ਪੰਚਾਇਤੀ ਚੋਣਾਂ ਵਿੱਚ ਲੋਕ ਆਪਸੀ ਭਾਈਚਾਰਾ ਨਾ ਖਰਾਬ ਕਰਨ : ਸ਼ਰਮਾਂ/ ਨੰਬਰਦਾਰ
ਚੰਡੀਗੜ੍ਹ 2 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ – ਪਿੰਡ ਮਾਹੌਲ ਗਰਮ ਹੈ, ਪਿਛਲੇ ਕਈ ਦਿਨਾਂ ਤੋਂ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਜ਼ੋਰਾਂ ਤੇ ਹਨ। ਇਸ ਚੋਣਾਂ ਵਿੱਚ ਲੋਕ ਆਪਣੇ ਭਾਈਚਾਰੇ ਤੋਂ ਨਰਾਜ਼ ਹੁੰਦੇ ਵੀ ਦਿਖਾਈ ਦਿੰਦੇ ਹਨ, ਪਰ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਪੰਚਾਇਤੀ ਚੋਣਾਂ ਵਿੱਚ ਆਪਣਾ ਭਾਈਚਾਰਾ ਨਾ ਖਰਾਬ ਕੀਤਾ ਜਾਵੇ।
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਰਵੀ ਸ਼ਰਮਾ ਮੁੱਲਾਂਪੁਰ ਤੇ ਨੰਬਰਦਾਰ ਐਸੋਸੀਏਸ਼ਨ ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ ਨੇ ਸਾਂਝੇ ਤੌਰ ਤੇ ਕੀਤਾ ਹੈ। ਸ਼ਰਮਾਂ ਤੇ ਨੰਬਰਦਾਰ ਨੇ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਉੱਪਰ ਉੱਠਕੇ ਸਾਨੂੰ ਪਿੰਡ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ, ਕਿਉਂਕਿ ਕੋਈ ਵੀ ਸਰਕਾਰ ਪਿੰਡਾਂ ਤੋਂ ਹੀ ਸ਼ੁਰੂ ਹੁੰਦੀ ਹੈ। ਦੇਖਣ ਵਿੱਚ ਆ ਰਿਹਾ ਹੈ ਕਿ ਕੁਝ ਮਾੜੇ ਅਨਸਰਾਂ ਦੀ ਬਦੌਲਤ ਕਾਗਜ਼ ਭਰਨ ਵੇਲੇ ਲੜਾਈਆਂ ਹੋ ਰਹੀਆਂ ਹਨ, ਜੋ ਅਤਿ-ਨਿੰਦਣਯੋਗ ਹੈ।
ਰਵੀ ਸ਼ਰਮਾਂ ਤੇ ਰਾਜਕੁਮਾਰ ਸਿਆਲਬਾ ਨੇ ਜ਼ੋਰ ਦੇ ਕੇ ਕਿਹਾ ਕਿ ਆਪਾਂ ਸਾਰਿਆਂ ਨੇ ਪਿੰਡਾਂ ਵਿੱਚ ਰਹਿਣਾ ਹੈ। ਚੋਣਾਂ ਤਾਂ ਸਾਲ ਛੇ ਮਹੀਨੇ ਬਾਅਦ ਆਉਂਦੀਆਂ ਰਹਿੰਦੀਆਂ ਹਨ, ਸਾਨੂੰ ਸਿਰਫ ਵੋਟਾਂ ਪਿੱਛੇ ਆਪਣੇ ਭਰਾਵਾਂ ਨਾਲ ਮਨ-ਮੁਟਾਵ ਨਹੀਂ ਕਰਨਾ ਚਾਹੀਦਾ, ਸਗੋਂ ਇਕੱਠੇ ਹੋ ਕੇ ਪਿੰਡ ਦੇ ਵਿਕਾਸ ਅਤੇ ਬਿਹਤਰੀ ਲਈ ਇੱਕਜੁੱਟ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਅੱਡੋ-ਅੱਡ ਆਪਣੀ ਆਕੜ ਵਿੱਚ ਰਹੇ ਤਾਂ ਅਸੀਂ ਜਿੱਥੇ ਪਿੰਡ ਦੇ ਵਿਕਾਸ ਵਿੱਚ ਅੜਿੱਕਾ ਬਣਾਂਗੇ, ਉੱਥੇ ਸਿਆਸੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗੇ।
ਉਨ੍ਹਾਂ ਕਿਹਾ ਕਿ ਬਹੁਤ ਸਿਆਸੀ ਲੋਕ ਨਹੀਂ ਚਾਹੁੰਦੇ ਕਿ ਪਿੰਡਾਂ ਵਿੱਚ ਏਕਾ ਬਣਿਆ ਰਹੇ। ਇਸ ਕਰਕੇ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਸਾਨੂੰ ਪਿਆਰ ਭਾਵਨਾ ਨਾਲ ਪੰਚਾਇਤੀ ਚੋਣਾਂ ਲੜਨੀਆਂ ਚਾਹੀਦੀਆਂ ਹਨ, ਬਲਕਿ ਚਾਹੀਦਾ ਤਾਂ ਇਹ ਹੈ ਕਿ ਜੇਕਰ ਪਿੰਡਾਂ ਵਿੱਚ ਸੰਮਤੀ ਹੁੰਦੀ ਹੈ ਤਾਂ ਇਹ ਹੋਰ ਵੀ ਵਧੀਆ ਗੱਲ ਹੋਵੇਗੀ। ਇਨ੍ਹਾਂ ਸਮਾਜ ਸੇਵੀਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਛੋਟੀਆਂ-ਮੋਟੀਆਂ ਗੱਲਾਂ ਨੂੰ ਛੱਡਦੇ ਹੋਏ, ਭਾਈਚਾਰਕ ਸਾਂਝ ਦਾ ਸਬੂਤ ਦਿਓ ਤੇ ਸ਼ਾਂਤੀਪੂਰਨ ਢੰਗ ਨਾਲ਼ ਪੰਚਾਇਤੀ ਚੋਣਾਂ ਨੂੰ ਸਿਰੇ ਲਾਓ।