www.sursaanjh.com > ਅੰਤਰਰਾਸ਼ਟਰੀ > ਡਾ. ਰਤਨ ਅੰਮ੍ਰਿਤਸਰੀ ਦੇ 20ਵੇਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਤੇ ਸਨਮਾਨ ਸਮਾਗਮ ਸੰਪੰਨ

ਡਾ. ਰਤਨ ਅੰਮ੍ਰਿਤਸਰੀ ਦੇ 20ਵੇਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਤੇ ਸਨਮਾਨ ਸਮਾਗਮ ਸੰਪੰਨ

ਡਾ. ਰਤਨ ਅੰਮ੍ਰਿਤਸਰੀ ਦੇ 20ਵੇਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਤੇ ਸਨਮਾਨ ਸਮਾਗਮ ਸੰਪੰਨ
ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਕੌਰ ਸ਼ੇਰਗਿੱਲ), 4 ਅਕਤੂਬਰ:
ਮਹਾਨ ਸਮਾਜ ਸੇਵੀ, ਪਰ-ਉਪਕਾਰੀ, ਲੋੜਵੰਦਾਂ-ਦੁੱਖੀਆਂ ਦੇ ਦਰਦੀ, ਉਸਾਰੂ ਅਗਾਂਹਵਧੂ ਤੇ ਸਿੱਖਿਆ ਭਰਪੂਰ ਵਿਚਾਰਾਂ ਦੇ ਮਾਲਕ ਮਹਾਨ ਕਵੀ ਮਰਹੂਮ ਡਾ. ਰਤਨ ਚੰਦ ਰਤਨ ਅੰਮ੍ਰਿਤਸਰੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 20ਵਾਂ ਸਮ੍ਰਿਤੀ ਸਮਾਗਮ ਕੋਠੀ ਨੰ:349, ਫੇਜ਼-4, ਮੋਹਾਲੀ ਵਿਖੇ ਉਨ੍ਹਾਂ ਦੇ ਆਗਿਆਕਾਰੀ ਸਪੁੱਤਰਾਂ ਡਾ. ਅਸ਼ਵਨੀ ਕੁਮਾਰ ਸ਼ਰਮਾ, ਡਾ. ਵਿਜੇ ਕੁਮਾਰ ਸ਼ਰਮਾ ਅਤੇ ਸਾਰੇ ਪਰਿਵਾਰ ਵੱਲੋਂ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੁਹਾਲੀ ਦੇ ਸਹਿਯੋਗ ਨਾਲ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸ਼੍ਰੋਮਣੀ ਸਾਹਿਤਕਾਰ ਪ੍ਰੋ. ਮਨਮੋਹਨ ਸਿੰਘ ਦਾਊਂ ਸਮਾਗਮ ਦੇ ਪ੍ਰਧਾਨ, ਸ਼੍ਰੀ ਬੀ.ਡੀ. ਕਾਲੀਆ ਹਮਦਮ ਮੁੱਖ ਮਹਿਮਾਨ, ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ, ਸ਼੍ਰੀ ਐਮ.ਬੀ.ਐਸ. ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੈਕਟਰ-69 ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਬਿਰਾਜਮਾਨ ਸਨ। ਪ੍ਰਧਾਨਗੀ ਮੰਡਲ ਦੁਆਰਾ ਸ਼ਮ੍ਹਾ ਰੌਸ਼ਨ ਕੀਤੇ ਜਾਣ ਉਪਰੰਤ ਮੰਚ ਦੀ ਜਨਰਲ ਸਕੱਤਰ ਸੁਧਾ ਜੈਨ ਸੁਦੀਪ ਨੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ। ਡਾ. ਰਤਨ ਦੀ ਨੂੰਹ ਰਾਣੀ ਪ੍ਰੇਮ ਲਤਾ ਸ਼ਰਮਾ ਨੇ ਸਵਾਗਤੀ ਸ਼ਬਦ ਆਖੇ।
ਮੰਚ ਦੇ ਪ੍ਰਧਾਨ ਤੇ ਸੰਚਾਲਕ ਬਾਬੂ ਰਾਮ ਦੀਵਾਨਾ ਨੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸ਼ਖਸ਼ੀਅਤਾਂ ਦੀ ਜਾਣ-ਪਛਾਣ ਕਰਵਾਈ। ਕਵੀ ਮੰਚ ਦੇ ਪ੍ਰਧਾਨ ਸ਼੍ਰੀ ਭਗਤ ਰਾਮ ਰੰਗਾੜਾ ਨੇ ਡਾ. ਰਤਨ ਜੀ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ ਸੰਖੇਪ ਰੂਪ ਵਿੱਚ ਚਾਨਣਾ ਪਾਇਆ। ਉਪਰੰਤ ਹਾਜ਼ਰ ਕਵੀ/ਕਵਿਤ੍ਰੀਆਂ ਨੇ ਡਾ. ਰਤਨ ਜੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਜਿਸ ਵਿੱਚ ਜਸਵਿੰਦਰ ਕਾਈਨੋਰ ‘ਕੁਰਾਹੇ’ ਕਵਿਤਾ ਪੇਸ਼ ਕਰਦਿਆਂ ਆਖਿਆ ‘ਕੀ ਮੰਜ਼ਿਲ ਹੈ ਤੇਰੀ ਕਿੱਧਰ ਜਾ ਰਿਹਾ ਹੈ?’, ਪਿਆਰਾ ਸਿੰਘ ਨੇ ‘ਮਹਿਕ’ ਗੀਤ ਬਾਤਰੰਨੁਮ ਪੇਸ਼ ਕੀਤਾ, ਮਲਕੀਤ ਬਸਰਾ ਨੇ ‘ਪਰਿਵਾਰਕ ਸਾਂਝ’ ਕਵਿਤਾ ਰਾਹੀਂ ਪਰਿਵਾਰਕ ਇਕਸੁਰਤਾ ਦੀ ਮਹੱਤਤਾ ਦਰਸਾਈ, ਕਸ਼ਮੀਰ ਘੇਸਲ ਨੇ ‘ਆਗਿਆਕਾਰੀ’ ਕਵਿਤਾ ਪੇਸ਼ ਕੀਤੀ ਤੇ ਸੰਤੋਸ਼ ਗਰਗ ਦੀ ਕਵਿਤਾ ਦੇ ਬੋਲ ਸਨ ‘ਜੇਕਰ ਜਗ ਵਿੱਚ ਪਿਆਰ ਨਾ ਹੁੰਦਾ’, ਡਾ. ਪੰਨਾ ਲਾਲ ਮੁਸਤਫ਼ਾਬਾਦੀ ਨੇ ‘ਮੰਡਲ ਤੇ ਤਾਰੇ’ ਕਵਿਤਾ ਰਾਹੀਂ ਕਵੀ ਮੰਡਲ ਦੇ ਮੈਂਬਰਾਂ ਦੀ ਯਾਦ ਦਿਵਾਈ, ਨੀਲਮ ਬਚਨ ਨੇ ‘ਪ੍ਰੀਤਮ ਬੋਲ ਤੂੰ ਮਿੱਠੜੇ ਬੋਲ’ ਗਾ ਕੇ ਸਮਾਂ ਬੰਨ੍ਹ ਦਿੱਤਾ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ‘ਪਾਰਸ ਰਾਜਾ’ ਕਵਿਤਾ ਪੇਸ਼ ਕੀਤੀ। ਡਾ. ਨਿਰਮਲ ਸੂਦ ਨੇ ਹਿੰਦੀ ਕਵਿਤਾ ਰਾਹੀਂ ਪਿਤਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਚੰਡੀਗੜ੍ਹ ਵਸਾਉਣ ਲਈ 28 ਪਿੰਡਾਂ ਦੇ ਕੀਤੇ ਗਏ ਉਜਾੜੇ ਦੀ ਦਰਦ ਕਹਾਣੀ ਗੀਤ ਰਾਹੀਂ ਪੇਸ਼ ਕੀਤੀ। ਰਣਜੋਧ ਰਾਣਾ ਨੇ ਗੀਤ ਰਾਹੀਂ ਸੁੰਦਰ ਹਾਜ਼ਰੀ ਲਵਾਈ। ਵਿਮਲਾ ਗੁਗਲਾਨੀ ਨੇ ‘ਕੀ ਜ਼ਰੂਰੀ ਹੈ’ ਕਾਵਿਤਾ ਰਾਹੀਂ ਵਧੀਆ ਸ਼ਰਧਾਂਜਲੀ ਭੇਂਟ ਕੀਤੀ। ਜਤਿੰਤਰ ਵਰਮਾ ਨੇ ‘ਮੰਜ਼ਿਲ’ ਕਵਿਤਾ ਪੇਸ਼ ਕੀਤੀ। ਇਨ੍ਹਾਂ ਤੋਂ ਛੁਟ ਜਤਿੰਦਰ ਵਰਮਾ, ਕਿਰਨ ਸੇਤੀਆ, ਬਾਬੂ ਰਾਮ ਦੀਵਾਨਾ, ਕੂਵਮ ਭਾਰਦਵਾਜ (ਡਾ. ਰਤਨ ਜੀ ਦੀ ਪੜ੍ਹਦੋਹਤੀ) ਗੁਰਪ੍ਰੀਤ ਨਿਆਮੀਆਂ, ਰਾਜ ਕੁਮਾਰ ਸਾਹੋਵਾਲੀਆਂ ਆਦਿ ਨੇ ਵੀ ਕਾਵਿਕ ਹਾਜ਼ਰੀ ਲੁਆਈ।
ਸ਼੍ਰੀ ਬੀ.ਡੀ. ਕਾਲੀਆ ਹਮਦਮ ਨੇ ਡਾ. ਰਤਨ ਅੰਮ੍ਰਿਤਸਰੀ ਨਾਲ ਆਪਣੀ ਤੀਹ ਸਾਲ ਪੁਰਾਣੀ ਸਾਂਝ ਤਾਜ਼ਾ ਕਰਦਿਆਂ ਉਨ੍ਹਾਂ ਦੀ ਸਾਦ ਮੁਰਾਦੀ ਸ਼ਾਇਰੀ ਦੀ ਸਿਫ਼ਤ ਕਰਦਿਆਂ, ਇੱਕ ਪੁਰਾਣਾ ਯਾਦਗਾਰੀ ਪੱਤਰ ਉਨ੍ਹਾਂ ਦੇ ਪੁੱਤਰਾਂ ਨੂੰ ਸੌਂਪਿਆ। ਸ. ਜਸਪਾਲ ਸਿੰਘ ਦੇਸੂਵੀ ਨੇ ਕਿਹਾ ‘ਚੰਗੀ ਰੂਹ ਨੂੰ ਯਾਦ ਕਰਨਾ ਇੱਕ ਚੰਗੀ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ’ ਅਤੇ ਕਿਹਾ ਜਦੋਂ ਤੋਂ ਦੂਰ ਹੋਇਆ ਹਾਂ ਬੜਾ ਮਜ਼ਬੂਰ ਹੋਇਆ ਹਾਂ ਅਤੇ ‘ਨਹੀਂ ਲੱਗਦਾ ਦਿਲ ਮੇਰਾ ਦਿਲਦਾਰ ਦੇ ਬਾਝੋਂ।’ ਐਸ.ਕੇ. ਵਰਮਾ  ਨੇ ਡਾ. ਰਤਨ ਦੀ ਹਾਂ-ਪੱਖੀ ਸੋਚ ਦੀ ਗੱਲ ਕੀਤੀ। ਮੋਹਨਬੀਰ ਸਿੰਘ ਸ਼ੇਰਗਿੱਲ ਜੀ ਨੇ ਕਿਹਾ ਕਿ ਸ਼ਰਮਾ ਪਰਿਵਾਰ ਦੁਆਰਾ 20 ਸਾਲਾ ਡਾ. ਰਤਨ ਸਮ੍ਰਿਤੀ ਸਮਾਰੋਹ ਮਨਾਇਆ ਜਾਣਾ ਅਜੋਕੇ ਸਮੇਂ ਲਈ ਸ਼ੁੱਭ ਸੰਦੇਸ਼ ਹੈ। ਕਰਨਲ ਜਸਬੀਰ ਭੁੱਲਰ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਫੁਰਮਾਇਆ ‘ਤੇਰੇ ਜਿਸਮ ਨੂੰ ਛੂਹ ਕੇ ਮੈਂ ਇਹ ਮਹਿਸੂਸ ਕਰਦਾ ਹਾਂ, ਕਿ ਸੂਰਜ ਹੱਥਾਂ ਵਿੱਚ ਫੜ੍ਹਨਾ ਕੋਈ ਮੁਸ਼ਕਿਲ ਨਹੀਂ ਹੁੰਦਾ।’
ਪ੍ਰੋ. ਮਨਮੋਹਨ ਸਿੰਘ ਦਾਊਂ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਸਾਰੇ ਪ੍ਰੋਗਰਾਮ ਨੂੰ ਇੱਕ ਸਫਲ ਸ਼ਰਧਾਂਜਲੀ ਸਮਾਗਮ ਵਜੋਂ ਗਰਦਾਨਿਆ ਅਤੇ ਇਸ ਗੱਲੋਂ ਖੁਸ਼ੀ ਦਰਸਾਈ ਕਿ ਇਹ ਪਰਿਵਾਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਅਤੇ ਪ੍ਰੇਰਨਾ ਭਰਪੂਰ ਹੈ। ਇਸ ਮੌਕੇ ਸੁਨੀਲ ਕੁਮਾਰ, ਕਮਲ ਅਰੋੜਾ, ਰਤਨ ਬਾਬਕਵਾਲਾ, ਗੁਰਮੀਤ ਸਿੰਗਲ, ਅਨਿਤਾ ਸ਼ਰਮਾ, ਡਾ. ਏਨਾ ਸ਼ਰਮਾ ਆਦਿ ਹਾਜ਼ਰ ਸਨ। ਪਰਿਵਾਰ ਵੱਲੋਂ ਪ੍ਰਧਾਨਗੀ ਮੰਡਲ ਨੂੰ ਲੋਈਆਂ ਭੇਂਟ ਕੀਤੀਆਂ ਗਈਆਂ ਅਤੇ ਵਾਤਾਵਰਨ ਦੀ ਸੰਭਾਲ ਵਜੋਂ ਸਮੂਹ ਹਾਜ਼ਰੀਨ ਨੂੰ ਪੌਦ-ਗਮਲੇ ਭੇਂਟ ਕੀਤੇ ਗਏ। ਪਰਿਵਾਰਕ ਮੈਂਬਰਾਂ ਨੇ ਸਮੂਹ ਹਾਜ਼ਰੀਨ ਨੂੰ ਚਾਹ-ਪਾਣੀ ਦੀ ਸੇਵਾ ਕਰਕੇ ਸ਼ੁੱਭ ਅਸੀਸਾਂ ਲਈਆਂ। ਡਾ. ਰਤਨ ਜੀ ਦੇ ਵੱਡੇ ਸਪੁੱਤਰ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਬਾਬੂ ਰਾਮ ਦੀਵਾਨਾ ਨੇ ਇਸ ਸਮਾਗਮ ਦੀ ਸਾਰੀ ਕਾਰਵਾਈ ਬਾਖੂਬੀ ਚਲਾਈ।

Leave a Reply

Your email address will not be published. Required fields are marked *