ਭਾਰਤ ਵਿੱਚ ਆਯੋਜਿਤ ਹੋਣ ਵਾਲੀਆ “ਅਧਿਆਪਕ ਸਿਖਲਾਈ ਵਰਕਸ਼ਾਪਾਂ” ਇਤਿਹਾਸਕ ਮੀਲ ਪੱਥਰ ਸਾਬਤ ਹੋਗੀਆਂ: ਅਜੈਬ ਸਿੰਘ ਚੱਠਾ
ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ
ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 28 ਸਤੰਬਰ:
ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਪ੍ਰਫੁੱਲਤਾ ਹਿੱਤ ਭਾਰਤ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਰਵਾਇਆ ਅੰਤਰਰਾਸ਼ਟਰੀ ਵੈਬੀਨਰ ਮਿੱਥੇ ਉਦੇਸ਼ਾਂ ਦੀ ਪੂਰਤੀ ਕਰਦਿਆਂ ਸਫ਼ਲ ਰਿਹਾ।
ਗੌਰਤਲਬ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ, ਭਾਰਤ ‘ਚ ਦਸੰਬਰ 2024 ਤੋਂ ਮਾਰਚ 2025 ਤੱਕ ਅਧਿਆਪਕ ਸਿਖਲਾਈ ਵਰਕਸ਼ਾਪਾਂ ਲਾਉਣ ਜਾ ਰਹੀ ਹੈ, ਜਿਸ ਅਧੀਨ ਸਕੂਲਾਂ-ਕਾਲਜਾਂ ਦੇ ਅਧਿਆਪਕਾਂ ਨੂੰ ਭਾਸ਼ਣ ਕਲਾ, ਨੈਤਿਕਤਾ, ਪੰਜਾਬੀ ਭਾਸ਼ਾ, ਪੜ੍ਹਾਉਣ ਵਾਲਾ ਮਾਹੌਲ ਸਿਰਜਣਾ ਤੇ ਸਫ਼ਲ ਜ਼ਿੰਦਗੀ ਜਿਉਣ ਦੇ ਤਰੀਕੇ ਸਿਖਾਉਣ ਵਾਲੇ ਪੰਜ ਵਿਸ਼ੇ ਰੱਖੇ ਗਏ ਹਨ, ਜਿਨ੍ਹਾਂ ਨੂੰ ਆਪਣੇ ਖੇਤਰ ਦੇ ਵਿਸ਼ਾ ਮਾਹਿਰ ਅਧਿਆਪਕਾਂ ਨੂੰ ‘ਲਗਾਤਾਰ ਪੇਸ਼ੇਵਰ ਵਿਕਾਸ’ ਵਰਕਸ਼ਾਪਾਂ ਰਾਹੀਂ ਸਿਖਲਾਈ ਦੇਣਗੇ।
ਵੈਬੀਨਰ ਦੀ ਸ਼ੁਰੂਆਤ ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਵੈਬੀਨਾਰ ਦੀ ਮਹੱਤਤਾ ਤੇ ਉਦੇਸ਼ ਦੱਸਦੇ ਹੋਏ ਹਾਜ਼ਰੀਨ ਨੂੰ ਜੀ ਆਇਆ ਨੂੰ ਆਖਿਆ। ਓਐੱਫਸੀ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੰਧੂ ਨੇ ਸਮੁੱਚੇ ਵੈਬੀਨਰ ਦਾ ਸੰਚਾਲਨ ਸੰਭਾਲਿਆ। ਡਾ. ਸੰਧੂ ਨੇ ਵੈਬੀਨਾਰ ਦੀ ਸ਼ੁਰੂਆਤ ਕਰਦਿਆਂ ਵਿਸ਼ੇ ਮਾਹਿਰਾ ਨੂੰ ਵੈਬੀਨਰਾਂ ਦੇ ਨੇਮਾਂ ਤੋਂ ਕਰਵਾਉਂਦਿਆ ਵੈਬੀਨਾਰ ਦੇ ਸੈਸ਼ਨ ਦੀ ਸ਼ੁਰੂਆਤ ਕੀਤੀ। ਵੈਬੀਨਾਰ ‘ਚ ਸ਼ਾਮਿਲ ਹੋਏ ਵਿਸ਼ੇ ਮਾਹਿਰ ਵਜੋਂ ਡਾ. ਮਨਪ੍ਰੀਤ ਕੌਰ ਨੇ ਨੈਤਿਕਤਾ, ਡਾ. ਸਾਇਮਾ ਬਤੂਲ ਨੇ ਅਖ਼ਲਾਕੀ ਕਦਰਾਂ-ਕੀਮਤਾਂ, ਡਾ. ਆਸਾ ਸਿੰਘ ਘੁੰਮਣ ਨੇ ਭਾਸ਼ਣ ਕਲਾ, ਡਾ. ਮਨਿੰਦਰਜੀਤ ਕੌਰ ਨੇ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ, ਡਾ. ਬਲਜੀਤ ਕੌਰ ਰਿਆੜ ਨੇ ਕਲਾਸ ਵਿੱਚ ਚੰਗਾ ਮਾਹੌਲ ਕਿਵੇਂ ਸਿਰਜਣਾ, ਡਾ. ਗੁਰਪ੍ਰੀਤ ਕੌਰ ਨੇ ਕਾਮਯਾਬੀ ਜ਼ਿੰਦਗੀ ਜਿਉਣ ਦੇ ਤਰੀਕੇ ਅਤੇ ਮੈਡਮ ਰੀਟਾ ਜੋਸ਼ਨ ਨੇ ਖੁਸ਼ਗੁਵਾਰ ਜਿੰਦਗੀ ਜਿਉਣ ਦੇ ਤਰੀਕੇ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਵੈਬੀਨਾਰ ‘ਚ ਸ਼ਾਮਿਲ ਹਾਜ਼ਰੀਨ ਵੱਲੋਂ ਸਮੁੱਚੇ ਸੈਸ਼ਨ ਦੀ ਸ਼ਲਾਘਾ ਕੀਤੀ ਗਈ।
ਇਸ ਤੋਂ ਇਲਾਵਾ ਗੁਰਵੀਰ ਸਿੰਘ ਸਰੌਦ, ਡਾ. ਸਤਿੰਦਰ ਕੌਰ ਕਾਹਲੋਂ, ਮੰਗਲਜੀਤ ਸਿੰਘ, ਤ੍ਰਿਪਤਾ ਸੋਢੀ ਤੇ ਹੋਰਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਰਮਨੀ ਸਜਾਨਪੁਰੀ ਵੱਲੋਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਕੀਤੇ ਕਾਰਜਾਂ ‘ਤੇ ਅਧਾਰਿਤ ਆਪਣੀ ਰਚਨਾ ਪੇਸ਼ ਕੀਤੀ। ਵੈਬੀਨਾਰ ਦੀ ਸਮਾਪਤੀ ‘ਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਸਰਦੂਲ ਸਿੰਘ ਥਿਆੜਾ ਨੇ ਵੈਬੀਨਰ ‘ਚ ਸ਼ਾਮਿਲ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ।