ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ:
ਨਿਰਾਸ਼ ਨਹੀਂ ਕਰਦੀ – ਸੁੱਚਾ ਸੂਰਮਾ 2024/ ਤਰਸੇਮ ਬਸ਼ਰ
“ਮੌੜ” ਇੱਕ ਅਜਿਹੀ ਫਿਲਮ ਸੀ, ਜਿਸ ਨੂੰ ਆਲੋਚਕਾਂ ਨੇ ਵੀ ਸਲਾਹਿਆ। ਉਹ ਕਮਾਈ ਪੱਖ ਤੋਂ ਵੀ ਕਾਮਯਾਬ ਫਿਲਮ ਸੀ। ਇੱਕ ਅਜਿਹਾ ਸਿਨਮਾ, ਜਿਸ ਵਿੱਚ ਮਿਹਨਤ ਬੋਲਦੀ ਸੀ। ਸੂਖਮ ਚੀਜ਼ਾਂ ‘ਤੇ ਵੀ ਧਿਆਨ ਦਿੱਤਾ ਗਿਆ ਸੀ, ਜਿਹਨਾਂ ਬਾਰੇ ਪੰਜਾਬੀ ਸਿਨੇਮਾ ਵਿੱਚ ਅਕਸਰ ਜ਼ਿਆਦਾ ਨਹੀਂ ਸੀ ਸੋਚਿਆ ਜਾਂਦਾ। ਸਮਝਿਆ ਜਾਂਦਾ ਸੀ ਕਿ ਪੰਜਾਬੀ ਸਿਰੜ ਨਾਲ ਸਿਨਮਾ ਨਹੀਂ ਬਣਾਉਂਦੇ। ”ਮੌੜ” ਇੱਕ ਲੋਕ ਨਾਇਕ ਦੀ ਜ਼ਿੰਦਗੀ ‘ਤੇ ਅਧਾਰਿਤ ਕਿਰਤ ਸੀ, ਜਿਸ ਦਾ ਧਰਾਤਲ ਮਾਲਵੇ ਦੀ ਧਰਤੀ ਸੀ। ਖੁੱਲ੍ਹੇ ਬਜਟ ਦੀ ਇਸ ਫਿਲਮ ਵਿੱਚ ਕੰਮ ਕਰ ਰਹੇ ਕਲਾਕਾਰਾਂ, ਨਿਰਦੇਸ਼ਕ ਜਤਿੰਦਰ ਮੋਹਰ ਨੂੰ ਵੀ ਪ੍ਰਸੰਸਾ ਹਾਸਿਲ ਹੋਈ ਸੀ। ਬੋਲੀ, ਪਹਿਰਾਵਾ, ਲੋਕੇਸ਼ਨ, ਕਿਰਦਾਰ ਸਭ ਕੁਝ ਵਾਸਤੇ ਸਰਾਹਨਾ ਕੀਤੀ ਗਈ ਸੀ।
ਆਲੋਚਕਾਂ ਨੇ ਇਸ ਫਿਲਮ ਨੂੰ ਪੀਰੀਅਡ ਫਿਲਮਾਂ ਦੀ ਇੱਕ ਮੀਲ ਪੱਥਰ ਫਿਲਮ ਕਿਹਾ, ਜਿਸਦਾ ਅਰਥ ਸੀ ਕਿ ਜੇਕਰ ਕੋਈ ਪੀਰੀਅਡ ਫਿਲਮ ਇਸ ਤੋਂ ਬਾਅਦ ਬਣੇਗੀ ਤਾਂ ਉਸ ਨੂੰ ਇਸ ਤੋਂ ਇੱਕ ਕਦਮ ਅੱਗੇ ਹੋਣਾ ਪਵੇਗਾ। ਕੁਦਰਤੀ ਇਹ ਚੁਣੌਤੀ ਬੱਬੂ ਮਾਨ, ਅਭੀਨੀਤ ਅਤੇ ਅਮਿਤੋਜ ਮਾਨ (ਨਿਰਦੇਸ਼ਤ ਸੁੱਚਾ ਸੂਰਮਾ) ਦੇ ਸਾਹਮਣੇ ਆ ਗਈ ਹੈ। ਪੁਰਾਤਨ ਪੰਜਾਬੀ ਜੀਵਨ ਵਿੱਚ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਖਾਸ ਮਹੱਤਵ ਨੂੰ ਦਰਸਾਉਂਦੀ ਸੁੱਚਾ ਸੂਰਮਾ ਦੀ ਕਹਾਣੀ ਇੱਕ ਅਜਿਹੇ ਦਲੇਰ ਵਿਅਕਤੀ ਦੀ ਕਹਾਣੀ ਹੈ, ਜੋ ਕਿਸੇ ਵੀ ਕੀਮਤ ‘ਤੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕਰ ਸਕਦਾ, ਇੱਜ਼ਤ ਨੂੰ ਰੁਲਦਿਆਂ ਨਹੀਂ ਦੇਖ ਸਕਦਾ।
ਉਹ ਇਸ ਖਾਤਰ ਜਿੱਥੇ ਆਪਣੀ ਭਰਜਾਈ ਅਤੇ ਉਸਦੇ ਪ੍ਰੇਮੀ ਨੂੰ ਸਰੇਰਾਹ ਕਤਲ ਕਰ ਦਿੰਦਾ ਹੈ, ਉੱਥੇ ਹੀ ਇੱਕ ਹੋਰ ਅਜਿਹੇ ਜੋੜੇ ਨੂੰ ਵੀ ਕਤਲ ਕਰਦਾ ਹੈ, ਜੋ ਸਮਾਜਿਕ ਮਰਿਆਦਾ ਨੂੰ ਉਲੰਘ ਕੇ ਨੈਤਕਿਤਾ ਨੂੰ ਛਿੱਕੇ ਟੰਗ ਚੁੱਕੇ ਹੁੰਦੇ ਹਨ। ਇਸ ਜੁਰਮ ਦੀ ਸਜਾ ਵਿੱਚ ਸੁੱਚਾ ਸਿੰਘ ਨੂੰ ਸ਼ਰੇਆਮ ਉਸੇ ਥਾਂ ‘ਤੇ ਫਾਂਸੀ ਦਿੱਤੀ ਜਾਂਦੀ ਹੈ, ਜਿੱਥੇ ਇਹ ਕਤਲ ਹੋਏ ਸਨ, ਉਹ ਵੀ ਇਲਾਕੇ ਦੇ ਲੋਕਾਂ ਸਾਹਮਣੇ।
ਅੱਜ ਜ਼ਮਾਨਾ ਬਦਲ ਗਿਆ ਹੈ। ਅੱਜ ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਕਮਜ਼ੋਰ ਹੋ ਗਈਆਂ ਹਨ ਤੇ ਅਜਿਹੇ ਕਤਲਾਂ ਨੂੰ ਵੀ ਅਣਖ ਦੀ ਖਾਤਰ ਕੀਤੇ ਕਤਲ ਕਿਹਾ ਜਾਂਦਾ ਹੈ। ਬਹਰਹਾਲ ਤੁਸੀਂ ਅਣਖ ਅਤੇ ਪੰਜਾਬੀ ਰਹਿਤਲ ਨੂੰ ਅੱਜ ਵੀ ਵੱਖ ਕਰਕੇ ਨਹੀਂ ਦੇਖ ਸਕਦੇ। ਫਿਰ ਉਹ ਸਮਾਂ ਹੀ ਹੋਰ ਸੀ। ਲੋਕਾਂ ਨੇ ਸੁੱਚਾ ਸਿੰਘ ਨੂੰ ਸੁੱਚਾ ਸੂਰਮਾ ਕਿਹਾ, ਉਸ ਦੀ ਉਸਤਤ ਕੀਤੀ ਅਤੇ ਉਸ ਪੀੜ੍ਹੀ ਦਾ ਉਹ ਇਲਾਕਾਈ ਨਾਇਕ ਵੀ ਸੀ, ਜਿਸ ਦੀ ਕਹਾਣੀ ਬਾਅਦ ਵਿੱਚ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਹੋ ਗਈ। ਉਸਦੀਆਂ ਗਾਥਾਵਾਂ ਗਾਈਆਂ ਗਈਆਂ, ਕਵੀਸ਼ਰ ਉਸ ਦੇ ਕਿੱਸੇ ਗਾਉਂਦੇ ਸਨ। ਇਥੋਂ ਤੱਕ ਕਿ ਵਰਿੰਦਰ ਅਤੇ ਗੁਰਚਰਨ ਪੋਹਲੀ ਦੀਆਂ ਮੁੱਖ ਭੂਮਿਕਾਵਾਂ ਨਾਲ 1981 ਵਿੱਚ ਇੱਕ ਫਿਲਮ “ਬਲਬੀਰੋ ਭਾਬੀ” ਵੀ ਬਣ ਚੁੱਕੀ ਹੈ।
ਬੇਸ਼ਕ ਸੁੱਚਾ ਸੂਰਮਾ ਦੇ ਨਿਰਦੇਸ਼ਕ ਨੇ ਕਹਾਣੀ ਨੂੰ, ਉਸ ਸਮੇਂ ਦੇ ਧਰਾਤਲੀ ਹਾਲਾਤ ਨੂੰ ਨੇੜੇ ਤੋਂ ਪੇਸ਼ ਕਰਨ ਦਾ ਭਰਪੂਰ ਯਤਨ ਕੀਤਾ ਹੈ, ਨਹੀਂ ਤਾਂ ਉਹ ਗੰਡਾਸਿਆਂ ਦੀ ਲੜਾਈ ਵਿੱਚ ਸੁੱਚਾ ਸਿੰਘ ਸੂਰਮਾ ਵੱਲੋਂ ਬੰਦੂਕ ਨਾਲ ਘੁੱਕਰ ਨੂੰ ਮਾਰਨ ਦੀ ਘਟਨਾ ਬਦਲ ਕੇ ਵੀ ਪੇਸ਼ ਕਰ ਸਕਦਾ ਸੀ, ਤਾਂ ਕਿ ਉਸ ਦਾ ਨਾਇਕ ਕਿਤੇ ਕਿਸੇ ਪੱਖੋਂ ਵੀ ਕਮਜ਼ੋਰ ਨਜ਼ਰ ਨਾ ਆਵੇ। ਇਕ ਲੋਕ ਨਾਇਕ ਗੰਡਾਸਿਆਂ ਦੀ ਲੜਾਈ ਵਿੱਚ ਸਾਹਮਣੇ ਵਾਲੇ ਨੂੰ ਬੰਦੂਕ ਨਾਲ ਕਿਉਂ ਕਤਲ ਕਰੇਗਾ? ਇਹੀ ਸੋਚਦਿਆਂ ਨਿਰਦੇਸ਼ਕ ਇਸ ਮੋੜ ‘ਤੇ ਕੁਝ ਹੋਰ ਵੀ ਦਿਖਾ ਸਕਦਾ ਸੀ। ਪਰ ਅਮਿਤੋਜ ਮਾਨ ਨੇ ਧਰਾਤਲੀ ਹਕੀਕਤ ਨੂੰ ਪਹਿਲ ਦਿੱਤੀ, ਇਹ ਗੰਭੀਰਤਾ ਪੰਜਾਬੀ ਸਿਨੇਮਾਂ ਵਿੱਚ ਪਹਿਲਾਂ ਨਹੀਂ ਸੀ ਪਾਈ ਜਾਂਦੀ। ਬਹੁਤੇ ਨਿਰਮਾਤਾ ਨਿਰਦੇਸ਼ਕ ਉਹੀ ਪੇਸ਼ ਕਰਦੇ ਸਨ ਜੋ ਜਨਤਾ ਦੇ ਮਨ ਭਾਉਂਦਾ ਹੋਵੇ। ਮੈਂ ਇਸ ਸਕਾਰਾਤਮਕ ਮੋੜ ਨੂੰ ਪੰਜਾਬੀ ਸਿਨੇਮਾ ਦੇ ਲਈ ਅਹਿਮ ਮੋੜ ਵਜੋਂ ਦੇਖਦਾ ਹਾਂ।
ਫਿਲਮ ਦੀ ਟੀਮ ਵੱਲੋਂ ਕਹਾਣੀ ਨੂੰ ਨੇੜੇ ਤੋਂ ਜਾਂਚਿਆ ਗਿਆ ਹੋਵੇਗਾ, ਨਹੀਂ ਤਾਂ ਸੁੱਚਾ ਸਿੰਘ ਨੂੰ ਫਾਂਸੀ ਦੇਣ ਦਾ ਦ੍ਰਿਸ਼ ਵੀ ਚਕ੍ਰਿਤ ਕਰਦਾ ਹੈ। ਫਾਂਸੀ ਸ਼ਰੇਆਮ ਲੋਕਾਂ ਦੇ ਸਾਹਮਣੇ ਇੱਕ ਦਰਖਤ ਨਾਲ ਲਟਕਾ ਕੇ ਦਿੱਤੀ ਜਾ ਰਹੀ ਸੀ, ਉਹ ਵੀ ਉੱਥੇ ਹੀ ਜਿੱਥੇ ਉਸਨੇ ਕਤਲ ਕੀਤੇ ਸਨ। ਹੋ ਸਕਦਾ ਅੰਗਰੇਜ ਹਾਕਮਾਂ ਸਮੇਂ ਇਸ ਤਰ੍ਹਾਂ ਹੁੰਦਾ ਹੋਵੇ, ਪਰ ਪਹਿਲਾਂ ਨਹੀਂ ਸੀ ਸੁਣਿਆ ਗਿਆ। ਫਿਲਮ ਦੇ ਇਹ ਦ੍ਰਿਸ਼ ਪੂਰੀ ਫਿਲਮ ਵਿੱਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਬਣੇ ਹਨ।
ਫਿਲਮ ਦੀ ਸਕਰਿਪਟ ਤੋਂ ਲੋਕ ਪਹਿਲਾਂ ਹੀ ਵਾਕਫ ਹਨ ਤੇ ਸਕਰੀਨਪਲੇ ਇਸ ਕਦਰ ਚੁਸਤ ਹਨ ਕਿ ਦੇਖਣ ਵਾਲੇ ਦੀ ਦਿਲਚਸਪੀ ਲਗਾਤਾਰ ਬਣੀ ਰਹਿੰਦੀ ਹੈ। ਇਸ ਦੇ ਬਾਵਜੂਦ ਵੀ ਕਿ ਲੋਕਾਂ ਨੇ ਕਹਾਣੀ ਪਹਿਲਾਂ ਵੀ ਬਹੁਤ ਵਾਰ ਸੁਣੀ ਹੋਈ ਹੈ। ਅਤੀਤ ਦੇ ਨਾਇਕਾਂ ਦੀ ਜ਼ਿੰਦਗੀ ‘ਤੇ ਬਣੀਆਂ ਫਿਲਮਾਂ ਸਮੇਂ ਇਹ ਚੁਣੌਤੀ ਦਿਲਚਸਪ ਹੁੰਦੀ ਹੈ ਕਿ ਲੋਕ ਉਸ ਕਹਾਣੀ ਤੋਂ ਵਾਕਫ ਹੁੰਦੇ ਹਨ, ਕੋਈ ਰਹੱਸ ਬਾਕੀ ਨਹੀਂ ਹੁੰਦਾ ਪਰ ਫਿਰ ਨਿਰਦੇਸ਼ਕ ਦਾ ਕਮਾਲ ਬਾਕੀ ਹੁੰਦਾ ਹੈ ਕਿ ਫਿਲਮ ਇਸ ਤਰ੍ਹਾਂ ਦੀ ਬਣੇ ਕਿ ਲੋਕਾਂ ਦੀ ਦਿਲਚਸਪੀ ਅੰਤ ਤੱਕ ਬਰਕਰਾਰ ਰਹੇ।
ਇਸ ਨੁਕਤਾ-ਨਜ਼ਰ ਤੋਂ ”ਮੌੜ” ਵੀ ਸਫਲ ਸੀ ਤੇ ”ਸੁੱਚਾ ਸੂਰਮਾ” ਵੀ ਸਫਲ ਹੈ। ਸੁੱਚਾ ਸੂਰਮਾ ਫਿਲਮ ਦਾ ਸਭ ਤੋਂ ਮਹੱਤਵਪੂਰਨ ਤੇ ਰੌਸ਼ਨ ਪੱਖ ਲੇਖਕ, ਨਿਰਦੇਸ਼ਕ ਵੱਲੋਂ ਕੀਤੀ ਸੰਤੁਲਿਤ ਕਿਰਦਾਰ ਉਸਾਰੀ ਹੈ, ਕਿਰਦਾਰ ਜੋ ਸੁਭਾਵਿਕ ਲੱਗਦੇ ਹਨ। ਫਿਲਮ ਦੇ ਲਗਭਗ ਅੱਧ ਤੱਕ ਸੁੱਚਾ ਸਿੰਘ ਅਤੇ ਘੁੱਕਰ ਦੋਸਤ ਹੁੰਦੇ ਹਨ, ਭਾਵੇਂ ਕਿ ਫਿਲਮ ਦਾ ਅੰਤ ਉਹਨਾਂ ਦੀ ਦੁਸ਼ਮਣੀ ਅਤੇ ਕਤਲ ਨਾਲ ਹੁੰਦਾ ਹੈ। ਦੋਸਤੀ ਨੂੰ ਦੁਸ਼ਮਣੀ ਵਿੱਚ ਬਦਲਦਿਆਂ, ਜਿਸ ਤਰਾਂ ਘਟਨਾਕ੍ਰਮ ਕਰਵਟ ਲੈਂਦੇ ਹਨ, ਨਿਰਦੇਸ਼ਕ ਇਸ ਬਿਰਤਾਂਤ ਨੂੰ ਸੰਤੁਲਿਤ ਅਤੇ ਕਲਾਤਮਕ ਢੰਗ ਨਾਲ ਫਿਲਮਾਉਣ ਵਿਚ ਕਾਮਯਾਬ ਹੋਇਆ ਹੈ।
ਭਾਵੇਂ ਫਿਲਮ ਦਾ ਨਾਇਕ ਪੰਜਾਬ ਦਾ ਪ੍ਰਸਿੱਧ ਗਾਇਕ ਬੱਬੂ ਮਾਨ ਹੈ, ਪਰ ਨਿਰਦੇਸ਼ਕ ਦੀ ਖੂਬੀ ਇਹ ਰਹੀ ਕਿ ਉਹ ਸਿਰਫ ਬੱਬੂ ਮਾਨ ਦੇ ਚਿਹਰੇ ‘ਤੇ ਨਿਰਭਰ ਨਹੀਂ ਸੀ। ਨਿਰਦੇਸ਼ਕ ਦੀ ਬਹੁਤੀ ਨਿਰਭਰਤਾ ਕਿਰਦਾਰਾਂ ਅਤੇ ਕਹਾਣੀ ਨੂੰ ਕਿਸ ਤਰਾਂ ਪੇਸ਼ ਕਰਨਾ ਹੈ, ਇਸ ਤੇ ਸੀ। ਨਰੈਣਾ’ (ਸਰਬਜੀਤ ਚੀਮਾ), ਸੁੱਚਾ ਸਿੰਘ ਸੂਰਮਾ ਦਾ ਦੱਬੂ ਭਰਾ, ਜਿਹੇ ਕਮਜੋਰ ਕਿਰਦਾਰ ਪਹਿਲਾਂ ਪੰਜਾਬੀ ਸਿਨੇਮਾ ਵਿਧਾ ਵਿੱਚ ਪਰਦੇ ‘ਤੇ ਦਿਖਾਈ ਨਹੀਂ ਦਿੱਤੇ। ਇਥੋਂ ਤੱਕ ਕਿ ਪੰਜਾਬੀ ਸਾਹਿਤ ਵਿੱਚ ਵੀ ਅਜਿਹੇ ਕਿਰਦਾਰ ਨਾ ਮਾਤਰ ਹੀ ਚਿਤਰੇ ਗਏ ਹਨ। ਅਜਿਹੇ ਕਿਰਦਾਰ ਨੂੰ ਪਰਦੇ ‘ਤੇ ਪ੍ਰਮੁੱਖਤਾ ਨਾਲ ਲਿਆਉਣਾ ਵੀ ਨਿਰਦੇਸ਼ਕ ਦੀ ਪ੍ਰਾਪਤੀ ਹੈ। ਬਲਬੀਰੋ, ਇੱਕ ਬੋਲਡ ਅਤੇ ਜ਼ਿੰਦਗੀ ਨੂੰ ਮਾਨਣ ਵਾਲੀ ਔਰਤ ਹੈ, ਜਿਸ ਅੰਦਰ ਤ੍ਰਿਸ਼ਨਾਵਾਂ ਦਾ ਤੇਜ਼ ਵੇਗ ਹੈ, ਜੋ ਘੁਟ-ਘੁਟ ਕੇ ਨਹੀਂ ਮਰਨਾ ਚਾਹੁੰਦੀ ਅਤੇ ਉਹ ਉਨਾਂ ਸਮਿਆਂ ਵਿੱਚ ਸਦਾਚਾਰਕ ਕੀਮਤਾਂ ਨੂੰ ਠੋਕਰ ਮਾਰਨ ਦਾ ਜਿਗਰਾ ਰੱਖਦੀ ਹੈ। ਜਦੋਂ ਆਮ ਘਰੇਲੂ ਔਰਤਾਂ ਇਹ ਸੋਚ ਵੀ ਨਹੀਂ ਸਨ ਸਕਦੀਆਂ, ਦਾ ਕਿਰਦਾਰ ਵੀ ਕਿਸੇ ਪੰਜਾਬੀ ਫਿਲਮ ਵਿੱਚ ਇਸ ਤਰ੍ਹਾਂ ਮੁੱਖ ਤੌਰ ‘ਤੇ ਪਹਿਲਾਂ ਕਦੇ ਵੀ ਨਹੀਂ ਸੀ ਪੇਸ਼ ਕੀਤਾ ਗਿਆ ਹੈ। ਇੱਕ ਅਜਿਹਾ ਚਰਿੱਤਰ, ਜਿਸ ਦਾ ਕੁੱਲ ਪ੍ਰਭਾਵ ਨਕਾਰਾਤਮਕ ਹੀ ਹੋਵੇ, ਕਹਾਣੀ ਉਸ ਦੇ ਆਲੇ-ਦੁਆਲੇ ਘੁੰਮਦੀ ਹੈ।
ਅਦਾਕਾਰਾ ਸਮੀਕਸ਼ਾ ਨੇ ਇਹ ਭੂਮਿਕਾ ਜੀਵੰਤ ਢੰਗ ਨਾਲ ਨਿਭਾਈ ਹੈ। ਅਜਿਹੇ ਵਿਲੱਖਣ ਕਿਰਦਾਰ ਹਿੰਦੀ ਦੀਆਂ ਕਲਾਤਮਕ ਫਿਲਮਾਂ ਵਿੱਚ ਦੇਖਣ ਨੂੰ ਮਿਲਦੇ ਸਨ। ਸੁੱਚਾ ਸੂਰਮਾ, ਬੇਸ਼ਕ ਬੱਬੂ ਮਾਨ ਦੇ ਕੈਰੀਅਰ ਦੀ ਇੱਕ ਮਹੱਤਵਪੂਰਨ ਫਿਲਮ ਦੇ ਤੌਰ ‘ਤੇ ਯਾਦ ਕੀਤੀ ਜਾਵੇਗੀ, ਉਹ ਸ਼ਾਇਦ ਅਭਿਨੇਤਾ ਦੇ ਤੌਰ ‘ਤੇ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀ ਭੂਮਿਕਾ ਵਿੱਚ ਵੀ ਹਨ। ਕਹਾਣੀ ਦਾ ਕਿਰਦਾਰ ਉਹਨਾਂ ਲਈ ਢੁਕਵਾਂ ਸੀ, ਪਰ ਫਿਰ ਵੀ ਉਹ ਉਸ ਪੱਧਰ ‘ਤੇ ਨਹੀਂ ਜਾ ਸਕੇ, ਜਿੱਥੇ ਦਰਸ਼ਕ ਸਕਰੀਨ ਉੱਤੇ ਸੁੱਚੇ ਸੂਰਮੇ ਦੇ ਕਿਰਦਾਰ ਨੂੰ ਦੇਖਦਿਆਂ ਬੱਬੂ ਮਾਨ ਨੂੰ ਭੁੱਲ ਜਾਣ, ਉਹਨਾਂ ਨੂੰ ਸਿਰਫ ਸੁੱਚਾ ਯਾਦ ਰਹਿ ਜਾਵੇ ਪਰ ਫਿਰ ਵੀ ਉਹਨਾਂ ਨੇ ਆਪਣਾ ਬਿਹਤਰੀਨ ਕੰਮ ਕੀਤਾ ਹੈ, ਪ੍ਰਸਥਿਤੀਆਂ ਅਨੁਸਾਰ ਹਾਵ ਭਾਵ ਬਦਲੇ ਹੋਏ ਨਜ਼ਰ ਆਉਂਦੇ ਹਨ। ਸ਼ਾਇਦ ਇੱਕ ਮਸ਼ਹੂਰ ਗਾਇਕ ਵਜੋਂ ਉਹਨਾਂ ਦਾ ਵੱਡਾ ਰੁਤਬਾ ਵੀ ਇਕ ਕਾਰਨ ਹੋਵੇ, ਜਿਸ ਕਾਰਨ ਸਕਰੀਨ ਉੱਤੇ ਸੁੱਚਾ ਸੂਰਮਾ ਉਪਰ ਬੱਬੂ ਮਾਨ ਭਾਰੀ ਦਿਖਾਈ ਦਿੰਦਾ ਹੋਵੇ। ਕੁਲ-ਮਿਲਾ ਕੇ ਉਹ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਫਿਲਮ ਦਾ ਭਾਰ ਚੁੱਕਣ ‘ਚ ਸਫਲ ਹਨ।
ਵੱਡੇ ਸਟਾਰ ਹੋਣ ਦਾ ਇਹ ਵੀ ਇੱਕ ਨੁਕਸਾਨ ਹੁੰਦਾ ਹੈ। ਮੁੱਖ ਖ਼ਲਨਾਇਕ ਘੁੱਕਰ ਦਾ ਕਿਰਦਾਰ ਅਭਿਨੇਤਾ ਜਗ ਸਿੰਘ ਵੱਲੋਂ ਨਿਭਾਇਆ ਗਿਆ ਹੈ। ਉਹ ਆਪਣੇ ਹਾਵ-ਭਾਵ, ਅਦਾਕਾਰੀ ਤੇ ਆਵਾਜ਼ ਨਾਲ ਪ੍ਰਭਾਵਿਤ ਕਰਦੇ ਹਨ। ਨਵਾਂ ਚਿਹਰਾ ਹੋਣ ਕਰਕੇ ਉਨਾਂ ਨੂੰ ਇਸ ਦਾ ਲਾਭ ਵੀ ਹੋਇਆ ਹੈ, ਉਨਾਂ ਦੀ ਪਹਿਛਾਣ ਘੁੱਕਰ ਦੇ ਤੌਰ ‘ਤੇ ਬਣ ਗਈ ਹੈ। ਭਵਿੱਖ ਵਿੱਚ ਵੀ ਉਨਾਂ ਤੋਂ ਉਮੀਦਾਂ ਜ਼ਿਆਦਾ ਰਹਿਣਗੀਆਂ।
ਪ੍ਰਚੱਲਿਤ ਅਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਅਦਾਕਾਰਾਂ ਦੀ ਬਜਾਏ ਨਵੇਂ ਪ੍ਰਤਿਭਾਸ਼ਾਲੀ ਅਦਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਪ੍ਰਚੱਲਿਤ ਅਦਾਕਾਰਾਂ ਦੀ ਬਜਾਏ ਅਜਿਹੇ ਕਲਾਕਾਰਾਂ ਨੂੰ ਮੌਕਾ ਦੇਣ ਨਾਲ ਫਿਲਮ ਦੇ ਕਿਰਦਾਰ, ਜਿੱਥੇ ਸੁਭਾਵਿਕ ਲੱਗਦੇ ਹਨ, ਉਥੇ ਹੀ ਨਵੀਂ ਪੀੜ੍ਹੀ ਨੂੰ ਆਪਣੀ ਪ੍ਰਤੀਭਾ ਸਾਬਿਤ ਕਰਨ ਦਾ ਮੌਕਾ ਮਿਲਦਾ ਹੈ। ਭਾਂਵੇਂ ਦਵਿੰਦਰ, ਗੁਰਵਿੰਦਰ ਮਕਨਾ, ਅਨੀਤਾ ਸ਼ਬਦੀਸ਼, ਮਹਾਂਵੀਰ ਭੁੱਲਰ ਛੋਟੀਆਂ-ਛੋਟੀਆਂ ਭੂਮਿਕਾਵਾਂ ਵਿੱਚ ਹਨ, ਪਰ ਇਹਨਾਂ ਦੀ ਅਦਾਇਗੀ ਸੁਭਾਵਿਕ ਹੈ, ਕਿਰਦਾਰ ਨਾਲ ਇੱਕ-ਮਿਕ ਹੋਏ ਨਜ਼ਰ ਆਉਂਦੇ ਹਨ।
ਕਹਾਣੀ ਵਿੱਚ ਨਰੈਣੇ ਦਾ ਕਿਰਦਾਰ ਵੀ ਮਹੱਤਵਪੂਰਨ ਤੇ ਉਪਰ ਲਿਖੇ ਅਨੁਸਾਰ ਨਿਵੇਕਲਾ ਹੈ। ਇਹ ਕਿਰਦਾਰ ਕਿਸੇ ਸਮੇਂ ਦੇ ਪ੍ਰਸਿੱਧ ਲੋਕ ਗਾਇਕ ਸਰਬਜੀਤ ਚੀਮਾ ਨੇ ਨਿਭਾਇਆ ਹੈ। ਜੋ ਆਜਜ਼ੀ ਅਤੇ ਮਜਬੂਰੀ ਅਜਿਹੇ ਕਿਰਦਾਰ ਦੇ ਚਿਹਰੇ ‘ਤੇ ਨਜ਼ਰ ਆਉਣੀ ਚਾਹੀਦੀ ਹੈ, ਉਹ ਨਜ਼ਰ ਆਉਂਦੀ ਹੈ, ਬੇਸ਼ਕ ਉਹਨਾਂ ਨੇ ਉਮੀਦ ਤੋਂ ਵਧੀਆ ਕਾਰਕਰਦਗੀ ਦਿਖਾਈ ਹੈ, ਪਰ ਇਹ ਕਿਰਦਾਰ ਬੜਾ ਅਹਿਮ ਤੇ ਵੱਖਰਾ ਸੀ। ਜੇਕਰ ਕਿਸੇ ਨਵੇਂ ਚਿਹਰੇ ਤੋਂ ਵੀ ਕਰਵਾ ਲਿਆ ਜਾਂਦਾ ਤਾਂ ਵੀ ਠੀਕ ਰਹਿੰਦਾ, ਵੈਸੇ ਵੀ ਗਾਇਕਾਂ ਦੀ ਅਭਿਨੇਤਾ ਦੇ ਤੌਰ ਤੇ ਆਪਣੀਆਂ ਸੀਮਾਵਾਂ ਹੁੰਦੀਆਂ ਹਨ, ਫਿਰ ਇਹਨਾਂ ਦੀ ਇੱਕ ਪਛਾਣ ਪਹਿਲਾਂ ਵੀ ਬਣੀ ਹੁੰਦੀ ਹੈ।
ਨਿਰਦੇਸ਼ਕ ਅਮਿਤੋਜ ਮਾਨ ਨੂੰ ਦਰਸ਼ਕਾਂ ਦੀ ਇਸ ਜਗਿਆਸਾ ਬਾਰੇ ਭਲੀ-ਭਾਂਤ ਜਾਣਕਾਰੀ ਸੀ ਕਿ ਉਹ ਫਿਲਮ ਵਿੱਚ ਪੁਰਾਤਨ ਪੰਜਾਬ ਵੀ ਦੇਖਣਾ ਚਾਹੁੰਣਗੇ। ਮੌੜ ਵੇਲੇ ਪੁਰਾਤਨ ਪੰਜਾਬ ਦੀ ਝਲਕ ਦੀ ਬਹੁਤ ਚਰਚਾ ਰਹੀ ਸੀ। ਸੁੱਚਾ ਸਿੰਘ ਸੂਰਮਾ ਦੇ ਭਰਾ ਨਰੈਣੇ ਦੇ ਵਿਆਹ ਨੂੰ ਫਿਲਮਾਉਂਦਿਆਂ ਨਿਰਦੇਸ਼ਕ ਪੁਰਾਣੀਆਂ ਰਸਮਾਂ, ਪਹਿਰਾਵੇ, ਗਹਿਣੇ, ਮਿੱਟੀ ਦੇ ਘਰ, ਆਲ਼ੇ, ਦੀਵੇ ਆਦਿ ਕੈਮਰੇ ਵਿੱਚ ਤਰਤੀਬ ਨਾਲ ਕੈਦ ਕਰਨ ਵਿੱਚ ਸਫਲ ਰਹੇ ਹਨ। ਮਾਲਵੇ ਵਿੱਚ ਰੇਤ ਦੇ ਟਿੱਬਿਆਂ ਦਾ ਪਸਾਰਾ ਸੀ, ਰੋਹੀਆਂ ਵੀ ਕਹਿ ਦਿੰਦੇ ਹਨ … ਕੱਚੀਆਂ ਗਲੀਆਂ, ਕੋਠੇ, ਨਰਮੇ ਦੀਆਂ ਛਟੀਆਂ ਆਦਿ ਸਕਰੀਨ ‘ਤੇ ਦੇਖਣਾ ਚੰਗਾ ਲਗਦਾ ਹੈ। ਇਹ ਅਲਹਿਦਾ ਗੱਲ ਭਾਵੇਂ ਮੈਨੂੰ ਸੁੱਚਾ ਸੂਰਮਾ ਨਾਲੋਂ ਮੌੜ ਵਿੱਚ ਫਿਲਮਾਇਆ ਗਿਆ ਪੁਰਾਤਨ ਪੰਜਾਬ ਜ਼ਿਆਦਾ ਬਿਹਤਰ ਮਹਿਸੂਸ ਹੁੰਦਾ ਹੈ।
ਬੋਲੀ ਪੱਖੋਂ ਵੀ ਹੋਰ ਮਿਹਨਤ ਕੀਤੀ ਜਾ ਸਕਦੀ ਸੀ, ਮੁੱਖ ਕਿਰਦਾਰ ਸਮੇਤ ਕਈ ਕਿਰਦਾਰਾਂ ਦੇ ਲਹਿਜ਼ੇ ‘ਚੋਂ ਓਹਨਾਂ ਦੇ ਇਲਾਕਾਈ ਉਚਾਰਨ ਦਾ ਭਾਵ ਮਹਿਸੂਸ ਹੁੰਦਾ ਹੈ, ਭਾਂਵੇਂ ਧਿਆਨ ਦੇਣ ਅਤੇ ਅਜਿਹੀਆਂ ਬਰੀਕੀਆਂ ਨੂੰ ਸਮਝਣ ਵਾਲੇ ਲੋਕ ਹੀ ਇਹ ਸਮਝ ਸਕਣਗੇ। VFX ਤਕਨੀਕ ਦਾ ਵੀ ਪ੍ਰਯੋਗ ਕੀਤਾ ਗਿਆ ਹੈ, ਪਰ ਇਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਪ੍ਰਤੀਤ ਹੁੰਦੀ। ਘੁੱਕਰ ਦਾ ਢੱਠੇ ਨਾਲ ਦਿਖਾਈ ਗਏ ਭੇੜ ‘ਚ ਜਲਦੀ ਹੀ ਪਤਾ ਲੱਗ ਜਾਂਦਾ ਹੈ ਕਿ ਢੱਠਾ ਤਕਨੀਕੀ ਤੌਰ ਤੇ ਬਣਿਆ ਹੋਇਆ ਹੈ। ਫਿਲਮ ਵਿੱਚ ਪਿੱਠਵਰਤੀ ਸੰਗੀਤ ਦ੍ਰਿਸ਼ਾਂ ਅਨੁਸਾਰ ਢੁਕਵਾਂ ਅਤੇ ਪ੍ਰਭਾਵ ਜਗਾਉਣ ਵਾਲਾ ਹੈ, ਭਾਵੇਂ ਕਿ ਫਿਲਮ ਦਾ ਸੰਗੀਤ ਪੱਖ ਇੰਨਾ ਪ੍ਰਭਾਵਸ਼ਾਲੀ ਨਹੀਂ। ਕੋਈ ਅਜਿਹਾ ਗਾਣਾ ਨਹੀਂ ਸੁਣਨ ਨੂੰ ਮਿਲਦਾ ਜੋ ਚੇਤਿਆਂ ਵਿੱਚ ਰਹਿ ਜਾਵੇ। ਫਿਲਮ ‘ਚ ਇੱਕ ਗੀਤ ਪ੍ਰਸਿੱਧ ਗਾਇਕ ਸੁਖਵਿੰਦਰ ਦੀ ਆਵਾਜ਼ ‘ਚ ਵੀ ਹੈ।
ਸੁੱਚਾ ਸੂਰਮਾ ਦੀ ਪ੍ਰੇਮ ਕਹਾਣੀ ਰਾਹੀਂ ਕਿਉਂਕਿ ਪੁਰਾਤਨ ਪੰਜਾਬ ਵੀ ਦੇਖਣ ਨੂੰ ਮਿਲਦਾ ਹੈ, ਇਸ ਲਈ ਜ਼ਿਆਦਾ ਅੱਖਰਦੀ ਨਹੀਂ ਪਰ ਫਿਲਮ ਦੀ ਮੁੱਖ ਕਹਾਣੀ ਨਾਲ ਇਸ ਇਸ ਪ੍ਰੇਮ ਕਹਾਣੀ ਦਾ ਤਾਲਮੇਲ ਠੀਕ ਤਰ੍ਹਾਂ ਬੈਠਦਾ ਵੀ ਪ੍ਰਤੀਤ ਨਹੀਂ ਹੁੰਦਾ। ਇਸ ਨੂੰ ਜੇ ਹੋਰ ਸੰਖੇਪ ਵੀ ਕੀਤਾ ਜਾਂਦਾ ਤਾਂ ਸ਼ਾਇਦ ਬਿਹਤਰ ਹੁੰਦਾ। ਸੁੱਚਾ ਸੂਰਮਾ, ਜਤਿੰਦਰ ਮੋਹਰ ਦੀ ਨਿਰਦੇਸ਼ਿਤ ਮੌੜ ਤੋਂ ਬਾਅਦ ਵਿਰਸੇ ਨਾਲ ਜੁੜੀ ਹੋਈ ਦੂਜੀ ਮਹੱਤਵਪੂਰਨ ਫਿਲਮ ਹੈ ਜੋ ਨਿਰਾਸ਼ ਨਹੀਂ ਕਰਦੀ, ਜਿਸ ਦਾ ਤਕਨੀਕੀ ਪੱਖ ਵੀ ਮਜ਼ਬੂਤ ਹੈ। ਮੇਰੇ ਵਰਗੇ ਆਲੋਚਕ ਅਕਸਰ ਪੰਜਾਬੀ ਮਨੋਰੰਜਕ ਫ਼ਿਲਮਾਂ ਨੂੰ ਸ਼ਿਆਮ ਬੇਨੇਗਲ ਦੀ ਕਿਸੇ ਫਿਲਮ ਨਾਲ ਤੋਲਣ ‘ਚ ਮਸਰੂਫ਼ ਹੋ ਜਾਂਦੇ ਹਨ। ਸ਼ਾਇਦ ਇਹ ਨਿਆਂਸੰਗਤ ਨਹੀਂ ਹੋਵੇਗਾ। ਪੰਜਾਬੀ ਸਿਨਮਾ ਮੁੜ ਉਭਰਨ ਦੇ ਪਹਿਲੇ ਦੌਰ ਵਿੱਚ ਹੈ, ਕੁਝ ਚੰਗਾ ਹੋ ਵੀ ਰਿਹਾ ਹੈ। ਇਸ ਚੰਗੇ ਨੂੰ ਖੁਸ਼-ਆਮਦੀਦ ਕਹਿਣਾ ਬਣਦਾ ਹੈ।
ਖੈਰ, ਰਾਹਤ ਦੀ ਗੱਲ ਇਹ ਹੈ ਕਿ ਪੰਜਾਬੀ ਸਿਨਮਾ ਵਿੱਚ ਹੁਣ “ਕੁਝ ਵੀ” ਪਰੋਸ ਦੇਣ ਵਾਲਾ ਸਮਾਂ ਸ਼ਾਇਦ ਖਤਮ ਹੋਣ ਵੱਲ ਹੈ। ਕੁਝ ਪ੍ਰਤਿਭਾਵਾਨ ਲੋਕ ਸਿਨੇਮਾ ਕਲਾ ਵਿੱਚ ਡੂੰਘੀਆਂ ਪੈੜਾਂ ਪਾਉਣ ਲਈ ਤਤਪਰ ਹਨ। ਪੰਜਾਬੀ ਦਰਸ਼ਕਾਂ ਨੇ ਵੀ ਚੰਗੀਆਂ ਫਿਲਮਾਂ ਨੂੰ ਹੁੰਗਾਰਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਬੇਹਤਰੀਨ ਫਿਲਮਾਂ ਦਾ ਇੰਤਜ਼ਾਰ ਰਹੇਗਾ। ਅਮਿਤੋਜ ਮਾਨ, ਬੱਬੂ ਮਾਨ ਆਪਣੇ ਪ੍ਰਯੋਜਨ ਵਿੱਚ ਸਫਲ ਦਿਖਾਈ ਦੇ ਰਹੇ ਹਨ।