ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲ਼ੀ ਵੱਲੋਂ ”ਪੁਆਧ ਦਾ ਥੰਮ” ਐਵਾਰਡ ਸ਼੍ਰੋਮਣੀ ਸਾਹਿਤਕਕਾਰ ਮਨਮੋਹਨ ਸਿੰਘ ਦਾਊਂ ਨੂੰ ਕੀਤਾ ਜਾਵੇਗਾ ਪ੍ਰਦਾਨ – ਜਸਪਾਲ ਸਿੰਘ ਦੇਸੂਵੀ
ਮਨਮੋਹਨ ਸਿੰਘ ਦਾਊਂ ਦੇ ਤਾਜ਼ਾ ਕਹਾਣੀ ਸੰਗ੍ਰਹਿ ”ਮੋਈ ਮਾਂ ਦਾ ਦੁੱਧ” ਲੋਕ ਅਰਪਣ ਅਤੇ ਸਨਮਾਨ ਸਮਾਗਮ ਵੇਲ਼ੇ ਪ੍ਰਦਾਨ ਕੀਤਾ ਜਾਵੇਗਾ ਇਹ ਐਵਾਰਡ
ਮੰਚ ਵੱਲੋਂ ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ ਨਾਲ਼ ਇਹ ਸਮਾਗਮ 01 ਸਤੰਬਰ, 2024 ਨੂੰ ਸਵੇਰੇ 10.00 ਵਜੇ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6, ਮੁਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਮੋਤਾ ਸਿੰਘ ਸਰਾਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਨਾਇਬ ਸਿੰਘ, ਡਾ. ਨਿਰਮਲ ਸਿੰਘ ਹੋਣਗੇ ਸ਼ਾਮਿਲ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਗਸਤ:
”ਪੁਆਧ ਦਾ ਥੰਮ ਐਵਾਰਡ” ਸ਼੍ਰੋਮਣੀ ਸਾਹਿਤਕਕਾਰ ਮਨਮੋਹਨ ਸਿੰਘ ਦਾਊਂ ਨੂੰ ਕੀਤਾ ਜਾਵੇਗਾ ਪ੍ਰਦਾਨ।” ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲ਼ੀ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਵੱਲੋਂ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਇਸ ਐਵਾਰਡ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦਾਊਂ ਨੇ ਪੁਆਧ ਦੇ ਖਿੱਤੇ ਵਿੱਚ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ।
ਦੱਸਣਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ ਨਾਲ਼ ਮੰਚ ਵੱਲੋਂ ਸ਼੍ਰੋਮਣੀ ਸਾਹਿਤਕਕਾਰ ਮਨਮੋਹਨ ਸਿੰਘ ਦਾਊਂ ਦੇ ਤਾਜ਼ਾ ਕਹਾਣੀ ਸੰਗ੍ਰਹਿ ”ਮੋਈ ਮਾਂ ਦਾ ਦੁੱਧ” ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ 01 ਸਤੰਬਰ, 2024 ਨੂੰ ਸਵੇਰੇ 10.00 ਵਜੇ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6, ਮੁਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ। ਮੰਚ ਵੱਲੋਂ ਐਲਾਨਿਆ ਗਿਆ ਇਹ ਐਵਾਰਡ ਇਸੇ ਸਮਾਗਮ ਦੌਰਾਨ ਉਨ੍ਹਾਂ ਨੂੰ ਪ੍ਰਦਾਨ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਮੋਤਾ ਸਿੰਘ ਸਰਾਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਨਾਇਬ ਸਿੰਘ, ਡਾ. ਨਿਰਮਲ ਸਿੰਘ ਹੋਣਗੇ, ਜਦਕਿ ਧੰਨਵਾਦੀ ਸ਼ਬਦ ਡਾ. ਜਸਪਾਲ ਸਿੰਘ ਜੱਸੀ, ਪ੍ਰਧਾਂਨ ਪੰਜਾਬੀ ਸਾਹਿਤ ਸਭਾ ਖਰੜ ਕਹਿਣਗੇ।
ਇੰਜੀ. ਜਸਪਾਲ ਸਿੰਘ ਦੇਸੂਵੀ ਵੱਲੋਂ ਚੰਡੀਗੜ੍ਹ-ਮੁਹਾਲ਼ੀ-ਖਰੜ ਆਦਿ ਦੀਆਂ ਸਾਹਿਤਕ ਸਭਾਵਾਂ ਨੂੰ ਇੱਕ ਮੰਚ ਪ੍ਰਦਾਨ ਕਰਦੇ ਹੋਏ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦਾ ਗਠਨ ਕਰਦਿਆਂ ਸਾਹਿਤਕ ਖੇਤਰ ਵਿੱਚ ਨਿਵੇਕਲ਼ੀਆਂ ਪੈੜਾਂ ਪਾਈਆਂ ਜਾ ਰਹੀਆਂ ਹਨ। ਵਰਨਣਯੋਗ ਹੈ ਕਿ ਇੰਜ. ਜਸਪਾਲ ਸਿੰਘ ਦੇਸੂਵੀ ਉੱਘੇ ਸਾਹਿਤਕਾਰ ਹਨ, ਜੋ ਮੂਲ ਰੂਪ ਵਿੱਚ ਦੇਸੂ ਮਾਜਰਾ ਪਿੰਡ ਦੇ ਵਸਨੀਕ ਹਨ ਅਤੇ ਅੱਜ ਕੱਲ੍ਹ ਕੈਨੇਡਾ ਵਿਖੇ ਰਹਿ ਰਹੇ ਹਨ। ਜਸਪਾਲ ਸਿੰਘ ਦੇਸੂਵੀ ਵੱਲੋਂ ਹੁਣ ਤੱਕ ਚਾਰ ਕਾਵਿ ਪੁਸਤਕਾਂ, ਜਿਨ੍ਹਾਂ ਵਿੱਚ ਸੂਫੀ ਕਾਵਿ ਸੰਗ੍ਰਹਿ ਸਵਾਤੀ ਬੂੰਦ, ਜਾਮ ਫ਼ਿਰੋਜ਼ੀ, ਇਸ਼ਕ, ਕੀ ਹਕੀਕੀ ਕੀ ਮਿਜਾਜੀ ਅਤੇ ਜਗਤ ਤਮਾਸ਼ਾ ਆਦਿ ਸਾਹਿਤ ਜਗਤ ਦੀ ਝੋਲ਼ੀ ਪਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ ਛਪਾਈ ਅਧੀਨ ਹੈ।