ਗੁਰਦੁਆਰਾ ਬੜ ਸਾਹਿਬ ਨਵਾਂਗਰਾਉਂ ਕਮੇਟੀ ਦਾ ਵਿਵਾਦ ਹੋਰ ਗਰਮਾਇਆ
ਚੰਡੀਗੜ੍ਹ 27 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਸਬਾ ਨਵਾਂਗਰਾਉਂ ਸਥਿਤ ਗੁਰਦੁਆਰਾ ਬੜ ਸਾਹਿਬ ਦਾ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਰੱਖੇ ਕੀਰਤਨ ਦਰਬਾਰ ਨੂੰ ਲੈ ਕੇ ਸ਼ਿਕਾਇਤਾਂ ਲੈ ਕੇ ਦੋਵੇਂ ਧਿਰਾਂ ਮਾਜਰੀ ਤਹਿਸੀਲ ਅਤੇ ਥਾਣੇ ਪੁੱਜੀਆਂ। ਇਸ ਸਬੰਧੀ ਇੱਕ ਧਿਰ ਵੱਲੋਂ ਗੁਰਦੁਆਰਾ ਕਮੇਟੀ ਦੇ ਚੁਣੇ ਪ੍ਰਧਾਨ ਗਰਜਾ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਸੀ, ਪਰ ਬਾਅਦ ‘ਚ ਇੱਕ ਸਿਆਸੀ ਸ਼ਹਿ ਨਾਲ ਦੂਜੀ ਧਿਰ ਨੇ ਸਤਨਾਮ ਸਿੰਘ ਨੂੰ ਪ੍ਰਧਾਨ ਐਲਾਨ ਦਿੱਤਾ, ਜਿਸ ਤੋਂ ਬਾਅਦ ਪ੍ਰਬੰਧਾਂ ਨੂੰ ਲੈ ਕੇ ਦੋਵਾਂ ਧਿਰਾਂ ‘ਚ ਤਣਾਅ ਵਧ ਗਿਆ।
ਇਸ ਦੇ ਹੱਲ ਲਈ ਉਨ੍ਹਾਂ ਮੈਂਬਰਸ਼ਿਪ ਭਰਤੀ ਕਰਕੇ ਪ੍ਰਧਾਨ ਦੀ ਚੋਣ ਕਰਵਾਉਣ ਲਈ ਅਪੀਲ ਕੀਤੀ, ਪਰ ਦੂਜੀ ਧਿਰ ਨੇ ਸਹਿਮਤੀ ਨਹੀਂ ਦਿੱਤੀ। ਇਸ ਤੋਂ ਬਾਅਦ ਪ੍ਰਸਾਸ਼ਨ ਨੇ ਗੁਰੂ ਘਰ ਦੇ ਪ੍ਰਬੰਧ ਦੀ ਜ਼ਿੰਮੇਂਵਾਰੀ ਸਬ ਤਹਿਸੀਲ ਮਾਜਰੀ ਦੇ ਤਹਿਸੀਲਦਾਰ ਨੂੰ ਰਸੀਵਰ ਨਿਯੁਕਤ ਕਰ ਦਿੱਤਾ ਅਤੇ ਫੈਸਲੇ ਤੱਕ ਦੋਵਾਂ ਧਿਰਾਂ ਦੀ ਦਖਲ-ਅੰਦਾਜ਼ੀ ‘ਤੇ ਰੋਕ ਲਗਾ ਦਿੱਤੀ। ਪਰ ਇਸਦੀ ਉਲੰਘਣਾ ਕਰਦਿਆ ਦੂਜੀ ਧਿਰ ਨੇ ਕੀਰਤਨ ਦਰਬਾਰ ਦਾ ਪ੍ਰੋਗਰਾਮ ਉਲੀਕ ਲਿਆ।
ਇਸ ਪ੍ਰੋਗਰਾਮ ਬਾਰੇ ਉਨ੍ਹਾਂ ਤਹਿਸੀਲਦਾਰ ਮਾਜਰੀ ਨੂੰ ਸਿਕਾਇਤ ਦਿੱਤੀ ਹੈ, ਜਿਸ ਬਾਅਦ ਉਨ੍ਹਾਂ ਇਹ ਮਾਮਲਾ ਥਾਣਾ ਮਾਜਰੀ ਕੋਲ ਭੇਜ ਦਿੱਤਾ। ਇਸ ਬਾਰੇ ਦੂਜੀ ਧਿਰ ਦੇ ਚੁਣੇ ਪ੍ਰਧਾਨ ਸਤਨਾਮ ਸਿੰਘ ਨਾਲ ਗੱਲ ਕਰਨ ‘ਤੇ ਕਿਹਾ ਕਿ ਉਨ੍ਹਾਂ ਰਿਸੀਵਰ ਤੋਂ ਮਨਜ਼ੂਰੀ ਲੈ ਕੇ ਹੀ ਪ੍ਰੋਗਾਮ ਰੱਖਿਆ ਸੀ ,ਕਿਉਂਕਿ ਕਿਸੇ ਵੀ ਆਰਡਰ ‘ਚ ਪ੍ਰੋਗਰਾਮ ਕਰਨ ‘ਤੇ ਕਮੇਟੀ ਨੂੰ ਰੋਕਿਆ ਨਹੀਂ ਗਿਆ ਸੀ, ਪਰ ਮਾਮਲਾ ਥਾਣੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ ਹੈ ਕਿ ਇਹ ਪ੍ਰੋਗਰਾਮ ਕਮੇਟੀ ਦੀ ਥਾਂ ਰਿਸੀਵਰ ਦੀ ਨਿਗਰਾਨੀ ਹੇਠ ਸਿਰਫ਼ ਸੰਗਤ ਵੱਲੋਂ ਹੀ ਕਰਵਾਇਆ ਜਾਵੇਗਾ।