ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ ‘ਭੀੜ’ ਰਿਲੀਜ਼
ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ:
ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ ‘ਭੀੜ’ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਨਿਵਾਸ ਸਥਾਨ ਕੱਚਾ ਕਾਲਜ ਰੋਡ ਬਰਨਾਲਾ ਵਿਖੇ ਰਿਲੀਜ਼ ਕੀਤਾ ਗਿਆ। ਇਹ ਰਸਮ ਡਾ. ਕਰਾਂਤੀ ਪਾਲ, ਚੇਅਰਮੈਨ ਆਧੁਨਿਕ ਭਾਰਤੀ ਭਾਸ਼ਾਵਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਅਦਾ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਵਿਚ ਵੱਡੇ ਪੱਧਰ ‘ਤੇ ਅਨੁਵਾਦ ਸਾਹਿਤ ਦਾ ਵਿਕਣਾ ਪੰਜਾਬੀ ਲੇਖਕਾਂ ਅੱਗੇ ਸਵਾਲ ਖੜ੍ਹੇ ਕਰਦਾ ਹੈ, ਜਿਸ ਨੂੰ ਪੰਜਾਬੀ ਲੇਖਕ ਚੈਲਿੰਜ ਦੇ ਤੌਰ ‘ਤੇ ਸਵੀਕਾਰ ਕਰਕੇ ਆਪਣੀ ਸਾਹਿਤ ਸਿਰਜਣਾ ਕਰਨ। ਉਨ੍ਹਾਂ ਕਿਹਾ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੇਰੇ ਪਿਤਾ ਰਾਮ ਸਰੂਪ ਅਣਖੀ ਦੇ ਨਿਕਟਵਰਤੀ ਰਹੇ ਬੂਟਾ ਸਿੰਘ ਚੌਹਾਨ ਨੇ ਪ੍ਰਸਿੱਧ ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਾਲੇ ਦਾ ਤੀਜਾ ਨਾਵਲ ਰਿਲੀਜ਼ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਬੂਟਾ ਸਿੰਘ ਚੌਹਾਨ ਮਰਾਠੀ ਲੇਖਕ ਲਕਸ਼ਮਣ ਗਾਇਕਵਾੜ ਦੇ ਚਾਰ ਨਾਵਲਾਂ ਸਮੇਤ ਛੇ ਪੁਸਤਕਾਂ ਦਾ ਪੰਜਾਬੀ ਅਨੁਵਾਦ ਵੀ ਕਰ ਅਨੁਵਾਦ ਕਰ ਚੁੱਕੇ ਹਨ।
ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ ਜਾਤੀਵਾਦ ਅਜੇ ਵੀ ਚਰਮ ਸੀਮਾ ‘ਤੇ ਹੈ। ਨਾਵਲ ਵਿਚ ਜ਼ਾਤੀ ਆਧਾਰ ‘ਤੇ ਇਕ ਦਲਿਤ ਅਧਿਆਪਕ ਨੂੰ ਫਾਹੇ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਰਾਠੀ ਸਾਹਿਤ ਵਿਚ ਸ਼ਰਣ ਕੁਮਾਰ ਲਿੰਬਾਲੇ ਦਾ ਬਹੁਤ ਵੱਡਾ ਨਾਂ ਹੈ। ਉਨ੍ਹਾਂ ਨੂੰ ਮਹਾਰਾਸ਼ਟਰ ਦੇ ਸਰਕਾਰੀ ਇਨਾਮਾਂ ਤੋਂ ਇਲਾਵਾ ਵਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਮੌਕੇ ਡਾ ਜਸਵਿੰਦਰ ਕੌਰ ਵੀਨੂੰ, ਡਾ ਭੁਪਿੰਦਰ ਸਿੰਘ ਬੇਦੀ, ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਰਾਮ ਸਰੂਪ ਸਰਮਾ, ਲਛਮਣ ਦਾਸ ਮੁਸਾਫ਼ਿਰ ਵੀ ਹਾਜ਼ਰ ਸਨ।
ਕੈਪਸ਼ਨ- ਡਾ ਕਰਾਂਤੀ ਪਾਲ ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਮਰਾਠੀ ਨਾਵਲ’ਭੀੜ ਰਿਲੀਜ਼ ਕਰਦੇ ਹੋਏ।