ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ:
ਬੰਦੇ ਦਾ ਰੱਬ ਨਾਲ਼ ਸ਼ਿਕਵਾ/ ਰਾਜ ਕਮਾਰ ਸਾਹੋਵਾਲ਼ੀਆ
ਯਮਰਾਜ ਜਦ ਲੈ ਕੇ ਤੁਰਿਆ, ਬੰਦਾ ਸੀ ਘਬਰਾਇਆ। ਧਰਮ ਰਾਜ ਦੇ ਪੇਸ਼ ਜਾ ਕੀਤਾ, ਲੇਖਾ ਝੱਟ ਵਿਖਾਇਆ।
ਹੋ ਹੈਰਾਨ ਬੰਦੇ ਨੇ ਪੁੱਛਿਆ, ਇਹ ਕੀ ਜ਼ੁਲਮ ਕਮਾਇਆ। ਆਪਣੇ ਕੋਲ਼ ਬੁਲਾਵਣ ਲੱਗਿਆਂ, ਮਿੰਟ ਤੁਸਾਂ ਨਾ ਲਾਇਆ।
ਮੈਨੂੰ ਤੁਸਾਂ ਚੇਤਾਵਨੀ ਵਾਲ਼ਾ, ਖਤ ਕੋਈ ਨਾ ਪਾਇਆ। ਸੁਣ ਕੇ ਗੱਲ ਬੰਦੇ ਦੀ ਯਾਰੋ, ਗੁੱਸਾ ਰੱਬ ਨੂੰ ਆਇਆ।
ਵਾਰ-ਵਾਰ ਤੈਨੂੰ ਘੱਲੇ ਸੁਨੇਹੇ, ਪਰ ਤੂੰ ਬਾਜ ਨਾ ਆਇਆ। ਪਹਿਲਾ ਸੁਨੇਹਾ ਤੈਨੂੰ ਉਦੋਂ ਭੇਜਿਆ, ਜਦ ਕਾਲ਼ਿਉਂ ਕੀਤੇ ਬੱਗੇ।
ਫਿਰ ਨਾ ਸਮਝਿਆ ਗਾਫਲ ਬੰਦੇ, ਭੱਜਿਆ ਅੱਗੇ-ਅੱਗੇ। ਫਿਰ ਸੁਣਨਾ ਤੇਰਾ ਘੱਟ ਸੀ ਕੀਤਾ, ਨਾਲ਼ੇ ਜੋਤ ਘਟਾਈ।
ਪਰ ਤੈਨੂੰ ਐ ਮੂਰਖ ਬੰਦੇ, ਸਮਝ ਰਤਾ ਨਾ ਆਈ। ਗੋਡੇ-ਮੋਢੇ ਦੁਖਣ ਲਾਏ, ਫਿਰ ਹੱਥਾਂ ਤਾਈਂ ਕੰਬਾਇਆ।
ਫਿਰ ਵੀ ਤੂੰ ਚੇਤੇ ਨਈਂ ਕੀਤਾ, ਹੋਰ ਈ ਪੀਹਣਾ ਪਾਇਆ। ਚੇਤੇ ਰੱਖਦਾ ਮਾਤ-ਲੋਕ ਜੇ, ਅੱਜ ਮਿਲ਼ਦੀ ਵਡਿਆਈ।
ਪਰ ਤੂੰ ਬੰਦਿਆ ਕੁੰਦਨ ਦੇਹੀ, ਘੱਟੇ ਵਿੱਚ ਰਲ਼ਾਈ। ਮੌਕਾ ਖੁੰਝਿਆਂ ਸਾਹੋਵਾਲ਼ੀਆ ਹੁੰਦੀ ਏ ਰੁਸਵਾਈ। ਜੱਗ ‘ਤੇ ਹੁੰਦੀ ਏ ਰੁਸਵਾਈ, ਸੱਜਣਾ ਹੁੰਦੀ ਏ ਰੁਸਵਾਈ।
ਰਾਜ ਕੁਮਾਰ ਸਾਹੋਵਾਲ਼ੀਆ