ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਪਿੰਡ ਰਾਏਸਰ ਵਿਖੇ ਸਮਾਗਮ ਹੋਇਆ
ਮਹਿਲ ਕਲਾਂ (ਸੁਰ ਸਾਂਝ ਡਾਟ ਕਾਮ ਬਿਊਰੋ), 29 ਸਤੰਬਰ:
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਮੁੱਖ ਮਹਿਮਾਨ ਡਾ ਸੁਰਜੀਤ ਸਿੰਘ ਭੱਟੀ ਸਨ। ਪ੍ਰਧਾਨਗੀ ਮੰਡਲ ਵਿਚ ਉਦਾਸੀ ਦੀ ਸੁਪਤਨੀ ਨਸੀਬ ਕੌਰ ਵੀ ਸ਼ਾਮਿਲ ਹੋਈ। ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀ ਗੀਤਕਾਰੀ ਦੇ ਸਫ਼ਰ ਬਾਰੇ ਵੀ ਵਿਚਾਰ ਪੇਸ਼ ਕੀਤੇ।
ਇਕੱਠ ਨੂੰ ਸੰਬੋਧਨ ਕਰਦਿਆਂ ਡਾ ਭੱਟੀ ਨੇ ਕਿਹਾ ਕਿ ਉਦਾਸੀ ਸਭ ਤੋਂ ਲਿਤਾੜੀ ਹੋਈ ਧਿਰ ਦੇ ਕਵੀ ਸਨ। ਉਨ੍ਹਾਂ ਦੇ ਆਮ ਆਦਮੀ ਦੇ ਦੁੱਖਾਂ ਬਾਰੇ ਲਿਖੇ ਗੀਤਾਂ ਨੂੰ ਸਦੀਵੀ ਤੌਰ ‘ਤੇ ਯਾਦ ਰੱਖਿਆ ਜਾਵੇਗਾ। ਉਦਾਸੀ ਨੇ ਆਪਣੇ ਗੀਤਾਂ ਰਾਹੀਂ ਅਬੋਲ ਲੋਕਾਂ ਨੂੰ ਆਵਾਜ਼ ਦਿੱਤੀ। ਡਾ ਖੀਵਾ ਨੇ ਕਿਹਾ ਕਿ ਉਦਾਸੀ ਨੇ ਆਪਣੀ ਗੀਤਕਾਰੀ ਅਤੇ ਮਧੁਰ ਆਵਾਜ਼ ਨੂੰ ਮੰਡੀ ਦੀ ਵਸਤੂ ਨਹੀਂ ਬਣਾਇਆ। ਉਸਦੇ ਗੀਤ ਅੱਜ ਤੱਕ ਵੀ ਵੱਡੇ ਇਕੱਠਾਂ ਵਿਚ ਗਾਏ ਜਾਂਦੇ ਹਨ।
ਡਾ ਹਰਭਗਵਾਨ ਨੇ ਕਿਹਾ ਕਿ ਉਦਾਸੀ ਨਕਸਲੀ ਲਹਿਰ ਦਾ ਕਵੀ ਸੀ, ਪਰ ਉਸਦਾ ਅਗਾਂਹਵਧੂ ਪੱਖ ਸਤਹੀ ਨਹੀਂ ਸੀ। ਉਨ੍ਹਾਂ ਨੇ ਆਪਣੀ ਚੇਤਨਾ ਨੂੰ ਲੋਕ ਗੀਤਾਂ ਦੇ ਰੰਗ ਵਿਚ ਰੰਗ ਕੇ ਸਦੀਆਂ ਵਿਚ ਜਿਉਣ ਜੋਗਰੀ ਬਣਾ ਲਿਆ। ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਦਾਸੀ ਦੇ ਬਹੁਤ ਸਾਰੇ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਗਏ ਹਨ। ਇਸ ਕਰਕੇ ਉਦਾਸੀ ਯੁੱਗਾਂ ਵਿਚ ਫੈਲਿਆ ਲੋਕ ਕਵੀ ਬਣ ਗਿਆ ਹੈ।
ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗਰਾਮ ਲੋਕ ਪ੍ਰੋਗਰਾਮ ਤਹਿਤ ਮਾਲਵੇ ਵਿਚ ਇਹ ਛੇਵਾਂ ਸਮਾਗਮ ਹੈ। ਅਕੈਡਮੀ ਹੁਣ ਸ਼ਹਿਰਾਂ ਦੀ ਬਜਾਏ ਪਿੰਡਾਂ ਤੱਕ ਪਹੁੰਚ ਕਰ ਰਹੀ ਹੈ। ਉਦਾਸੀ ਬਾਰੇ ਉਨ੍ਹਾਂ ਕਿਹਾ ਕਿ ਉਦਾਸੀ ਦੇ ਗੀਤ ਅੱਜ ਵੀ ਪ੍ਰਸੰਗਕ ਹਨ। ਅਕੈਡਮੀ ਵੱਲੋਂ ਉਦਾਸੀ ਦੀ ਪਤਨੀ ਨਸੀਬ ਕੌਰ ਦਾ ਸਨਮਾਨ ਵੀ ਕੀਤਾ ਗਿਆ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ, ”ਮੈਂ ਅਕੈਡਮੀ ਦਾ ਧੰਨਵਾਦ ਕਰਦਾ ਹਾਂ ਜਿਸਨੇ ਸਾਡੇ ਪਿੰਡ ਦੇ ਲੋਕ ਕਵੀ ਸੰਤ ਰਾਮ ਉਦਾਸੀ ਬਾਰੇ ਸਾਡੇ ਪਿੰਡ ਆ ਕੇ ਉਨ੍ਹਾਂ ਦੀ ਮਹਾਨਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ।”
ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ਉਨ੍ਹਾਂ ਦੇ ਪੀਏ ਬਿੰਦਰ ਸਿੰਘ ਨੇ ਲਵਾਈ ਅਤੇ ਉਦਾਸੀ ਯਾਦਗਾਰੀ ਲਾਇਬਰੇਰੀ ਦਾ ਅਧੂਰਾ ਕਾਰਜ ਵੀ ਨੇਪਰੇ ਚਾੜ੍ਹਨ ਦਾ ਵਿਸ਼ਵਾਸ ਦਿਵਾਇਆ। ਪੰਚਾਇਤ ਵੱਲੋਂ ਬੁਲਾਰਿਆਂ ਅਤੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਪੰਜਾਬੀ ਲੇਖਕ ਸੁਰਜੀਤ ਸਿੰਘ ਦਿਹੜ, ਦਰਸ਼ਨ ਸਿੰਘ ਗੁਰੂ, ਪਵਨ ਪਰਿੰਦਾ, ਜਗਜੀਤ ਗੁਰਮ, ਲਛਮਣ ਦਾਸ ਮੁਸਾਫ਼ਿਰ, ਲੱਕੀ ਛੀਨੀਵਾਲ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਨੇਹ, ਬਲਵਿੰਦਰ ਸਿੰਘ ਠੀਕਰੀਵਾਲਾ, ਲੱਖਾ ਸਿੰਘ ਠੀਕਰੀਵਾਲਾ, ਮਾਲਵਿੰਦਰ ਸ਼ਾਇਰ, ਮੋਹਕਮ ਸਿੰਘ ਉਦਾਸੀ, ਜਗਤਾਰ ਜਜ਼ੀਰਾ, ਡਾ ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਲੇਖਕ ਵੀ ਹਾਜ਼ਰ ਸਨ।