੱਕ ਜੋਰਡਨ ਫੈਡਰੇਸ਼ਨ ਓਮਾਨ ਵਿਖੇ ਹੋ ਰਹੀ ਹੈ। ਇਸ ਮੁਕਾਬਲੇ ਲਈ ਜਸਪੂਰਨ ਪਹਿਲਵਾਨ ਜੀਅ ਲਾ ਕੇ ਮਿਹਨਤ ਕਰ ਰਿਹਾ ਹੈ। ਉਮੀਦ ਹੈ ਕਿ ਉਸ ਵੱਲੋਂ ਇਸ ਚੈਂਪੀਅਨਸ਼ਿਪ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਕਿਹਾ ਕਿ ਜਸਪੂਰਨ ਪਹਿਲਵਾਨ ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਉਹ ਤਰਾਸ਼ਿਆ ਹੀਰਾ ਹੈ, ਜਿਸ ਦੀ ਚਮਕ ਦੇਖਣ ਲਈ ਦੁਨੀਆ ਬੇਤਾਬ ਬੈਠੀ ਹੈ, ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਹੁਣ ਤੱਕ ਵੱਡੇ ਵੱਡੇ ਖਿਤਾਬ ਆਪਣੇ ਨਾਮ ਕਰ ਚੁੱਕਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਹੋਏ ਸਾਰੇ ਮੁਕਾਬਲਿਆਂ ਵਿੱਚ ਉਸ ਨੇ ਬਰਾਊਜ਼ ਮੈਡਲ ਜਿੱਤ ਕੇ ਦੇਸ਼, ਅਖਾੜੇ, ਪਿੰਡ ਮੁੱਲਾਂਪੁਰ ਗਰੀਬਦਾਸ ਅਤੇ ਆਪਣੇ ਮਾਤਾ ਪਿਤਾ ਤੇ ਉਸਤਾਦ ਗੋਲੂ ਪਹਿਲਵਾਨ ਦਾ ਨਾਮ ਰੌਸ਼ਨ ਕੀਤਾ ਹੈ। ਹੁਣ ਵੀ ਉਸ ਤੋਂ ਬਹੁਤ ਉਮੀਦਾਂ ਹਨ। ਆਸ ਕਰਦੇ ਹਾਂ ਕਿ ਉਹ ਇਸ ਵਾਰ ਵੀ ਜਿੱਤ ਦਾ ਸਿਹਰਾ ਸਜ਼ਾ ਕੇ ਸਾਡਾ ਮਾਣ ਵਧਾਵੇਗਾ। ਪਿਤਾ ਕੁਲਤਾਰ ਪਹਿਲਵਾਨ ਨੇ ਕਿਹਾ ਕਿ ਜੋ ਵੀ ਅੱਜ ਹਾਂ ਗੋਲੂ ਤੇ ਰਵੀ ਪਹਿਲਵਾਨ ਦੀ ਬਦੋਲਤ ਹਾਂ। ਉਮੀਦ ਹੈ ਮੇਰਾ ਪੁੱਤਰ ਅਖਾੜੇ ਅਤੇ ਉਸਤਾਦਾਂ ਦਾ ਨਾਂ ਸਾਰੀ ਦੁਨੀਆਂ ਵਿੱਚ ਰੌਸ਼ਨ ਕਰੇਗਾ। ਇਸ ਮੌਕੇ ਸ਼ੇਰ ਸਿੰਘ ਮੱਲ ਧਰਮਿੰਦਰ ਸਿੰਘ ਮੁੱਲਾਂਪੁਰ, ਹੈਪੀ ਪਹਿਲਵਾਨ, ਧਰਮਿੰਦਰ ਪੜੌਲ, ਜਗਤਾਰ ਸੋਹੀ ਵੱਲੋਂ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

