ਯੂਥ ਆਫ ਪੰਜਾਬ ਦੇ ਚੇਅਰਮੈਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ
ਮੋਹਾਲੀ ਏਅਰਪੋਰਟ ਤੋਂ ਅੰਤਰ ਰਾਸ਼ਟਰੀ ਹਵਾਈ ਉਡਾਣਾਂ ਚਾਲੂ ਕਰਨ ਦੀ ਕੀਤੀ ਮੰਗ
ਚੰਡੀਗੜ੍ਹ 29 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਵੱਲੋਂ ਅੱਜ ਐਸ ਏ ਐਸ ਨਗਰ ਵਿਖੇ ਬਣੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਗਿਆ, ਜਿਸ ਵਿੱਚ ਉਨ੍ਹਾਂ ਮੁੱਖ ਮੰਤਰੀ ਪੰਜਾਬ ਦੀ ਸਿਹਤਯਾਬੀ ਲਈ ਕਾਮਨਾ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਯੂਥ ਆਫ ਪੰਜਾਬ ਪਿਛਲੇ ਇੱਕ ਦਹਾਕੇ ਤੋਂ ਸਮਾਜਿਕ ਕੁਰੀਤੀਆਂ ਖਿਲਾਫ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਹੈ।
ਉਨ੍ਹਾਂ ਮੌਜੂਦਾ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਸਤਿਕਾਰ ਲਈ ਚੁੱਕੇ ਕਦਮਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਦੇ ਉੱਦਮ ਸਦਕਾ ਹੀ ਐਸ.ਏ.ਐਸ ਨਗਰ ਵਿਖੇ ਬਣੇ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣਾ ਸੰਭਵ ਹੋ ਸਕਿਆ ਹੈ। ਹੁਣ ਸਾਡੀ ਸੰਸਥਾ ਯੂਥ ਆਫ ਪੰਜਾਬ ਵਲੋਂ ਸਨਿਮਰ ਬੇਨਤੀ ਹੈ ਕਿ ਇਸ ਏਅਰਪੋਰਟ ਤੋਂ ਜਲਦੀ ਤੋਂ ਜਲਦੀ ਅੰਤਰ ਰਾਸ਼ਟਰੀ ਉਡਾਣਾਂ ਚਾਲੂ ਕੀਤੀਆਂ ਜਾਣ ਤਾਂ ਜੋ ਵਿਦੇਸ਼ ਨੂੰ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਏਅਰਪੋਰਟ ਤੇ ਜਾਣ ਲਈ ਖੱਜਲ ਖੁਆਰ ਨਾ ਹੋਣਾ ਪਵੇ।
ਉਨ੍ਹਾਂ ਕਿਹਾ ਕਿ ਸਾਡਾ ਪੰਜਾਬੀ ਭਾਈਚਾਰਾ ਦੁਨੀਆਂ ਦੇ ਹਰ ਕੋਨੇ ਵਿੱਚ ਰਹਿ ਰਿਹਾ ਹੈ, ਜਿਸ ਵਿੱਚ ਬਹੁਤਾਤ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਤੋਂ ਇਲਾਵਾ ਯੂਰਪ ਦੇ ਦੇਸ਼ਾਂ ਵਿੱਚ ਪਰਿਵਾਰਾਂ ਸਮੇਤ ਜੀਵਨ ਬਸਰ ਕਰ ਰਿਹਾ ਹੈ। ਇਹ ਸਾਰਾ ਭਾਈਚਾਰਾ ਦਿੱਲੀ ਤੋਂ ਪੰਜਾਬ ਤੱਕ ਦੇ ਸਫਰ ਵਿੱਚ ਹੁੰਦੀ ਖੱਜਲ-ਖੁਆਰੀ ਕਾਰਨ ਹੀ ਆਪਣਾ ਪੰਜਾਬ ਆਉਣ ਦਾ ਪਲਾਨ ਕੈਂਸਲ ਕਰ ਦਿੰਦੇ ਹਨ। ਇਹਨਾਂ ਤੋਂ ਇਲਾਵਾ ਅਰਬ ਸਮੂਹ ਦੇ ਕਈ ਦੇਸ਼ਾਂ ਵਿੱਚ ਸਾਡੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕ ਮਿਹਨਤ ਮਜਦੂਰੀ ਕਰਨ ਆਉਂਦੇ ਜਾਂਦੇ ਰਹਿੰਦੇ ਹਨ। ਉਹਨਾਂ ਲਈ ਵੀ ਦਿੱਲੀ ਤੋਂ ਘਰ ਤੱਕ ਦਾ ਸਫਰ ਖੱਜਲ ਖੁਆਰੀ ਵਾਲਾ ਹੈ, ਕਿਉੰਕਿ ਦਿੱਲੀ ਏਅਰਪੋਰਟ ‘ਤੇ ਉਤਰ ਕੇ ਉਹਨਾਂ ਨੂੰ ਟੈਕਸੀ ਡਰਾਈਵਰਾਂ ਦੇ ਮੂੰਹ ਬੋਲੇ ਰੇਟ ਭਰਨੇ ਪੈਂਦੇ ਹਨ।
ਪੰਜਾਬ ਸਮੇਤ ਉੱਤਰੀ ਭਾਰਤ ਦੇ ਕੁੱਝ ਹਿੱਸਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੱਕ ਦੇ ਲੋਕਾਂ ਨੂੰ ਅੰਤਰ ਰਾਸ਼ਟਰੀ ਉਡਾਣ ਲਈ ਇੰਦਰਾ ਗਾਂਧੀ ਏਅਰਪੋਰਟ ਦਿੱਲੀ ‘ਤੇ ਨਿਰਭਰ ਕਰਨਾ ਪੈਂਦਾ ਹੈ, ਜਿਸ ਕਾਰਨ ਉਹਨਾਂ ਦੀ ਬੇਵਜ੍ਹਾ ਹੀ ਟੈਕਸੀਆਂ ਤੇ ਹਜ਼ਾਰਾਂ ਲੱਖਾਂ ਰੁਪਏ ਦੀ ਲੁੱਟ ਕਸੁੱਟ ਹੋ ਰਹੀ ਹੈ। ਕਈ ਵਾਰ ਸੜਕਾਂ ‘ਤੇ ਚੱਲਦੇ ਕੰਮ ਕਾਰਨ ਤੇ ਕਈ ਵਾਰ ਮੌਸਮ ਕਾਰਨ ਰਸਤੇ ਵਿੱਚ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਹਨਾਂ ਵਿੱਚ ਸੈਂਕੜੇ ਲੋਕ ਪਰਿਵਾਰਾਂ ਸਮੇਤ ਆਪਣੀਆਂ ਜਾਨਾਂ ਅਜਾਈਂ ਗਵਾ ਚੁੱਕੇ ਹਨ। ਇਸ ਤੋਂ ਇਲਾਵਾ ਚਲਾਕ ਟੈਕਸੀ ਮਾਲਕਾਂ ਤੇ ਡਰਾਈਵਰਾਂ ਦੁਆਰਾ ਯਾਤਰੀਆਂ ਕੋਲੋੰ ਦੁੱਗਣੇ ਤਿੰਨ ਗੁਣਾ ਕਿਰਾਏ ਵਸੂਲੇ ਜਾਂਦੇ ਹਨ। ਰਸਤੇ ਵਿੱਚ ਪੈਂਦੇ ਢਾਬਿਆਂ ਦਾ ਡਰਾਈਵਰਾਂ ਨਾਲ ਕਮਿਸ਼ਨ ਹੈ, ਉਹ ਸਵਾਰੀ ਲੈ ਕੇ ਉਸੇ ਢਾਬੇ ਤੇ ਰੋਟੀ ਤੇ ਰੁਕਦੇ ਨੇ ਜਿੱਥੋਂ ਉਹਨਾਂ ਨੂੰ ਮੋਟੀ ਰਕਮ ਕਮਿਸ਼ਨ ਵਿੱਚ ਮਿਲੇ, ਉਹ ਸਾਰਾ ਭਾਰ ਵੀ ਸਵਾਰੀ ਦੇ ਬਿੱਲ ਤੋਂ ਹੀ ਵਸੂਲਿਆ ਜਾਂਦਾ ਹੈ। ਪਰਮਦੀਪ ਸਿੰਘ ਬੈਦਵਾਨ ਨੇ ਯੂਥ ਆਫ ਪੰਜਾਬ ਸੰਸਥਾ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਅੰਤਰ ਰਾਸ਼ਟਰੀ ਉਡਾਣਾਂ ਚਾਲੂ ਕੀਤੀਆਂ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕਸੁੱਟ ਅਤੇ ਖੱਜਲ ਖੁਆਰੀ ਬੰਦ ਹੋ ਸਕੇ।