ਡਾ ਕਰਾਂਤੀ ਪਾਲ ਨੇ ਕੀਤਾ ‘ਅੱਖੋਂ ਤਿਲ੍ਹਕੀ ਰੌਸ਼ਨੀ’ ਕਹਾਣੀ ਸੰਗ੍ਰਹਿ ਰਿਲੀਜ਼
ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ:
ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਅੱਖੋਂ ਤਿਲ੍ਹਕੀ ਰੌਸ਼ਨੀ’ ਰਾਮ ਸਰੂਪ ਅਣਖੀ ਅਜਾਇਬ ਘਰ ਕੱਚਾ ਕਾਲਜ ਰੋਡ ਬਰਨਾਲਾ ਵਿਖੇ ਰਿਲੀਜ਼ ਕੀਤਾ ਗਿਆ। ਇਹ ਰਸਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ ਕਰਾਂਤੀ ਪਾਲ ਨੇ ਅਦਾ ਕੀਤੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਚੌਹਾਨ ਦਾ ਇਹ ਅਜਿਹਾ ਕਹਾਣੀ ਸੰਗ੍ਰਹਿ ਹੈ, ਜਿਹੜਾ ਸਾਨੂੰ ਭਾਰਤੀ ਭਾਸ਼ਾਵਾਂ ਵਿਚ ਗੱਲ ਕਰਨ ਦੇ ਸਮਰੱਥ ਬਣਾਉਂਦਾ ਹੈ। ਜਦੋਂ ਸਮੁੱਚੀ ਕਹਾਣੀ ‘ਤੇ ਨਜ਼ਰ ਮਾਰਦੇ ਹਾਂ ਤਾਂ ਅਜਿਹੇ ਮਾਹੌਲ ਨੂੰ ਪੇਸ਼ ਕਰਦੀਆਂ ਅਜਿਹੀਆਂ ਕਹਾਣੀਆਂ ਘੱਟ ਹੀ ਨਜ਼ਰ ਆਉਂਦੀਆਂ ਹਨ। ਖ਼ੁਦ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਕਹਾਣੀਆਂ ਸਾਨੂੰ ਦੱਸਦੀਆਂ ਹਨ ਕਿ ਸਮਾਜ ਵਿਚ ਜਾਤ-ਪਾਤ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਹਨ।
ਮੰਚ ਦੇ ਜਨਰਲ ਸਕੱਤਰ ਡਾ ਭੁਪਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਚੌਹਾਨ, ਰਾਮ ਸਰੂਪ ਅਣਖੀ ਬਾਰੇ ‘ਮਾਲਵੇ ਦਾ ਸਾਗਵਾਨ’ ਰਾਮ ਸਰੂਪ ਅਣਖੀ ਪੁਸਤਕ ਦਾ ਸੰਪਾਦਨ ਵੀ ਕਰ ਰਹੇ ਹਨ। ਇਸ ਮੌਕੇ ਸ਼ਾਇਰ ਤਰਸੇਮ, ਡਾ ਰਾਮਪਾਲ ਸ਼ਾਹਪੁਰੀ, ਦਰਸ਼ਨ ਸਿੰਘ ਗੁਰੂ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਰਾਮ ਸਰੂਪ ਸ਼ਰਮਾ, ਲਛਮਣ ਦਾਸ ਮੁਸਾਫ਼ਿਰ, ਜਗਜੀਤ ਗੁਰਮ, ਜਸਵਿੰਦਰ ਕੌਰ ਵੀਨੂ, ਡਾ ਜਸਵੀਰ ਕੌਰ ਅਤੇ ਵੀਰਪਾਲ ਕੌਰ ਹੰਡਿਆਇਆ ਆਦਿ ਲੇਖਕ ਹਾਜ਼ਰ ਸਨ।
ਕੈਪਸ਼ਨ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ ਕਰਾਂਤੀ ਪਾਲ ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਅੱਖੋਂ ਤਿਲ੍ਹਕੀ ਰੌਸ਼ਨੀ’ ਰਿਲੀਜ਼ ਕਰਦੇ ਹੋਏ, ਲੇਖਕ ਨਾਲ਼।