ਮਾਜਰਾ ਦੇ ਕੁਸ਼ਤੀ ਦੰਗਲ ‘ਚ ਮਿਰਜਾ ਇਰਾਨ ਨੇ ਝੰਡੀ ਪੱਟੀ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ:
ਛਿੰਝ ਕਮੇਟੀ ਪਿੰਡ ਮਾਜਰਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਗਜਾ ਪੀਰ ਦੇ ਸਾਲਾਨਾ ਮੇਲੇ ਮੌਕੇ ਕਰਵਾਏ 54ਵੇਂ ਕੁਸ਼ਤੀ ਦੰਗਲ ਵਿੱਚ ਪਹਿਲਵਾਨ ਮਿਰਜਾ ਇਰਾਨ ਤੇ ਭੁਪਿੰਦਰ ਅਜਨਾਲਾ ਦਰਮਿਆਨ 20 ਮਿੰਟ ਚੱਲੇ ਮੁਕਾਬਲੇ ‘ਚ ਮਿਰਜਾ ਇਰਾਨ ਜੇਤੂ ਰਿਹਾ। ਇਸੇ ਦੌਰਾਨ ਪਿੰਡ ਪਲਣਪੁਰ ਵਾਸੀਆਂ ਵੱਲੋਂ ਕਰਵਾਈ ਦੂਜੀ ਝੰਡੀ ਦੇ ਪਹਿਲਵਾਨ ਰਿਤਿਕ ਮੁੱਲਾਂਪੁਰ ਗਰੀਬਦਾਸ ਨੇ ਸੁਨੀਲ ਜੀਰਕਪੁਰ ਨੂੰ ਚਿੱਤ ਕੀਤਾ, ਜਦਕਿ ਪਹਿਲਵਾਨ ਜਤਿਨ ਮੁੱਲਾਂਪੁਰ ਨੇ ਪ੍ਰਮਿੰਦਰ ਤੇ ਰਾਹੁਲ ਕੰਸਾਲਾ ਨੇ ਸ਼ੈਰੀ ਨੂੰ ਚਿੱਤ ਕੀਤਾ।
ਇਸ ਤੋਂ ਇਲਾਵਾ ਪਹਿਲਵਾਨ ਅਮਰੀਕ ਪੜਛ ਤੇ ਨਿਆਜ ਮੁੱਲਾਂਪੁਰ ਤੇ ਯੋਗੇਸ਼ ਨਾਡਾ ਤੇ ਗਗਨ ਤੋਗਾਂ ਦਰਮਿਆਨ ਹੋਏ ਮੁਕਾਬਲੇ ਬਰਾਬਰ ਰਹੇ। ਪ੍ਰਬੰਧਕ ਮਨਜੀਤ ਸਿੰਘ ਮਾਨ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਜਗਦੇਵ ਸਿੰਘ, ਬਾਬਾ ਮੱਘਰ ਸਿੰਘ ਸਮੇਤ ਚੌਧਰੀ ਗੁਰਮੇਲ ਤੇ ਸਤਪਾਲ ਪਲਣਪੁਰ ਆਦਿ ਪਤਵੰਤੇ ਸੱਜਣਾਂ ਵੱਲੋਂ ਜੇਤੂ ਪਹਿਲਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਤੇ ਮੋਹਿਤ ਮਹਿੰਦਰਾ ਨੇ ਸਿਰਕਤ ਕਰਦਿਆਂ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।