ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਈ.ਟੀ.ਆਈਜ਼ ਨੂੰ ਸਕਿੱਲ ਸੈਂਟਰ ਆਫ਼ ਐਕਸੀਲੈਂਸ ਵਿੱਚ ਬਦਲਣ ਲਈ ਪਾਇਆ 10 ਕਰੋੜ ਰੁਪਏ ਦਾ ਯੋਗਦਾਨ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ:
ਤਕਨੀਕੀ ਸਿੱਖਿਆ ਰਾਹੀਂ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਹੁਨਰਾਂ ਨਾਲ ਮਾਹਿਰ ਬਣਾਉਣ ਅਤੇ ਪੰਜਾਬ ਵਿੱਚ 10,000 ਨੌਕਰੀਆਂ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪਹਿਲਕਦਮੀ ਵਜੋਂ, ਪੰਜਾਬ ਵਿੱਚ ਪੰਜ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਕਾਇਆ ਕਲਪ ਲਈ ਤਿਆਰ ਹਨ। ਇਹ ਸੰਸਥਾਵਾਂ ਸਾਲਾਨਾ 5000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਗੀਆਂ। ਇਸ ਤੋਂ ਇਲਾਵਾ ਡਾ. ਸਾਹਨੀ ਅੰਮ੍ਰਿਤਸਰ ਦੇ ਪਹਿਲਾਂ ਤੋਂ ਮੌਜੂਦ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ ਪਟਿਆਲਾ, ਜਲੰਧਰ ਅਤੇ ਲੁਧਿਆਣਾ ਵਿੱਚ 3 ਨਵੇਂ ਵਿਸ਼ਵ ਪੱਧਰੀ ਹੁਨਰ ਕੇਂਦਰਾਂ ਦੀ ਸਥਾਪਨਾ ਵੀ ਕਰ ਰਹੇ ਹਨ, ਜਿੱਥੇ 5000 ਤੋਂ ਵੱਧ ਨੌਜਵਾਨਾਂ ਨੂੰ ਸਾਲਾਨਾ ਮੁਫ਼ਤ ਹੁਨਰ ਸਿਖਲਾਈ ਅਤੇ ਨੌਕਰੀਆਂ ਮਿਲਣਗੀਆਂ।
ਅੱਜ, ਪੰਜਾਬ ਦੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੀ ਮੌਜੂਦਗੀ ਵਿਚ, ਡਾ. ਵਿਕਰਮਜੀਤ ਸਿੰਘ ਸਾਹਨੀ, ਪਦਮ ਸ਼੍ਰੀ ਸੰਸਦ ਮੈਂਬਰ, ਰਾਜ ਸਭਾ ਅਤੇ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦਰਮਿਆਨ ਇੱਕ ਸਮਝੌਤੇ ‘ਤੇ ਦਸਖਤ ਕੀਤੇ ਗਏ। ਸਮਝੌਤੇ ਅਨੁਸਾਰ ਡਾ. ਸਾਹਨੀ ਪੰਜ ਆਈ. ਟੀ ਆਈਜ਼ ਦੇ ਅਪਗ੍ਰੇਡੇਸ਼ਨ ਲਈ 10 ਕਰੋੜ ਰੁਪਏ ਦਾ ਯੋਗਦਾਨ ਪਾਉਣਗੇ। ਆਈ. ਟੀ ਆਈ. ਲੁਧਿਆਣਾ ਲਈ 2 ਕਰੋੜ, ਆਈ. ਟੀ ਆਈ ਪਟਿਆਲਾ ਲਈ 3 ਕਰੋੜ, ਮੋਹਾਲੀ ਆਈ. ਟੀ ਆਈ ਲਈ 1.5 ਕਰੋੜ, ਸੁਨਾਮ ਆਈ. ਟੀ ਆਈ ਲਈ 1.66 ਕਰੋੜ, ਅਤੇ ਆਈ. ਟੀ ਆਈ ਲਾਲੜੂ 2 ਕਰੋੜ ਰੁਪਏ ਦਿੱਤੇ ਜਾਣਗੇ।
ਡਾ. ਸਾਹਨੀ ਨੇ ਦੱਸਿਆ ਕਿ ਇਸ ਪਹਿਲਕਦਮੀ ਰਾਹੀਂ ਉਨ੍ਹਾਂ ਦਾ ਉਦੇਸ਼ ਅਤਿ ਆਧੁਨਿਕ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਰਾਹੀਂ ਇਨ੍ਹਾਂ ਸੰਸਥਾਵਾਂ ਨੂੰ ਹੁਨਰ ਕੇਂਦਰਾਂ ਵਿੱਚ ਤਬਦੀਲ ਕਰਨਾ ਹੈ। ਅਪਗ੍ਰੇਡੇਸ਼ਨ ਵਿੱਚ ਆਧੁਨਿਕ ਮਸ਼ੀਨਰੀ ਜਿਵੇਂ ਕਿ ਸੀਐਨਸੀ ਟਰਨਰ, ਰੋਬੋਟਿਕ ਵੈਲਡਰ, 3 ਡੀ ਪ੍ਰਿੰਟਰ, ਹੁਨਰ ਵਿਕਾਸ ਲੈਬਾਂ ਦੀ ਸਥਾਪਨਾ ਅਤੇ ਇਮਾਰਤਾਂ ਦਾ ਨਵੀਨੀਕਰਨ ਸ਼ਾਮਲ ਹੈ। ਇਸ ਤੋਂ ਇਲਾਵਾ ਇਹਨਾਂ ਕੇਂਦਰਾਂ ਨੂੰ ਸਥਾਨਕ ਉਦਯੋਗਾਂ ਨਾਲ ਜੋੜਿਆ ਜਾਵੇਗਾ, ਆਈ. ਟੀ ਆਈ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਅਪ੍ਰੈਂਟਿਸਸ਼ਿਪਾਂ ਲਈ ਇੱਕ ਮਜ਼ਬੂਤ ਉਦਯੋਗ-ਕਨੈਕਟ ਨੂੰ ਯਕੀਨੀ ਬਣਾਇਆ ਜਾਵੇਗਾ।
ਡਾ. ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਆਈ.ਟੀ.ਆਈਜ਼ ਹਰ ਸਾਲ ਪੰਜਾਬ ਦੇ ਨੌਜਵਾਨਾਂ ਨੂੰ 5000 ਨੌਕਰੀਆਂ ਪ੍ਰਦਾਨ ਕਰਨਗੀਆਂ, ਉਹ ਇਨ੍ਹਾਂ ਪੰਜਾਂ ਆਈ.ਟੀ.ਆਈਜ਼ ਦੇ ਨੇੜੇ ਸਥਾਨਕ ਉਦਯੋਗਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਇੰਸਟੀਚਿਊਟ ਮੈਨੇਜਮੈਂਟ ਕਮੇਟੀਆਂ ਦੀ ਮਦਦ ਨਾਲ ਪਲੇਸਮੈਂਟ ਲਈ ਇੱਕ ਮਜ਼ਬੂਤ ਉਦਯੋਗਿਕ ਸੰਪਰਕ ਹੋਵੇਗਾ। ਇਸ ਮੌਕੇ ਬੋਲਦਿਆਂ ਸ੍ਰੀ ਸਾਹਨੀ ਨੇ ਕਿਹਾ ਕਿ ਮੈਂ ਇਨ੍ਹਾਂ ਆਈ.ਟੀ.ਆਈਜ਼ ਨੂੰ ਉੱਤਮਤਾ ਦੇ ਕੇਂਦਰਾਂ ਵਿੱਚ ਅੱਪਗ੍ਰੇਡ ਕਰਨ ਲਈ ਵਚਨਬੱਧ ਹਾਂ ਜੋ ਨਾ ਸਿਰਫ਼ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਨਗੇ, ਬਲਕਿ ਹੁਨਰਮੰਦ ਨੌਜਵਾਨਾਂ ਅਤੇ ਉਹਨਾਂ ਉਦਯੋਗਾਂ ਵਿਚਕਾਰ ਇੱਕ ਪੁਲ ਦਾ ਕੰਮ ਵੀ ਕਰਨਗੇ, ਜਿਹਨਾਂ ਨੂੰ ਉਹਨਾਂ ਦੀ ਮੁਹਾਰਤ ਦੀ ਲੋੜ ਹੈ।
ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਡਾ. ਵਿਕਰਮਜੀਤ ਸਿੰਘ ਸਾਹਨੀ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਦਾ ਸਾਡੀਆਂ ਆਈ.ਟੀ.ਆਈਜ਼ ਨੂੰ ਹੁਨਰ ਵਿਕਾਸ ਦੇ ਆਧੁਨਿਕ ਹੱਬ ਵਿੱਚ ਬਦਲਣ ਵਿੱਚ ਸ਼ਾਨਦਾਰ ਯੋਗਦਾਨ ਹੈ। ਅਤਿ ਆਧੁਨਿਕ ਤਕਨਾਲੋਜੀ ਅਤੇ ਉਦਯੋਗਿਕ ਸਬੰਧਾਂ ਰਾਹੀਂ, ਇਹ ਸੈਂਟਰ ਆਫ਼ ਐਕਸੀਲੈਂਸ ਨਾ ਸਿਰਫ਼ ਸਾਡੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਗੇ ਬਲਕਿ ਸਥਾਨਕ ਉਦਯੋਗ ਵਿੱਚ ਹੁਨਰ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਨਗੇ, ਇਸ ਨਾਲ ਪੰਜਾਬ ਵਿੱਚ ਰੁਜ਼ਗਾਰ ਅਤੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।