ਪੰਨੀ ਤੇ ਅਰਮਾਨ ਪਹਿਲਵਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤੇ ਗੋਲਡ ਮੈਡਲ
ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਖਿਜ਼ਰਾਬਾਦ ਦੇ ਛੋਟੀ ਉਮਰ ਦੇ ਪਹਿਲਵਾਨ ਪੰਨੀ ਪਹਿਲਵਾਨ ਅਤੇ ਅਰਮਾਨ ਪਹਿਲਵਾਨ ਨੇ ਇੱਕ ਵਾਰ ਫਿਰ ਗੋਲਡ ਮੈਡਲ ਜਿੱਤ ਕੇ ਪਿੰਡ ਖਿਜ਼ਰਾਬਾਦ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਕਾਫੀ ਵਾਰ ਵੱਖ ਵੱਖ ਕੁਸ਼ਤੀ ਮੁਕਾਬਲਿਆਂ ਵਿੱਚ ਬਹੁਤ ਸਾਰੇ ਮੈਡਲ ਜਿੱਤ ਚੁੱਕੇ ਹਨ ਅਤੇ ਕਈ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੋਵੇਂ ਪਹਿਲਵਾਨਾਂ ਦੇ ਪਿਤਾ ਅਤੇ ਮਹਾਕਾਲ ਕੁਸ਼ਤੀ ਅਖਾੜਾ ਖਿਜ਼ਰਾਬਾਦ ਦੇ ਸੰਚਾਲਕ ਸ੍ਰੀ ਪ੍ਰਦੀਪ ਬਾਵਾ ਨੇ ਦੱਸਿਆ ਬੀਤੇ ਦਿਨੀਂ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ” ਮੋਹਾਲੀ ਖੇਡ ਸਟੇਡੀਅਮ ਵਿੱਚ ਕਰਵਾਈਆਂ ਗਈਆਂ, ਜਿਸ ਵਿੱਚ ਮਹਾਕਾਲ ਕੁਸ਼ਤੀ ਅਖਾੜਾ ਖਿਜ਼ਰਾਬਾਦ ਦੇ ਪਹਿਲਵਾਨ ਅਰਮਾਨ ਬਾਵਾ ਖਿਜਰਾਬਾਦ ਅਤੇ ਪੰਨੀ ਬਾਵਾ ਖਿਜਰਾਬਾਦ ਦੋਵੇਂ ਸਕੇ ਭਰਾਵਾਂ ਨੇ ਕੁਸ਼ਤੀਆਂ 110 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਅਪਣੇ ਵਿਰੋਧੀ ਪਹਿਲਵਾਨਾਂ ਨੂੰ ਚਿੱਤ ਕਰਕੇ, ਦੋਵੇਂ ਸਕੇ ਬਾਵਾ ਭਰਾਵਾਂ ਨੇ ਗੋਲਡ ਮੈਡਲ ਜਿੱਤ ਕੇ ਅਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਜਿਸ ਵਿੱਚ ਇਕੱਲੇ ਉਹ ਖ਼ਿਡਾਰੀ ਹੀ ਹਿੱਸਾ ਨਹੀਂ ਲੈਂਦੇ ਜਿਹੜੇ ਪੱਕੇ ਤੌਰ ਤੇ ਖੇਡ ਖੇਤਰ ਨਾਲ ਜੁੜੇ ਹੋਏ ਹਨ, ਸਗੋਂ ਉਨ੍ਹਾਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦੇ ਦਿਲਾਂ ਵਿੱਚ ਖੇਡਾਂ ਵਿੱਚ ਕੁਝ ਕਰਨ ਗੁਜ਼ਰਨ ਦੀ ਆਸ ਸੀ। ਲੋੜਵੰਦ ਪਰਿਵਾਰਾਂ ਦੇ ਬੱਚਿਆਂ ਵੱਲੋਂ ਵੀ ਇਨ੍ਹਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਆਪਣੇ ਸੁਪਨੇ ਪੂਰੇ ਕਰਨ ਵੱਲ ਕਦਮ ਪੁੱਟਣ ਦਾ ਖੇਡਾਂ ਵਤਨ ਪੰਜਾਬ ਦੀਆਂ ਜ਼ਰੀਆ ਬਣੀਆਂ ਹਨ। ਉਨ੍ਹਾਂ ਪਹਿਲਵਾਨਾਂ ਬਾਰੇ ਦੱਸਿਆ ਕਿ ਛੋਟੇ ਬੇਟੇ ਦੀ ਉਮਰ ਮਹਿਜ਼ 15 ਸਾਲ ਅਤੇ ਵੱਡੇ ਬੇਟੇ ਦੀ ਉਮਰ 17 ਸਾਲ ਹੈ। ਦੋਵਾਂ ਨੂੰ ਹੁਣ ਇੰਟਰਨੈਸ਼ਨਲ ਨਿਯਮਾਂ ਅਨੁਸਾਰ ਹੋਣ ਵਾਲੀ ਗੱਦਿਆਂ ਵਾਲ਼ੀ ਕੁਸ਼ਤੀ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਦੋਵੇਂ ਪਹਿਲਵਾਨਾਂ ਨੂੰ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਪਹਿਲਵਾਨ ਦੇਸ ਲਈ ਖੇਡਦਿਆਂ ਮੈਡਲ ਜਿੱਤ ਕੇ ਦੇਸ਼ ਦਾ ਨਾਮ ਅਤੇ ਜ਼ਿਲ੍ਹਾ ਮੋਹਾਲੀ ਦੇ ਵੱਡੇ ਕਸਬਾ ਖਿਜ਼ਰਾਬਾਦ ਦਾ ਨਾਮ ਰੌਸ਼ਨ ਕਰਨਗੇ।