ਪਹਿਲਵਾਨ ਪੂਰਵੀ ਸ਼ਰਮਾ ਨੇ ਜਿੱਤਿਆ ਗੋਲਡ ਮੈਡਲ, ਨੈਸ਼ਨਲ ਖੇਡਾਂ ਲਈ ਹੋਈ ਚੋਣ
ਚੰਡੀਗੜ੍ਹ 27 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅਖਾੜਾ ਮੁੱਲਾਂਪੁਰ ਗਰੀਬਦਾਸ ਦੀ ਪਹਿਲਵਾਨ ਪੂਰਵੀ ਸ਼ਰਮਾ ਨੇ ਗੋਲਡ ਮੈਡਲ ਜਿੱਤ ਕੇ ਅਖਾੜਾ ਮੁੱਲਾਂਪੁਰ ਗਰੀਬਦਾਸ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਖਾੜੇ ਦੇ ਸੰਚਾਲਕ ਅਤੇ ਪੂਰਵੀ ਸ਼ਰਮਾ ਦੇ ਪਿਤਾ ਜੀ ਗੋਲੂ ਪਹਿਲਵਾਨ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੀਆਂ ਖੇਡਾਂ ਦੇ ਟਰਾਇਲ ਸੈਕਟਰ 43 ਸਥਿਤ ਕੰਪਲੈਕਸ ਵਿਖੇ ਹੋਏ। ਚਿਤਕਾਰਾ ਨੈਸ਼ਨਲ ਸਕੂਲ ਸੈਕਟਰ 25 ਦੀ ਟੀਮ ਵੱਲੋਂ ਪੂਰਵੀ ਸ਼ਰਮਾ ਨੇ ਅੰਡਰ 17 ਦੇ 65 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਆਪਣੇ ਵਿਰੋਧੀ ਪਹਿਲਵਾਨਾਂ ਨੂੰ ਚਿੱਤ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ, ਜਿਸ ਦੌਰਾਨ ਉਸ ਦੀ ਚੋਣ ਨੈਸ਼ਨਲ ਖੇਡਾਂ ਲਈ ਹੋਈ ਹੈ। ਇਸ ਤੋਂ ਪਹਿਲਾਂ ਵੀ ਉਸਨੇ ਸਕੂਲ ਪੱਧਰ ‘ਤੇ ਹੋਈਆਂ ਰੈਸਲਿੰਗ ਖੇਡਾਂ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਵਧੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਹੁਣ ਉਹ ਨੈਸ਼ਨਲ ਖੇਡਾਂ ਲਈ ਤਿਆਰੀ ਕਰ ਰਹੀ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਉਸ ਨੂੰ ਇੰਟਰਨੈਸ਼ਨਲ ਨਿਯਮਾਂ ਅਤੇ ਟੈਕਨੀਕਲ ਦਾਅ-ਪੇਚ ਸਿੱਖਣ ਲਈ ਵਿਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਪੂਰੀ ਦੁਨੀਆ ਦੇ ਨਾਮਵਰ ਪਹਿਲਵਾਨਾਂ ਅਤੇ ਕੋਚਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਖਾੜਾ ਮੁੱਲਾਂਪੁਰ ਵਿਖੇ ਵੀ ਇਸ ਮੌਕੇ ਉਹ ਵਿਦੇਸ਼ੀ ਕੋਚਾਂ ਰੇਜਾ ਇਰਾਨ, ਮਿਰਜ਼ਾ ਇਰਾਨ ਅਤੇ ਭਾਰਤੀ ਪਹਿਲਵਾਨ ਸਿਕੰਦਰ ਸ਼ੇਖ ਮਹਾਰਾਸ਼ਟਰ ਦੇ ਨਾਲ ਅਭਿਆਸ ਕਰ ਰਹੀ ਹੈ। ਇਸ ਮੌਕੇ ਪੂਰਵੀ ਸ਼ਰਮਾ ਨੂੰ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ।