ਪਿੰਡ ਕਾਦੀ ਮਾਜਰਾ ਵਿਖੇ ਸਰਬ ਸੰਮਤੀ ਨਾਲ ਚੁਣੀ ਪੰਚਾਇਤ
ਚੰਡੀਗੜ੍ਹ 28 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਕਾਦੀ ਮਾਜਰਾ ਦੇ ਲੋਕਾਂ ਨੇ ਸਿਆਣਪ ਤੇ ਸੂਝਵਾਨਤਾ ਦਾ ਸਬੂਤ ਦਿੰਦਿਆ ਪਿੰਡ ਵਿਖੇ ਸਰਬ-ਸੰਮਤੀ ਨਾਲ ਪੰਚਾਇਤ ਚੁਣੀ ਹੈ। ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਭਰਪੂਰ ਸਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸਾਰੇ ਪਿੰਡ ਦਾ ਇਕੱਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ, ਜਿਸ ਵਿੱਚ ਸੁਝਾਅ ਦਿੱਤਾ ਗਿਆ ਕਿ ਜੇਕਰ ਅਸੀਂ ਸਰਬ-ਸੰਮਤੀ ਨਾਲ ਸਰਪੰਚ ਤੇ ਪੰਚਾਇਤ ਚੁਣਦੇ ਹਾਂ ਤਾਂ ਜਿੱਥੇ ਸਾਡੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ, ਉੱਥੇ ਲੋਕਾਂ ਤੇ ਸਰਕਾਰ ਦਾ ਖਰਚਾ ਵੀ ਬਚਦਾ ਹੈ। ਇਸ ਮੌਕੇ ਸਾਰੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਨੂੰ ਸਰਪੰਚ ਚੁਣ ਲੈ ਗਿਆ ਹੈ, ਜਦਕਿ ਪੰਚਾਇਤ ਮੈਂਬਰਾਂ ਵਿੱਚ ਬਲਵੀਰ ਸਿੰਘ, ਸੁਖਵਿੰਦਰ ਕੌਰ, ਲਖਵਿੰਦਰ ਸਿੰਘ, ਨਿਰਮਲ ਸਿੰਘ ਨੂੰ ਸਰਬ ਸੰਮਤੀ ਨਾਲ ਪੰਚ ਚੁਣ ਲਿਆ ਗਿਆ ਹੈ।
ਇਸ ਮੌਕੇ ਸਰਪੰਚ ਚੁਣੇ ਸੁਖਵਿੰਦਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਨੂੰ ਬਣਦੇ ਹੱਕ ਦੁਆਏ ਜਾਣਗੇ। ਇਸ ਮੌਕੇ ਅਕਾਲੀ ਆਗੂ ਸਰਬਜੀਤ ਸਿੰਘ ਕਾਦੀ ਮਾਜਰਾ, ਆਮ ਆਦਮੀ ਪਾਰਟੀ ਦੇ ਆਗੂ ਜੱਗੀ ਕਾਦੀ ਮਾਜਰਾ, ਗੁਰਪ੍ਰੀਤ ਸਿੰਘ ਤੇ ਮੇਜਰ ਸਿੰਘ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ।