ਸ਼ਿਵਾਲਿਕ’ ਪੰਜਾਬੀ ਮੈਗਜ਼ੀਨ ਦਾ ਤੀਜਾ ਅੰਕ ਹੋਇਆ ਰਿਲੀਜ਼ – ਜੇ.ਐੱਸ ਮਹਿਰਾ
ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਅਕਤੂਬਰ:
ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ. ਐੱਸ. ਮਹਿਰਾ ਦੀ ਮੁੱਖ ਸੰਪਾਦਨਾ ਹੇਠ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪੁਆਧ ਦੇ ਇਲਾਕੇ (ਜ਼ਿਲ੍ਹਾ ਮੋਹਾਲੀ) ਤੋਂ ਸ਼ੁਰੂ ਹੋਏ ‘ਸ਼ਿਵਾਲਿਕ’ ਨਾਂ ਦੇ ਮੈਗਜ਼ੀਨ (ਤ੍ਰੈੑੑਮਾਸਿਕ, ਪੁਸਤਕ ਲੜੀ) ਦਾ ਤੀਜਾ ਅੰਕ (ਅਕਤੂਬਰ ਦਸੰਬਰ 2024) ਰਿਲੀਜ਼ ਕੀਤਾ ਗਿਆ। ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸ਼ਿਵਾਲਿਕ’ ਦੇ ਸੰਪਾਦਕ ਜੇ.ਐਸ. ਮਹਿਰਾ ਨੇ ਕਿਹਾ ਕਿ ਇਸ ਮੈਗਜ਼ੀਨ ਦੇ ਪਹਿਲੇ ਦੋ ਅੰਕਾਂ ਦੇ ਮੁਕਾਬਲੇ ਇਸ ਤੀਸਰੇ ਅੰਕ ’ਚ ਹੋਰ ਵੀ ਵਧੇਰੇ ਨਿਖਾਰ ਆਇਆ ਹੈ।
ਸੰਪਾਦਕੀ ਮੰਡਲ ਦੀ ਟੀਮ ਦੀ ਮਿਹਨਤ ਸਦਕਾ ਮੈਗਜ਼ੀਨ ਦਾ ਸਾਰਾ ਸਾਹਿਤਕ ਮੈਟਰ ਕਾਬਲੇ ਤਾਰੀਫ ਹੈ। ਪੁਰਾਣੇ ਲੇਖਕਾਂ ਦੇ ਨਾਲ-ਨਾਲ ਨਵੇਂ ਲੇਖਕਾਂ ਨੂੰ ਵੀ ਇਸ ਵਿੱਚ ਥਾਂ ਦਿੱਤੀ ਗਈ ਹੈ। ਪਾਠਕਾਂ ਦੀ ਸਾਹਿਤਕ ਖੁਰਾਕ ਪੂਰੀ ਕਰਨ ਵਾਲਾ ਇਹ ਮੈਗਜ਼ੀਨ ਪੜ੍ਹਨ ਅਤੇ ਸਾਂਭਣਯੋਗ ਹੈ। ਮੁੱਖ ਸੰਪਾਦਕ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਇਸ ਮੈਗਜ਼ੀਨ ਦੇ ਮੈਂਬਰ ਬਣਿਆ ਜਾਵੇ ਤਾਂ ਜੋ ਸਾਰੇ ਰਲ-ਮਿਲ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੀਏ।
ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਨੂੰ ਜਰੂਰ ਪੜ੍ਹਿਆ ਜਾਵੇ ਤਾਂ ਜੋ ਲੇਖਕਾਂ ਦੀਆਂ ਰਚਨਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਸਕੇ ਅਤੇ ਇਸ ਨੂੰ ਹੋਰ ਵੀ ਵਧੇਰੇ ਵਧੀਆ ਬਣਾਉਣ ਲਈ ਉਸਾਰੂ ਸੁਝਾਅ ਵੀ ਦਿੱਤੇ ਜਾਣ। ਮੈਗਜ਼ੀਨ ਖਰੀਦਣ ਦੇ ਚਾਹਵਾਨ ਮੁੱਖ ਸੰਪਾਦਕ, ਪੰਜਾਬ ਬੁੱਕ ਸੈਂਟਰ 22 ਚੰਡੀਗੜ੍ਹ ਅਤੇ ਬੂਟਾ ਬੁੱਕ ਸੈਂਟਰ, ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਤੋਂ ਖਰੀਦ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੀਆਂ ਕੁੱਝ ਕਾਪੀਆਂ ਸਕੂਲਾਂ, ਕਾਲਜਾਂ ਅਤੇ ਹੋਰ ਜਨਤਕ ਲਾਈਬ੍ਰੇਰੀਆਂ ਨੂੰ ਮੁਫਤ ਦਿੱਤੀਆਂ ਜਾਣੀਆਂ ਹਨ, ਜਿਸ ਦੇ ਲਈ ਡਾਕ ਖਰਚਾ ਕੇਵਲ 22 ਰੁਪਏ ਲੈ ਕੇ ਮੈਗਜ਼ੀਨ ਰਜਿਸਟਰਡ ਡਾਕ ਰਾਹੀਂ ਭੇਜਿਆ ਜਾਵੇਗਾ। ਕਾਪੀ ਮੰਗਵਾਉਣ ਦੇ ਚਾਹਵਾਨ ਸਕੂਲ, ਕਾਲਜ ਜਾਂ ਹੋਰ ਕੋਈ ਲਾਇਬ੍ਰੇਰੀ ਦੇ ਅਹੁਦੇਦਾਰ ਮੁੱਖ ਸੰਪਾਦਕ ਦੇ ਮੇਬਾਇਲ ਨੰਬਰ 95924-30420 ਨੰਬਰ ’ਤੇ ਸੰਪਰਕ ਕਰ ਸਕਦੇ ਹਨ।