ਅਲਵਿਦਾ ! ਘਣਛਾਵੇਂ ਬਿਰਖ ਜਹੇ ਬਾਬਲਃ ਸਃ ਈਸ਼ਰ ਸਿੰਘ ਸੋਬਤੀ ਜੀ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਸਤੰਬਰ:
ਪੰਜਾਬੀ ਸ਼ਾਇਰ ਡਾ. ਜਗਤਾਰ ਨੇ ਲਿਖਿਆ ਸੀ ਕਦੇ “ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ, ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।” ਸਾਡੇ ਸਭ ਲਈ ਇਹ ਮਾਣ ਵਾਲੀ ਗੱਲ ਸੀ ਕਿ ਪੰਜਾਬੀ ਸਾਹਿੱਤ ਅਕਾਡਮੀ ਤੇ ਸਿਰਜਣਧਾਰਾ ਦੇ ਸਰਗਰਮ ਮੈਂਬਰ ਈਸ਼ਰ ਸਿੰਘ ਸੋਬਤੀ ਨੇ ਆਪਣੇ ਜੀਵਨ ਦੀ ਇਕ ਸਦੀ ਤੋਂ ਪੰਜ ਸਾਲ ਉੱਤੇ ਪੂਰੇ ਕਰਕੇ ਪਿਛਲੇ ਦਿਨੀਂ ਸਦੀਵੀ ਅਲਵਿਦਾ ਕਹਿ ਗਏ। ਪੰਜਾਬੀ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਤੇ ਈਸ਼ਰ ਸਿੰਘ ਸੋਬਤੀ ਜੀ ਨੇ ਸ਼ਤਾਬਦੀ ਜਨਮ ਦਿਨ 2019 ਵਿੱਚ ਮਨਾਇਆ ਸੀ।
ਸ. ਸੋਬਤੀ ਜੀ ਦਾ ਜਨਮ 15 ਮਈ 1919 ਨੂੰ ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਮੀਰ ਪੁਰ ਖਾਸ ਵਿਚ ਹੋਇਆ ਸੀ। ਗੁਲਾਮ ਦੇਸ਼ ਵਿਚ ਪੈਦਾ ਹੋਏ ਸੋਬਤੀ ਦੇ ਪਰਿਵਾਰ ਕੋਲ ਓਧਰ ਦੋ ਹਜ਼ਾਰ ਏਕੜ ਜ਼ਮੀਨ ਸੀ। ਆਪ ਨੇ ਉਸ ਵਕਤ ਬੀ ਏ ਪਾਸ ਕੀਤੀ ਜਦ ਕਿਸੇ ਨੂੰ ਦਸਵੀਂ ਪਾਸ ਕਰਨਾ ਵੀ ਨਸੀਬ ਨਹੀਂ ਸੀ ਹੁੰਦਾ।
ਵਿਦਿਆਰਥੀ ਜੀਵਨ ਵਿਚ ਆਪ ਦਾ ਝੁਕਾਅ ਕਰਾਂਤੀਕਾਰੀ ਸਭਾ ਵੱਲ ਹੋ ਗਿਆ। ਆਪ ਪੂਰੇ ਜ਼ੋਰ ਸ਼ੋਰ ਨਾਲ ਅਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਅਜੇ ਸਕੂਲ ਵਿਚ ਹੀ ਪੜ੍ਹਦੇ ਸਨ ਜਦੋਂ ਆਪ ਨੇ ਅੰਗਰੇਜ਼ ਹਕੂਮਤ ਦਾ ਯੂਨੀਅਨ ਜੈਕ ਝੰਡਾ ਪਾੜ ਦਿੱਤਾ, ਜਿਸ ਕਾਰਣ ਆਪ ਨੂੰ ਗ੍ਰਿਫਤਾਰ ਕਰ ਕੇ ਭਾਰੀ ਤਸ਼ੱਦਦ ਕੀਤਾ ਗਿਆ। ਉੱਘੇ ਸਵਤੰਤਰਤਾ ਸੈਨਾਨੀ ਆਪ ਦੇ ਘਰ ਵਿਚ ਪਨਾਹ ਲੈਂਦੇ ਸਨ।
ਪਾਕਿਸਤਾਨ ਬਣਨ ਤੋਂ ਪਹਿਲਾਂ ਸਰਦਾਰ ਪਟੇਲ ਆਪ ਦੇ ਜ਼ਿਗਰੀ ਯਾਰਾਂ ਵਿਚੋਂ ਸਨ। ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਨੀ ਦੇ ਪਿਤਾ ਜੀ ਆਪ ਦੇ ਸਕੂਲ ਅਧਿਆਪਕ ਸਨ। ਸਵੇਰ ਦੀ ਪ੍ਰਾਰਥਨਾ ਵਿੱਚ ਪਹਿਲਾਂ ਸੋਬਤੀ ਜੀ ਤੇ ਮਗਰੋਂ ਲਾਲ ਕ੍ਰਿਸ਼ਨ ਆਡਵਾਨੀ ਸ਼ਬਦ ਗਾਇਨ ਕਰਦੇ ਹੁੰਦੇ ਸਨ। ਸਿੰਧੀ ਹੋਣ ਕਾਰਨ ਆਡਵਾਨੀ ਪਰਿਵਾਰ ਗੁਰੂ ਨਾਨਕ ਨਾਮ ਲੇਵਾ ਸੀ।
ਅਜ਼ਾਦੀ ਪਿਛੋਂ ਸੋਬਤੀ ਪਰਿਵਾਰ ਉਜੜ ਕੇ ਰਾਜਸਥਾਨ ਦੇ ਸ਼ਹਿਰ ਅਜਮੇਰ ਵਿਚ ਆ ਗਿਆ। ਖੁਸ਼ਹਾਲ ਜ਼ਿੰਦਗੀ ਤੋਂ ਇਕ ਦਮ ਗਰੀਬੀ ਦੀ ਅਵਸਥਾ ਵਿਚ ਆਉਣਾ ਕਿੰਨਾ ਤਕਲੀਫ ਦੇਹ ਹੁੰਦਾ ਹੈ ਇਹ ਸੋਬਤੀ ਦਾ ਪਰਿਵਾਰ ਹੀ ਜਾਣਦਾ ਹੈ।ਇਥੇ ਆਪ ਛੋਟੇ ਮੋਟੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਲੱਗੇ। ਬੜੀ ਭੱਜ ਨੱਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਵਿਚ ਸਿਰਫ ਦੋ ਸੌ ਏਕੜ ਜ਼ਮੀਨ ਅਲਾਟ ਹੋਈ ਜੋ ਅਲੱਗ ਅਲੱਗ ਟੋਟਿਆਂ ਵਿਚ ਵੰਡੀ ਹੋਈ ਸੀ। ਪਰ ਆਪ ਨੇ ਹਿੰਮਤ ਨਹੀਂ ਹਾਰੀ ਸਗੋਂ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ।
ਈਸ਼ਰ ਸਿੰਘ ਸੋਬਤੀ ਦਾ ਜੀਵਨ ਗੁਰਸਿੱਖੀ ਨੂੰ ਪਰਨਾਇਆ ਹੋਇਆ ਸੀ। ਆਪ ਨੇ ਆਪਣੇ ਪਰਿਵਾਰ ਵਿਚ ਵੀ ਨੈਤਿਕ ਗੁਣ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਸੋਬਤੀ ਜੀ ਦਾ ਵਿਆਹ ਸਰਦਾਰਨੀ ਹਰਸ਼ਰਨ ਕੌਰ ਨਾਲ ਹੋਇਆ ਜਿਸ ਤੋਂ ਆਪ ਦੇ ਤਿੰਨ ਬੇਟੇ ਡਾ. ਸਤਿੰਦਰ ਸਿੰਘ, ਭਾਰਤਬੀਰ ਸਿੰਘ ਸੋਬਤੀ ਐਡਵੋਕੇਟ ਸੁਪਰੀਮ ਕੋਰਟ,ਤੇ ਪ੍ਰਭਜੀਤ ਸਿੰਘ ਯੂ ਕੇ ਹਨ। ਆਪ ਨੇ ਬੱਚਿਆਂ ਦੀ ਵਿਦਿਆ ਵੱਲ ਖਾਸ ਤਵੱਜੋਂ ਦਿੱਤੀ। ਇਸ ਦਾ ਹੀ ਨਤੀਜਾ ਹੈ ਕਿ ਆਪ ਦਾ ਸਾਰਾ ਪਰਿਵਾਰ ਹੀ ਉਚ ਯੋਗਤਾ ਪ੍ਰਾਪਤ ਪਰਿਵਾਰ ਹੈ।ਖਾਸ ਗੱਲ ਇਹ ਹੈ ਕਿ ਆਪ ਦਾ ਸਾਰਾ ਪਰਿਵਾਰ ਹੀ ਸਿੱਖੀ ਨੂੰ ਪਰਣਾਇਆ ਹੋਇਆ ਹੈ। ਲੇਖਕ ਦੇ ਤੌਰ ਤੇ ਸ. ਈਸ਼ਰ ਸਿੰਘ ਸੋਬਤੀ ਜੀ ਨੇ 9 ਕਿਤਾਬਾਂ ਪੰਜਾਬੀ, ਅੰਗਰੇਜ਼ੀ ਤੇ ਉਰਦੂ ਸਾਹਿਤ ਦੀ ਝੋਲੀ ਪਾਈਆਂ ਹਨ। ਆਪ ਦੀ ਵਿਸ਼ਵ ਪ੍ਰਸਿਧ ਪੁਸਤਕ ‘ਕਿਵੇਂ ਮਰਨਾ’ ਦੇ ਅੰਗਰੇਜੀ ਅਨੁਵਾਦ ਨੂੰ ਕੈਲੀਫੋਰਨੀਆਂ ਯੂਨੀਵਰਸਿਟੀ ਨੇ ਵੀ ਵਿਸ਼ੇਸ਼ ਸਨਮਾਨ ਦਿੱਤਾ ਅਤੇ ਸੋਬਤੀ ਜੀ ਨੂੰ ਡੀ ਲਿਟ ਦੀ ਉਪਾਧੀ ਨਾਲ ਨਿਵਾਜਿਆ। ਉਸ ਵੇਲੇ ਆਪ ਦੀ ਉਮਰ 94 ਸਾਲ ਦੀ ਸੀ।
ਸਾਹਿਤ ਸੇਵਾ ਦੇ ਨਾਲ ਆਪ ਸਮਾਜ ਸੇਵਕ ਵੀ ਸਨ। ਆਪ ਸਭ ਤੋਂ ਵਡੀ ਉਮਰ ਦੇ ਸਵਤੰਤਰਤਾ ਸੈਨਾਨੀ ਸਨ। ਸ਼ਹਿਰ ਦਾ ਸਮਰੱਥ ਪਰਿਵਾਰ ਹੋਣ ਦੇ ਬਾਵਜੂਦ ਕਿਸੇ ਵੀ ਪਰਿਵਾਰਕ ਮੈਂਬਰ ਵਿਚ ਕਦੇ ਹੈਂਕੜ ਵਾਲੀ ਗੱਲ ਨਹੀਂ ਦੇਖੀ। ਸਾਡੇ ਇਸ ਮਾਣ ਮੱਤੇ ਲੇਖਕ ਨੇ ਆਪਣੇ ਜੀਵਨ ਦੀਆਂ 105 ਬਹਾਰਾਂ ਤੇ ਪਤਝੜਾਂ ਨੂੰ ਮਾਣਿਆ, ਇਹ ਵੱਡੀ ਪ੍ਰਾਪਤੀ ਹੈ। ਸ. ਈਸ਼ਰ ਸਿੰਘ ਸੋਬਤੀ ਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 7ਸਤੰਬਰ ਦੁਪਹਿਰ ਇੱਕ ਵਜੇ ਤੋਂ ਦੋ ਵਜੇ ਤੀਕ ਹੋਵੇਗੀ।
ਗੁਰਭਜਨ ਗਿੱਲ