ਖਿਜ਼ਰਾਬਾਦ ਵਿਖੇ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਸੂਬਾ ਪੱਧਰੀ ਸੰਮੇਲਨ ਕਰਵਾਇਆ
ਚੰਡੀਗੜ੍ਹ 1 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਦੇ ਸਾਂਝ ਮੈਰਿਜ ਪੈਲੇਸ ਵਿਖੇ ਆਲ ਇੰਡੀਆ ਕਸ਼ੱਤਰੀ ਮਹਾਂ ਸਭਾ ਪੰਜਾਬ ਵੱਲੋਂ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਪਹਿਲਾ ਸੂਬਾ ਪੱਧਰੀ ਕਸ਼ੱਤਰੀ ਮਹਾਂ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਸ਼ੱਤਰੀ ਸਮਾਜ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ।


ਆਲ ਇੰਡੀਆ ਕਸ਼ੱਤਰੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਕੁਸ਼ਲਪਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੂਬਾ ਪੱਧਰੀ ਕਸ਼ੱਤਰੀ ਮਹਾਂ ਸੰਮੇਲਨ ਵਿੱਚ ਮਹਾਂ ਸਭਾ ਦੇ ਕੌਮੀ ਪ੍ਰਧਾਨ ਮਹਿੰਦਰ ਸਿੰਘ ਤੰਵਰ, ਪੰਜਾਬ ਪ੍ਰਧਾਨ ਡਿੰਪਲ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਰਾਣਾ ਕੁਸ਼ਲਪਾਲ ਨੇ ਰਾਓ ਬੱਜਰ ਸਿੰਘ ਰਾਠੌਰ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬੱਜਰ ਸਿੰਘ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਗੁਰੂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹਥਿਆਰਾਂ ਦੀ ਵਰਤੋਂ ਵਿੱਚ ਨਿਪੁੰਨ ਬਣਾਇਆ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਸਿਰਫ਼ ਯੁੱਧ ਕਲਾ ਸਿਖਾਈ ਬਲਕਿ ਉਨ੍ਹਾਂ ਨੂੰ ਘੋੜ ਸਵਾਰੀ ਅਤੇ ਤੀਰਅੰਦਾਜ਼ੀ ਵਿੱਚ ਵੀ ਨਿਪੁੰਨ ਬਣਾਇਆ। ਇਸ ਮੌਕੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅੱਜ ਇਹ ਪਹਿਲਾ ਸੂਬਾ ਪੱਧਰੀ ਸਮਾਗਮ ਸਾਡੇ ਸਮਾਜ ਅਤੇ ਰਾਜਪੂਤ ਭਾਈਚਾਰੇ ਨੂੰ ਇਸ ਮਹਾਨ ਕਸ਼ੱਤਰੀ ਬਾਰੇ ਜਾਣੂ ਕਰਵਾਉਣ ਦੇ ਮੰਤਵ ਨਾਲ ਕਰਵਾਇਆ ਗਿਆ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਯੋਧੇ ਤੇ ਉਸ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਸਕਣ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਅਨਮੋਲ ਗਗਨ ਨੇ ਕਿਹਾ ਕਿ ਇਹ ਧਰਤੀ ਗੁਰੂਆਂ, ਪੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਅਤੇ ਇੱਥੇ ਅਨੇਕਾਂ ਯੋਧਿਆਂ ਨੇ ਜਨਮ ਲਿਆ। ਕੈਬਨਿਟ ਮੰਤਰੀ ਗਗਨ ਮਾਨ ਨੇ ਰਾਓ ਬੱਜਰ ਸਿੰਘ ਰਾਠੌਰ ਦੀ ਬਹਾਦਰੀ ਅਤੇ ਰਾਸ਼ਟਰਵਾਦ ਨੂੰ ਨਮਨ ਕਰਦਿਆਂ ਕਿਹਾ ਕਿ ਸਾਡੀਆਂ ਪੀੜ੍ਹੀਆਂ ਨੂੰ ਅਜਿਹੇ ਮਹਾਨ ਯੋਧਿਆਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਉਹ ਇਨ੍ਹਾਂ ਮਹਾਨ ਯੋਧਿਆਂ ਦੀ ਬਹਾਦਰੀ ਤੋਂ ਸੇਧ ਲੈ ਸਕਣ। ਇਸ ਮੌਕੇ ਉਨ੍ਹਾਂ ਕੁਰਾਲੀ ਵਿੱਚ ਮਹਾਨ ਯੋਧੇ ਮਹਾਰਾਣਾ ਪ੍ਰਤਾਪ ਦਾ ਬੁੱਤ ਲਗਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਰਾਣਾ ਕੁਸ਼ਲਪਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਨਮੋਲ ਗਗਨ, ਉਨ੍ਹਾਂ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਅਤੇ ਭਰਾ ਨਵਦੀਪ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਨਰਿੰਦਰ ਰਾਣਾ, ਆਸ਼ੂ ਰਾਣਾ, ਨਿਰਪਾਲ ਰਾਣਾ,ਸਰਪੰਚ ਪ੍ਰਦੀਪ ਰਾਣਾ, ਸੰਤ ਸਿੰਘ ਰਾਣਾ, ਅਨਿਲ ਠਾਕੁਰ, ਰਾਕੇਸ਼ ਮਿਨਹਾਸ, ਅਨੂਪ ਚੌਹਾਨ, ਗਿਆਨ ਸਿੰਘ, ਸਰਵੋਤਮ ਰਾਣਾ, ਅਮਿੰਦਰ ਗੋਬਿੰਦ ਰਾਓ, ਅਜੈ ਰਾਠੌਰ ਸਮੇਤ ਕਈ ਪਤਵੰਤੇ ਹਾਜ਼ਰ ਸਨ। ਪਿੰਡ ਖਿਜ਼ਰਾਬਾਦ ਵਿੱਚ ਕਰਵਾਏ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਕਸ਼ੱਤਰੀ ਮਹਾਂ ਸੰਮੇਲਨ ਦੌਰਾਨ ਕੈਬਨਿਟ ਮੰਤਰੀ ਗਗਨ ਮਾਨ ਦਾ ਸਨਮਾਨ ਕਰਦੇ ਹੋਏ ਫੋਟੋ।

