ਮੁੱਲਾਂਪੁਰ ਗਰੀਬਦਾਸ ਦੇ ਕੁਸ਼ਤੀ ਦੰਗਲ ਦੀਆਂ ਧੂਮਾਂ ਵਿਦੇਸ਼ਾਂ ਵਿੱਚ ਵੀ ਪਈਆਂ – ਰਵੀ ਸ਼ਰਮਾ
ਚੰਡੀਗੜ੍ਹ 25 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਦਾਸ ਐਸੋਸੀਏਟ ਦੇ ਸੰਚਾਲਕ ਅਤੇ ਪਹਿਲਵਾਨ ਰਵੀ ਸ਼ਰਮਾ ਦਾ ਇਹ ਕਹਿਣਾ ਹੈ ਕਿ ਮੁੱਲਾਪੁਰ ਗਰੀਬਦਾਸ ਵਿਖੇ ਹੋਏ ਵਿਸ਼ਾਲ ਕੁਸ਼ਤੀ ਦੰਗਲ ਦੀਆਂ ਧੂਮਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਪਈਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੋਹਾਲੀ ਜ਼ਿਲ੍ਹੇ ਦੇ ਕਸਬੇ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ ਨਾਮਵਰ 30 ਦੇ ਕਰੀਬ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜ਼ੋਰ ਦਾ ਪ੍ਰਦਰਸ਼ਨ ਕੀਤਾ।


ਜ਼ਿਕਰਯੋਗ ਹੈ ਕਿ ਇਸ ਕੁਸ਼ਤੀ ਦੰਗਲ ਦੌਰਾਨ ਰਵੀ ਸ਼ਰਮਾ ਦਾਸ ਐਸੋਸੀਏਟ ਵੱਲੋਂ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਇਸ ਵਾਰ ਉਹ ਦਸ ਕੁ ਦਿਨ ਪਹਿਲਾਂ ਦੁਬਈ ਗਏ ਸਨ। ਉਨ੍ਹਾਂ ਨੇ ਅਜੇ ਹਫਤੇ ਤੱਕ ਵਿਦੇਸ਼ ਤੋਂ ਪੰਜਾਬ ਵਾਪਸ ਆਉਣਾ ਸੀ। ਪਰ ਉਹ ਖੇਡਾਂ ਨੂੰ ਖ਼ਾਸ ਕਰ ਕੁਸ਼ਤੀ ਨੂੰ ਏਨਾ ਪਿਆਰ ਕਰਦੇ ਹਨ ਕਿ ਆਪਣੇ ਆਪ ਨੂੰ ਦੁਬਈ ਵਿੱਚ ਰੋਕ ਨਾ ਸਕੇ ਅਤੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਅਚਾਨਕ ਮੁੱਲਾਂਪੁਰ ਗਰੀਬਦਾਸ ਵਿਖੇ ਹੋਣ ਵਾਲੇ ਕੁਸ਼ਤੀ ਦੰਗਲ ਵਿੱਚ ਪਹੁੰਚ ਗਏ। ਉਨ੍ਹਾਂ ਵੱਲੋਂ ਪਹਿਲਵਾਨਾਂ ਨੂੰ ਆਪਣੇ ਵੱਲੋਂ ਮਾਣ ਸਨਮਾਨ ਵੀ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਪਿੰਡ ਦਾ ਇਹ ਕੁਸ਼ਤੀ ਦੰਗਲ ਦੇਖਣਾ ਗਵਾਉਣਾ ਨਹੀਂ ਸੀ ਚਾਹੁੰਦਾ। ਦੱਸ ਦਈਏ ਕਿ ਉਹ ਲੰਮਾ ਸਫਰ ਤੈਅ ਕਰਕੇ ਸਿੱਧਾ ਕੁਸ਼ਤੀ ਦੰਗਲ ਵਾਲੀ ਥਾਂ ਪੁੱਜੇ, ਜਿਥੇ ਉਨ੍ਹਾਂ ਵੱਲੋਂ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਜੱਸਾ ਪੱਟੀ ਅਤੇ ਮਿਰਜ਼ਾ ਇਰਾਨ ਦੀ ਹੱਥ ਜੋੜੀ ਵੀ ਕਰਵਾਈ ਗਈ। ਉਨ੍ਹਾਂ ਵੱਲੋਂ ਆਪਣੇ ਪਰਿਵਾਰ ਸਮੇਤ ਦਰਸ਼ਕਾਂ ਵਿੱਚ ਬੈਠ ਕੇ ਇਸ ਕੁਸ਼ਤੀ ਦੰਗਲ ਦਾ ਅਨੰਦ ਮਾਣਿਆ ਗਿਆ ਅਤੇ ਨਾਲ ਹੀ ਵਿਦੇਸ਼ ਵਿੱਚ ਦੁਬਈ ਅਤੇ ਇੰਗਲੈਂਡ ਵਿੱਚ ਵਸਦੇ ਸ਼ਹਿਬਾਜ਼ ਪ੍ਰੋਪਰਟੀ, ਇਕਬਾਲ ਪ੍ਰੋਪਰਟੀ, ਪਰਾਇਮ ਲੈਂਡ ਪ੍ਰੋਪਰਟੀ, ਵਿਕਰਮ ਕਾਂਡਾ ਯੂ ਏ ਈ, ਸੁਧੀਰ ਜੀ ਯੂ ਏ ਈ ਅਤੇ ਮਨਜੀਤ ਸਿੰਘ ਸੋਹੀ (ਹਾਸਰਸ ਕਲਾਕਾਰ) ਸਾਰੇ ਉਨ੍ਹਾਂ ਦੇ ਜਾਣਕਾਰ ਵੀ ਵੱਖ ਵੱਖ ਚੈਨਲਾਂ ਤੇ ਚੱਲ ਰਹੇ ਕੁਸ਼ਤੀ ਦੰਗਲ ਨਾਲ ਜੁੜੇ ਹੋਏ ਸਨ ਅਤੇ ਪੰਜਾਬ ਦੀ ਧਰਤੀ ਤੇ ਹੋ ਰਹੇ ਇਨਾਂ ਕੁਸ਼ਤੀ ਮੁਕਾਬਲਿਆਂ ਦਾ ਅਨੰਦ ਮਾਣ ਰਹੇ ਸਨ।
ਇਥੇ ਉਨ੍ਹਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਹਾਸਰਸ ਕਲਾਕਾਰ ਮਨਜੀਤ ਸਿੰਘ ਕੋਹਲੀ ਦੇ ਸਟੇਜ ਸ਼ੋਅ ਯੂ ਏ ਈ ਦੀਆਂ ਸੱਤ ਸਟੇਟਾਂ ਵਿੱਚ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਅਖਾੜਾ ਮੁੱਲਾਂਪੁਰ ਗਰੀਬਦਾਸ ਵਾਂਗ ਹੀ ਦੁਬਈ ਵਿੱਚ ਵੀ ਉਨ੍ਹਾਂ ਵੱਲੋਂ ਕੁਸ਼ਤੀ ਅਖਾੜਾ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਇਹ ਅਖਾੜਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਆਸ ਪਾਸ ਦੇ ਪਿੰਡਾਂ, ਇਕੋ ਸਿਟੀ ਵਨ ਤੇ ਟੂ ਅਤੇ ਡੀ ਐੱਲ ਐਫ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਖੇਡਾਂ ਅਤੇ ਸਿਖਿਆ ਵੱਲ ਪ੍ਰੇਰਿਤ ਕਰੋ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਸਮੇਂ ਗੁਨੂੰ ਸ਼ਰਮਾ, ਗੋਲੂ ਪਹਿਲਵਾਨ, ਧਰਮਿੰਦਰ ਸਿੰਘ ਮੁੱਲਾਂਪੁਰ, ਗੁਰਜੀਤ ਸਿੰਘ ਪੂਨੀਆ (ਗੋਲਡੀ) ਭਾਗ ਸਿੰਘ ਅਤੇ ਮਨੀਸ਼ ਕੁਮਾਰ ਮਿੰਕੀ ਮੌਜੂਦ ਸਨ।

