ਵਿਦਾਇਗੀ ਤੇ ਵਿਸ਼ੇਸ
ਮਿਲਣਸਾਰ ਤੇ ਮਿਹਨਤੀ ਸ਼ਖਸੀਅਤ : ਲਖਵੀਰ ਲੱਖਾ
ਚੰਡੀਗੜ੍ਹ 30 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮਿਲਣਸਾਰ ਸੁਭਾਅ ਦੇ ਮਾਲਕ ਲੋਕ ਗਾਇਕ/ ਸਮਾਜ ਸੇਵੀ ਲਖਵੀਰ ਲੱਖਾ, ਜਿਨ੍ਹਾਂ ਦੇ ਗੀਤ ਕਾਫੀ ਮਕਬੂਲ ਰਹੇ ਹਨ, ਜਿਵੇਂ ਕਿ ਭੰਗੜ੍ਹਾ ਪਿਆਰ ਦਾ, ਹਾਏ ਕੱਚੀਏ ਕੌਲ ਦੀਏ, ਰੱਬ ਖੈਰ ਕਰੇ, ਦਿਲ ਦਾ ਬੂਹਾ ਅਤੇ ਦੋਗਾਣਾ ਗੀਤ ਛਿੰਦੇ ਦੀ ਵਿਚੋਲਣ ਹੈ ਤੂੰ ਭਿੰਦੇ ਦੀ ਵਿਚੋਲਣ ਹੈ, ਆਪਣੀ 58 ਸਾਲ ਦੀ ਉਮਰ ਪੂਰੀ ਹੋਣ ਤੇ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋ ਰਹੇ ਹਨ। ਲਖਵੀਰ ਲੱਖਾ, ਬਹਿਰੀਨ ਅਤੇ ਯੂਰਪ ਦੇ ਕਾਫੀ ਟੂਰ ਲਗਾ ਚੁੱਕੇ ਹਨ।
ਕਬੱਡੀ ਅਤੇ ਫੁੱਟਬਾਲ ਦੇ ਸਟੇਟ ਪੱਧਰੀ ਖਿਡਾਰੀ ਲਖਵੀਰ ਲੱਖਾ, ਜਿਨ੍ਹਾਂ ਦੇ ਮਾਤਾ ਲਾਭ ਕੌਰ ਅਤੇ ਪਿਤਾ ਸ੍ਰੀ ਗੁਰਦੇਵ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਕਲੌਂਦੀ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਮਿਤੀ 05-08-1966 ਨੂੰ ਹੋਇਆ। ਲਖਵੀਰ ਲੱਖਾ ਵਲੋਂ ਮੁੱਢਲੀ ਵਿਦਿਆ ਆਪਣੇ ਜੱਦੀ ਪਿੰਡ ਕੋਟਲਾ ਨਿਹੰਗ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਹਾਇਰ ਸੈਕੰਡਰੀ ਡੀ.ਏ.ਵੀ. ਸਕੂਲ ਰੋਪੜ੍ਹ ਅਤੇ ਗਰੈਜੂਏਸ਼ਨ ਸਰਕਾਰੀ ਕਾਲਜ, ਰੂਪਨਗਰ ਤੋਂ ਹਾਸਲ ਕੀਤੀ। ਇਸ ਉਪਰੰਤ ਆਈ.ਟੀ.ਆਈ. ਰੋਪੜ੍ਹ ਤੋਂ ਸਟੈਨੋ ਦਾ ਕੋਰਸ ਕਰਕੇ ਬਤੌਰ ਸਟੈਨੋ ਜਿਲ੍ਹਾ ਪ੍ਰੀਸ਼ਦ, ਰੂਪਨਗਰ ਵਿਖੇ ਸਾਲ 1986 ਤੋਂ 1988 ਤੱਕ ਨੌਕਰੀ ਕੀਤੀ ਅਤੇ ਇਸ ਤੋਂ ਬਾਅਦ ਮਈ 1989 ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾਈਆਂ।
ਸਾਲ 1990 ਤੋਂ 2020 ਤੱਕ ਸ਼ੋਸ਼ਲ ਵੈਲਫੇਅਰ ਕਲੱਬ ਕੋਟਲਾ ਨਿਹੰਗ ਦੇ ਪ੍ਰਧਾਨ ਰਹੇ। ਇਸ ਦੌਰਾਨ ਵੱਡੇ ਲੈਵਲ ਦੇ ਪੇਂਡੂ ਖੇਡ ਮੇਲੇ, ਖੂਨਦਾਨ ਕੈਂਪ, ਨਹਿਰੂ ਯੁਵਾ ਕੇਂਦਰ ਰੂਪਨਗਰ ਦੇ ਅਧੀਨ ਪਿੰਡਾਂ ਵਿੱਚ ਵਰਕਿੰਗ ਕੈਂਪ ਅਤੇ ਨੈਸ਼ਨਲ ਇੰਟੈਗਰੇਸ਼ਨ ਦੇ ਨੈਸ਼ਨਲ ਲੈਵਲ ਦੇ ਕੈਂਪ ਅਟੈਂਡ ਕੀਤੇ। ਸਾਲ 1986 ਤੋਂ ਹੁਣ ਤੱਕ ਪਿੰਡ ਕੋਟਲਾ ਨਿਹੰਗ ਦੇ ਗੁਰਦੁਆਰਾ ਸਾਹਿਬ ਰਵੀਦਾਸ ਜੀ ਦੇ ਬਤੌਰ ਪ੍ਰਬੰਧਕੀ ਮੈਂਬਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਪਿੰਡ ਕੋਟਲਾ ਨਿਹੰਗ ਵਿਖੇ ਸਾਲ 2013 ਤੋਂ ਬਣੀ ਗੂੱਗਾ ਮਾੜੀ ਕਮੇਟੀ ਦੇ ਪ੍ਰਬੰਧਕੀ ਮੈਂਬਰ ਹਨ। ਇਨ੍ਹਾਂ ਵਲੋਂ ਇਸ ਸਥਾਨ ਤੇ ਕਰਵਾਏ ਜਾਣ ਵਾਲੇ ਸਲਾਨਾ ਮੇਲੇ ਵਿੱਚ ਧਾਰਮਿਕ ਪ੍ਰੋਗਰਾਮ ਅਤੇ ਛਿੰਝ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਜਾਂਦੀ ਹੈ।
ਸਾਲ 2006 ਤੋਂ 2008 ਦਰਮਿਆਨ ਆਪਣੀ ਮਾਤਾ ਸਵ. ਲਾਭ ਕੌਰ ਦੀ ਸਰਪੰਚੀ ਦੇ ਦੌਰਾਨ ਪਿੰਡ ਦੇ ਉਸਾਰੀ ਦੇ ਕੰਮਾਂ ਵਿੱਚ ਜਿਵੇਂ ਕਿ ਸ਼ਹੀਦ ਗੁਰਬਚਨ ਸਿੰਘ ਸਾਬਕਾ ਐਮ.ਐਲ.ਏ. ਯਾਦਗਾਰੀ ਸਟੇਡੀਅਮ ਬਣਾਉਣਾ, ਕਮਿਊਨਿਟੀ ਸੈਂਟਰ ਅਤੇ ਪਿੰਡ ਦੀਆਂ ਗਲੀਆਂ ਸੀਮਿੰਟਡ ਬਣਾਉਣ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ। ਹੁਣ ਤੱਕ ਲਖਵੀਰ ਲੱਖਾ ਵੱਖ-ਵੱਖ ਕੈਂਪਾਂ ਵਿੱਚ ਅਤੇ ਲੋੜਵੰਦ ਮਰੀਜ਼ਾਂ ਲਈ 26 ਵਾਰ ਆਪਣਾ ਖੂਨ ਦਾਨ ਕਰ ਚੁੱਕੇ ਹਨ।
ਆਪ ਤਿੰਨ ਸਾਲ ਜਿਲ੍ਹਾ ਪ੍ਰੀਸ਼ਦ, ਰੂਪਨਗਰ ਅਤੇ ਸਿੱਖਿਆ ਵਿਭਾਗ ਵਿੱਚ 35 ਸਾਲ ਤਿੰਨ ਮਹੀਨੇ 23 ਦਿਨ ਦੀਆਂ ਬੇਦਾਗ਼ ਸੇਵਾਵਾਂ ਤੋਂ ਬਾਅਦ ਮਿਤੀ 31 ਅਗਸਤ 2024 ਨੂੰ ਸੇਵਾ ਮੁਕਤ ਹੋ ਰਹੇ ਹਨ।