ਪੁਲਿਸ ਵੱਲੋਂ ਇਲਾਕੇ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗਿਰੋਹ ਕਾਬੂ
ਚੰਡੀਗੜ੍ਹ 30 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਉੱਪ ਮੁੱਖ ਅਫਸਰ ਮੁੱਲਾਂਪੁਰ ਗਰੀਬਦਾਸ ਵਿਖੇ ਡੀ ਐੱਸ ਪੀ ਸ੍ਰੀ ਮੋਹਿਤ ਅਗਰਵਾਲ ਪੀ ਪੀ ਐਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਕੁਰਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਅਤੇ ਉਨ੍ਹਾਂ ਵੱਲੋਂ ਲੋਕਾਂ ਤੋਂ ਖੋਹੇ ਸੋਨੇ ਦੇ ਗਹਿਣੇ ਆਦਿ ਖਰੀਦਣ ਵਾਲੇ ਸੁਨਿਆਰ ਦੇ ਪੁਲਿਸ ਥਾਣਾ ਸਿਟੀ ਕੁਰਾਲੀ ਵੱਲੋਂ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਮਾਨਯੋਗ ਐਸ ਐਸ ਪੀ ਸ੍ਰੀ ਦੀਪਕ ਪਾਰਕ ਆਈ ਪੀ ਐਸ ਅਤੇ ਐਸ ਪੀ ਰੂਰਲ ਸ੍ਰੀ ਮਨਪ੍ਰੀਤ ਸਿੰਘ ਪੀ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਸਤਨਾਮ ਸਿੰਘ ਥਾਣਾ ਸਿਟੀ ਕੁਰਾਲੀ ਵੱਲੋਂ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਮੁਕੱਦਮਾ ਨੰਬਰ 75 ਮਿਤੀ 26-9- 2024 ਅ/ਧ 304(2)ਬੀ ਐਨ ਐਸ ਥਾਣਾ ਸਿਟੀ ਕੁਰਾਲੀ ਦੇ ਦੋਸ਼ੀ ਸਤਵਿੰਦਰ ਸਿੰਘ ਬਾਰੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਹ ਦੋਸ਼ੀ ਪਹਿਲਾ ਤੋਂ ਮੁਕਦਮਾ ਨੰਬਰ 149/2017 ਅ/ਧ 304 ਆਈ ਪੀ ਸੀ ਥਾਣਾ ਸਿਟੀ ਖਰੜ ਵਿੱਚ ਭਗੌੜਾ ਚੱਲ ਰਿਹਾ ਹੈ ਅਤੇ ਮੁਕੱਦਮਾ ਨੰ 53/2023 ਅ/ਧ 379 ਬੀ ਆਈ ਪੀ ਸੀ ਥਾਣਾ ਸਦਰ ਮੋਰਿੰਡਾ ਵਿਖੇ ਦਰਜ ਹੈ।
ਅੱਜ ਫੜੇ ਗਏ ਦੋਸ਼ੀਆਂ ਵਿੱਚ ਸਤਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸ਼ਾਹਪੁਰ, ਗੁਰਿੰਦਰਪਾਲ ਸਿੰਘ ਉਰਫ ਬਿੰਨੀ ਵਾਸੀ ਕੁਰਾਲੀ ਅਤੇ ਇਨ੍ਹਾਂ ਤੋਂ ਲੁੱਟਾਂ ਖੋਹਾਂ ਦੌਰਾਨ ਖੋਹੀਆਂ ਸੋਨੇ ਦੀਆਂ ਵਸਤਾਂ ਖਰੀਦਣ ਵਾਲੇ ਸੁਨਿਆਰ ਸੁਰਿੰਦਰ ਕੁਮਾਰ ਵਰਮਾ ਉਰਫ ਸੁੱਖੀ ਵਾਸੀ ਕੁਰਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰ 75 ਅ/ਧ 304(2) ਬੀ ਐੱਨ ਐੱਸ ਥਾਣਾ ਸਿਟੀ ਕੁਰਾਲੀ, ਮੁਕੱਦਮਾ ਨੰ 36/24 ਅ/ਧ 304(2) ਬੀ ਐੱਨ ਐੱਸ ਥਾਣਾ ਸਦਰ ਕੁਰਾਲੀ ਅਤੇ ਮੁਕੱਦਮਾ ਨੰ 70/24 ਅ/ਧ 304 ਬੀ ਐੱਨ ਐੱਸ ਥਾਣਾ ਮਾਜਰੀ ਵਿਖੇ ਦਰਜ ਹੈ। ਦੋਸ਼ੀਆਂ ਪਾਸੋਂ ਤਿੰਨ ਸੋਨੇ ਦੀਆਂ ਵਾਲੀਆਂ, ਇੱਕ ਬਜਾਜ ਕੰਪਨੀ ਦਾ ਮੋਟਰਸਾਈਕਲ ਨੰ ਪੀ ਬੀ 65 ਆਰ 2352 ਵੀ ਬ੍ਰਾਮਦ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।