ਪੀ.ਐਚ.ਸੀ. ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁੱਧ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ
ਚੰਡੀਗੜ੍ਹ 29 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪੈਂਦੇ ਪਿੰਡਾਂ ਵਿਚ ਡੇਂਗੂ ਬੁਖ਼ਾਰ ਵਿਰੁਧ ਜਾਗਰੂਕਤਾ ਅਤੇ ਸਰਵੇ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਜਿਥੇ ਕਿਧਰੇ ਡੇਂਗੂ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਸਿਹਤ ਟੀਮਾਂ ਉਸ ਜਗ੍ਹਾ ਦੇ ਨੇੜੇ-ਤੇੜੇ ਘਰ-ਘਰ ਜਾ ਕੇ ਜਿਥੇ ਜਾਂਚ ਕਰਦੀਆਂ ਹਨ, ਉਥੇ ਮੱਛਰ-ਮਾਰ ਦਵਾਈ ਦਾ ਛਿੜਕਾਅ ਵੀ ਕਰਵਾਇਆ ਜਾਂਦਾ ਹੈ। ਬੀਤੇ ਦਿਨੀਂ ਓਮੈਕਸ ਸਿਟੀ ਵਿਚ ਡੇਂਗੂ ਦਾ ਕੇਸ ਨਿਕਲਣ ’ਤੇ ਸਿਹਤ ਟੀਮਾਂ ਨੇ ਮਰੀਜ਼ ਦੇ ਘਰ ਜਾ ਕੇ ਫ਼ਰਿੱਜ, ਗਮਲੇ ਅਤੇ ਅਤੇ ਹੋਰ ਸਮਾਨ ਦੀ ਜਾਂਚ ਕੀਤੀ ਅਤੇ ਛੱਤ ਉਪਰ ਸਪਰੇਅ ਵੀ ਕੀਤੀ। ਐਸ.ਐਮ.ਓ. ਨੇ ਦਸਿਆ ਕਿ ਸਬੰਧਤ ਮਰੀਜ਼ ਦੀ ਹਾਲਤ ਹੁਣ ਬਿਲਕੁਲ ਠੀਕ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਜਿਹੀ ਜਾਨਲੇਵਾ ਬੀਮਾਰੀ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦੇਣਾ ਹੈ ਤੇ ਇਸ ਬਾਰੇ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਅਲਕਜੋਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਡੇਂਗੂ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ।
ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਕਾਰਜ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਸਿਹਤ ਵਰਕਰ ਜਤਿੰਦਰ ਸਿੰਘ, ਰਘਬੀਰ ਸਿੰਘ ਤੇ ਹਰਜੀਤ ਸਿੰਘ ਵੀ ਮੌਜੂਦ ਸਨ।
ਡੇਂਗੂ ਬੁਖ਼ਾਰ ਦੇ ਲੱਛਣ
ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਪਲਦੇ ਹਨ, ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ ਪਾਣੀ ਨਾ ਖੜ੍ਹਾ ਹੋਣ ਦਿਤਾ ਜਾਵੇ।
ਫ਼ੋਟੋ ਕੈਪਸ਼ਨ : ਜਾਂਚ ਕਰਦੀਆਂ ਟੀਮਾਂ।