ਸੁਚੇਤਕ ਰੰਗਮੰਚ ਦੇ 25 ਸਾਲ-ਨਾਟ ਜਗਤ ਦਾ ਸਫ਼ਰ ਕਮਾਲ – ਸ਼ਬਦੀਸ਼
28 ਸਿਤੰਬਰ ਨੂੰ ਮਿਲ਼ਦੇ ਹਾਂ, ਮਿੰਨੀ ਟੈਗੋਰ ਥੀਏਟਰ ਵਿੱਚ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ:
ਸ਼ਬਦੀਸ਼ ਨਾਟ ਜਗਤ ਦੀ ਬਹੁਪੱਖੀ ਸ਼ਖਸੀਅਤ ਹੈ, ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਇਸ ਸਫਰ ਵਿੱਚ ਅਨੀਤਾ ਸ਼ਬਦੀਸ਼ ਜਿਵੇਂ ਇੱਕ-ਮਿੱਕ ਹੋ, ਇਸ ਲੰਬੇ ਸਫਰ ਲਈ ਤੁਰੇ, ਓਸ ਇਕਮਿੱਕਤਾ ਬਦੌਲਤੀ ਵੀ ਇਹ ਸਫਰ ਸੁਹਾਵਣਾ ਹੋਇਆ ਪ੍ਰਤੀਤ ਹੁੰਦਾ ਹੈ। ਸੁਚੇਤਕ ਰੰਗਮੰਚ ਦੇ ਨਾਟ ਜਗਤ ਦਾ ਇਹ 25 ਸਾਲ ਦਾ ਸਫਰ ਵੀ ਸੁਆਦਲਾ ਹੋਇਆ ਹੈ। ਇਸੇ ਲਈ ਸ਼ਬਦੀਸ਼ ਇਹ ਕਹਿਣ ਲਈ ਮਜਬੂਰ ਹੋਇਆ ਹੈ, ‘ਤੁਹਾਡੇ ਨਾਲ 25 ਸਾਲ ਦਾ ਸਫ਼ਰ ਸਾਂਝਾਂ ਕਰਾਂਗੇ ਤੇ ਰੰਗਮੰਚ ਦੀ ਬਾਤ ਪਾਵਾਂਗੇ।‘
ਉਨ੍ਹਾਂ ਕਿਹਾ, “ਸਾਡੇ ਕਈ ਦੋਸਤ ਆਖਦੇ ਹਨ, ਇਹ 25 ਸਾਲਾ ਮਨਾਉਣਾ ਹੀ ਮਾਣਯੋਗ ਨਹੀਂ ਹੈ; ਮੁੱਢਲੀ ਟੀਮ ਦੇ ਕਲਾਕਾਰਾਂ ਦਾ ਹੁਣ ਵੀ ਨਾਲ਼ ਹੋਣਾ ਹੋਰ ਵੀ ਵੱਡੀ ਗੱਲ ਹੈ।”
ਉਨ੍ਹਾਂ ਦੱਸਿਆ , “ਸਾਡਾ ਪਹਿਲਾ ਨਾਟਕ 3 ਸਿਤੰਬਰ 1999 ਨੂੰ ਹੋਇਆ ਸੀ। ਹੁਣ ਇਹ ਸਿਲਵਰ ਜੁਬਲੀ ਵਰ੍ਹਾ ਸਹਿਯੋਗੀਆਂ ਦੇ ਹੌਸਲੇ ਸਦਕਾ ਆਇਆ ਹੈ। ਉਨ੍ਹਾਂ ਦੇ ਹੌਸਲੇ ਨੇ ਹੀ 2004 ਵਿੱਚ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੀ ਲਗਾਤਾਰਤਾ ਬਣਾਈ ਹੈ। ਉਸਦਾ ਵੀ 21ਵਾਂ ਸਾਲ ਹੈ। ਅਸੀਂ 2007 ਵਿੱਚ ‘ਕ੍ਰਾਂਤੀ ਦਾ ਕਲਾਕਾਰ-ਗੁਰਸ਼ਰਨ ਸਿੰਘ’ ਡਾਕੂਮੈਂਟਰੀ ਫ਼ਿਲਮ ਬਣਾ ਲਈ ਸੀ। ਸੁਚੇਤਕ ਰੰਗਮੰਚ ਦੇ ਦੇ ਕਈ ਸਹਿਯੋਗੀ ਆਪਣਾ ਨਾਂ ਹਮੇਸ਼ਾ ਗੁਪਤ ਰੱਖਣ ਦਾ ਹੁਕਮ ਕਰਦੇ ਹਨ। ਅਸੀਂ ਇਹਨਾਂ ਸਹਿਯੋਗੀਆਂ ਨੂੰ ਕਿਵੇਂ ਭੁੱਲ ਸਕਦੇ ਹਾਂ? ਇਹ ਸਹਿਯੋਗ ਹੀ 25 ਸਾਲਾ ਸਫ਼ਰ ਦਾ ਗਵਾਹ ਹੈ।“
ਉਨ੍ਹਾਂ ਕਿਹਾ ਕਿ ਕਈ ਮੁਸ਼ਕਲਾਂ ਵਿੱਚੋਂ ਲੰਘ ਕੇ ਅੱਜ ਜਦੋਂ ਸਿਲਵਰ ਜੁਬਲੀ ਤੱਕ ਪਹੁੰਚੇ ਹਾਂ ਤਾਂ ਬੇਹੱਦ ਖੁਸ਼ੀ ਹੋ ਰਹੀ ਹੈ। ਆਸ ਹੈ, ਹੌਸਲਾ ਮਿਲ਼ਦਾ ਰਹੇਗਾ ਤੇ ਸਾਡਾ The Theatre for Social Change ਦਾ ਸਫ਼ਰ ਜਾਰੀ ਰਹੇਗਾ। ਚੇਤੇ ਰਹੇ ਸੁਚੇਤਕ ਰੰਗਮੰਚ ਵੱਲੋਂ 28 ਸਿਤੰਬਰ 2024 ਨੂੰ ਮਿੰਨੀ ਟੈਗੋਰ ਥੀਏਟਰ ਵਿੱਚ ਸਿਲਵਰ ਜੁਬਲੀ ਵਰ੍ਹਾ ਮਨਾਉਣ ਲਈ ਸੱਦਾ ਦਿੱਤਾ ਹੈ।
ਰੰਗਮੰਚ ਜ਼ਿੰਦਾਬਾਦ…