ਸਵਰਗੀ ਸ਼ਾਇਰ, ਲੇਖਕ ਅਤੇ ਪ੍ਰਿੰਸੀਪਲ (ਡਾ.) ਰਤਨ ਚੰਦ ‘ਰਤਨ’ ਅੰਮ੍ਰਿਤਸਰੀ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 20ਵਾਂ ਸਮ੍ਰਿਤੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਮੋਹਾਲੀ ਵਿਖੇ ਕਰਵਾਇਆ ਗਿਆ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ:
ਸਵਰਗੀ (ਡਾ.) ਰਤਨ ਚੰਦ ‘ਰਤਨ’ ਅੰਮ੍ਰਿਤਸਰੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 20ਵਾਂ ਸਮ੍ਰਿਤੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਉਨ੍ਹਾਂ ਦੇ ਪਰਿਵਾਰ ਵੱਲੋਂ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਦੇ ਸਹਿਯੋਗ ਨਾਲ ਆਪਣੇ ਘਰ ਫੇਸ 4, ਮੋਹਾਲੀ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਅਦਬ ਦੀਆਂ ਉੱਘੀਆਂ ਹਸਤੀਆਂ ਨੇ ਸ਼ਮੂਲੀਅਤ ਕਰਕੇ ਡਾ. ਰਤਨ ਅੰਮ੍ਰਿਤਸਰੀ ਦੇ ਜੀਵਨ ਤੇ ਸਾਹਿਤਕ ਦੇਣ ਬਾਰੇ ਵਿਚਾਰ ਚਰਚਾ ਕੀਤੀ ਅਤੇ ਓੁਹਨਾਂ ਦੀਆਂ ਕਾਵਿ-ਕਿਰਤਾਂ ਦਾ ਪਾਠ/ਗਾਇਨ ਕੀਤਾ।
ਪੰਜਾਬੀ ਦੇ ਨਾਮਵਰ ਕਵੀ ਪ੍ਰਿੰਸੀਪਲ (ਡਾ.) ਰਤਨ ਚੰਦ ‘ਰਤਨ’ ਅੰਮ੍ਰਿਤਸਰੀ ਜਿਹੜੇ ਕਿ 01 ਅਗਸਤ 1915 ਨੂੰ ਪਿੰਡ ਬੱਗਾ ਸ਼ੀਨਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਡਿਤ ਸੁੰਦਰ ਦਾਸ ਜੀ ਦੇ ਘਰ ਪੈਦਾ ਹੋਏ ਸਨ। ਉਨ੍ਹਾਂ ਨੇ 1951 ਵਿਚ ਗਿਆਨੀ ਪਾਸ ਕੀਤੀ ਤੇ ਫਿਰ ਬੀ. ਏ. ਤੱਕ ਫਾਰਸੀ ਪੜ੍ਹੀ। ਉਸ ਤੋਂ ਬਾਅਦ ਐਮ. ਏ. ਪੰਜਾਬੀ ਅਤੇ ਅੰਗਰੇਜੀ ਕੀਤੀ। ਇਸ ਤੋਂ ਇਲਾਵਾ ਡਾਕਟਰੀ (ਐਮ.ਬੀ.) ਹੋਮੀਓ ਅਤੇ ਹਾਜ਼ਿਕ ਉਲ ਅਤਿੱਬਾ (ਆਯੁਰਵੇਦਿਕ ਤੇ ਯੁਨਾਨੀ) ਦੀ ਡਿਗਰੀ ਵੀ ਪ੍ਰਾਪਤ ਕੀਤੀ।
ਕਿੱਤੇ ਵਜੋਂ ਆਪ ਹਿੰਦੂ ਕਾਲਜ, ਸੁਨਾਮ ਤੋਂ ਪ੍ਰਿੰਸੀਪਲ ਰਿਟਾਇਰ ਹੋਏ ਸਨ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਡਾਕਟਰ (ਹੋਮਿਓਪੈਥਕ) ਦੀ ਪ੍ਰੈਕਟਿਸ ਵੀ ਕੀਤੀ। ਉਨ੍ਹਾਂ ਨੇ ਸੰਨ 1947 ’ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਪੰਜਾਬੀ ਸਾਹਿਤ ਕਈ ਵੰਨਗੀਆਂ (ਕਵਿਤਾ, ਲੇਖ, ਕਹਾਣੀਆਂ, ਰੁਬਾਈ, ਅਤੇ ਇਕਾਗੀ ਆਦਿ ’ਤੇ ਸੱਤ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। ਲੇਕਿਨ ਸਤੰਬਰ 2004 ਨੂੰ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ।
ਸਵਰਗੀ ਰਤਨ ਅੰਮ੍ਰਿਤਸਰੀ ਦਾ ਪੂਰਾ ਨਾਂ ਡਾ. ਰਤਨ ਚੰਦ ਸੀਧਰ ਸੀ। ਲੇਕਿਨ ਉਨ੍ਹਾਂ ਦਾ ਪਰਿਵਾਰ ਆਪਣੇ ਜੱਦੀ ਪਿੰਡ ਬੱਗਾ ਸ਼ੀਨਾ ਤੋਂ ਸੁਲਤਾਨਵਿੰਡ, ਅੰਮ੍ਰਿਤਸਰ ਆ ਕੇ ਵੱਸਣ ਕਰਕੇ ਉਹ ਆਪਣਾ ਕਲਮੀ ਨਾਂ (ਡਾ.) ਰਤਨ ਚੰਦ ‘ਰਤਨ’ ਅੰਮ੍ਰਿਤਸਰੀ ਲਿਖਦੇ ਸਨ। ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਨੂੰ ਇਸੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਸੀ। ਅੰਮ੍ਰਿਤਸਰ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਹਿਲਾਂ ਚੰਡੀਗੜ੍ਹ ਦੇ ਸੈਕਟਰ 22 ਵਿਖੇ ਲੇਕਿਨ ਫਿਰ ਕੁੱਝ ਅਰਸੇ ਪਿੱਛੋਂ ਮੋਹਾਲੀ ਦੇ ਫੇਸ 4 ਵਿਖੇ ਸੈਟਲਡ ਹੋ ਗਿਆ ਸੀ। ਉਨ੍ਹਾਂ ਦੇ ਦੋਵੇਂ ਸਪੁੰਤਰ ਡਾ. ਏ. ਕੇ. ਸ਼ਰਮਾ ਅਤੇ ਡਾ. ਵੀ. ਕੇ. ਸ਼ਰਮਾ ਜਿਹੜੇ ਕਿ ਪੇਸ਼ੇ ਵਜੋਂ ਦੋਵੇਂ ਡਾਕਟਰ (ਹੋਮਿਓਪੈਥਕ) ਹਨ ਅਤੇ ਮੋਹਾਲੀ ਵਿਖੇ ਰਹਿ ਰਹੇ ਹਨ। ਸਵਰਗੀ ਰਤਨ ਅੰਮ੍ਰਿਤਸਰੀ ਦੀ ਇੱਕ ਸਪੁੱਤਰੀ ਵੀ ਹੈ ਜਿਹੜੀ ਕਿ ਸ਼ਾਦੀ ਸ਼ੁਦਾ ਹੈ।
ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਡਾ. ਏ. ਕੇ. ਸ਼ਰਮਾ ਅਤੇ ਡਾ. ਵੀ. ਕੇ. ਸ਼ਰਮਾ ਮੋਹਾਲੀ ਉਨ੍ਹਾਂ ਦੀ ਯਾਦ ’ਚ ਹਰ ਸਾਲ ਸਮ੍ਰਿਤੀ ਕਵੀ ਦਰਬਾਰ ਕਰਵਾਉਂਦੇ ਹਨ। ਅੱਜ ਫਿਰ ਉਨ੍ਹਾਂ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 20ਵਾਂ ਸਮ੍ਰਿਤੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ, ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਦੇ ਸਹਿਯੋਗ ਨਾਲ ਮੋਹਾਲੀ ਵਿਖੇ ਕਰਵਾਇਆ ਗਿਆ, ਵਿੱਚ ਪੰਜਾਬੀ ਦੇ ਨਾਮਵਰ ਸ਼ਾਇਰ ਸ਼੍ਰੀ ਬੀ ਡੀ ਕਾਲੀਆ ਹਮਦਮ, ਭਗਤ ਰਾਮ ਰੰਗਾੜਾ, ਮਨਮੋਹਨ ਸਿੰਘ ਦਾਊਂ, ਸੁਨੀਲ ਕੁਮਾਰ, ਕਮਲ ਅਰੋੜਾ, ਨੀਲਮ ਬਚਨ, ਡਾ ਪੰਨਾ ਲਾਲ ਮੁਸਤਫਾਬਾਦੀ, ਰਣਜੋਧ ਸਿੰਘ ਰਾਣਾ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਬਹਾਦਰ ਸਿੰਘ ਗੋਸਲ, ਸੁਧਾ ਜੈਨ ਸੁਦੀਪ, ਕਰਨਲ ਜਸਬੀਰ ਭੁੱਲਰ, ਡਾ. ਨਿਰਮਲ ਸੂਦ, ਨੀਲਮ ਵਰਮਾ, ਐਸ. ਕੇ. ਵਰਮਾ, ਵਿਕਰਮ ਜੀਤ ਕੌਰ, ਮੋਹਣ ਬੀਰ ਸਿੰਘ ਸ਼ੇਰਗਿੱਲ, ਕਸ਼ਮੀਰ ਘੇਸਲ, ਮਲਕੀਤ ਔਜਲਾ, ਜਤਿੰਦਰ ਵਰਮਾ, ਮਲਕੀਅਤ ਬਸਰਾ, ਜਸਪਾਲ ਦੇਸੂਵੀ, ਬਾਬੂ ਰਾਮ ਦੀਵਾਨਾ ਅਤੇ ਸੰਤੋਸ਼ ਗਰਗ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਜ਼ਿਆਦਾਤਰ ਸ਼ਾਇਰਾਂ ਨੇ ਸਵਰਗੀ ਰਤਨ ਅੰਮ੍ਰਿਤਸਰੀ ਦੀਆਂ ਰਚਨਾਵਾਂ ਨੂੰ ਹੀ ਪੇਸ਼ ਕਰਨ ਦੀ ਪ੍ਰਾਥਮਿਕਤਾ ਦਿਖਾਈ।
ਇਸ ਲਈ ਪੂਰਾ ਸਮਾਗਮ ਉਨ੍ਹਾਂ ਦੀ ਯਾਦ ’ਤੇ ਹੀ ਕੇਂਦਰਿਤ ਹੋ ਕੇ ਬੜੇ ਵਧੀਆ ਤਰੀਕੇ ਨਾਲ ਸਫਲ ਹੋਇਆ। (ਡਾ.) ਰਤਨ ਚੰਦ ‘ਰਤਨ’ ਅੰਮ੍ਰਿਤਸਰੀ ਦੇ ਸਪੁੱਤਰਾਂ ਵੱਲੋਂ ਆਪਣੇ ਘਰ ਕਰਵਾਏ ਗਏ ਇਸ ਸਮਾਗਮ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈੱਬਰ, ਰਿਸ਼ਤੇਦਾਰਾਂ ਤੋਂ ਹੋਰ ਲੇਖਕਾਂ ਵਿੱਚ ਗੁਰਮੀਤ ਸਿੰਗਲ, ਰਾਜ ਕੁਮਾਰ ਸਾਹੋਵਾਲੀਆ ਅਤੇ ਰਤਨ ਬਾਬਕਵਾਲਾ ਆਦਿ ਹਾਜ਼ਰ ਸਨ।
ਇਥੇ ਇਹ ਵਰਣਨਯੋਗ ਹੈ ਕਿ (ਡਾ.) ‘ਰਤਨ’ ਅੰਮ੍ਰਿਤਸਰੀ ਸਾਹਿਤਕਾਰ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੀ ਸਨ। ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਨੂੰ ਦੇਖਦੇ ਹੋਏ ਕਈ ਧਾਰਮਿਕ, ਸਾਹਿਤਕ, ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਹਰਿਆਣਾ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਸਨਮਾਨ ਮਿਲ ਚੁੱਕੇ ਹਨ। ਮੋਹਾਲੀ ਵਿਖੇ ਹੋਏ ਸਮਾਗਮ ਦੌਰਾਨ ਸਾਰੇ ਲੇਖਕਾਂ ਨੇ (ਡਾ.) ‘ਰਤਨ’ ਅੰਮ੍ਰਿਤਸਰੀ ਦੇ ਪਰਿਵਾਰ ਦੀ ਪ੍ਰਸੰਸਾ ਕੀਤੀ ਕਿ ਉਹ ਆਪਣੇ ਪਿਤਾ ਜੀ ਦੀ ਯਾਦ ’ਚ ਲਗਾਤਾਰ ਪਿਛਲੇ 20 ਸਾਲ ਤੋ ਸ਼ਰਧਾਂਜਲੀ ਸਮਾਗਮ ਕਰਵਾਉਂਦੇ ਰਹਿੰਦੇ ਹਨ।
ਮੰਚ ਸੰਚਾਲਕ ਦੀ ਭੂਮਿਕਾ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਦੇ ਪ੍ਰਧਾਨ ਸ਼੍ਰੀ ਬਾਬੂ ਰਾਮ ਦੀਵਾਨਾ ਵੱਲੋਂ ਬਹੁਤ ਹੀ ਪਿਆਰ, ਸਤਿਕਾਰ ਅਤੇ ਠਰੰਮੇ ਨਾਲ ਚਲਾਈ ਗਈ। ਸ਼ਾਇਰਾਂ ਅਤੇ ਦੂਜੇ ਲੇਖਕਾਂ ਨੂੰ ਸਨਮਾਨ ਵੀ ਦਿੱਤੇ ਗਏ। ਇਸ ਸਮਾਗਮ ਦੀ ਰਿਕਾਰਡਿੰਗ ‘ਸਾਹਤਿਕ ਸਾਂਝ’ ਚੈਨਲ ਵੱਲੋਂ ਕੀਤੀ ਗਈ।
ਜਸਵਿੰਦਰ ਸਿੰਘ ਕਾਈਨੌਰ