www.sursaanjh.com > ਅੰਤਰਰਾਸ਼ਟਰੀ > ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ  ਸੰਸਕਰਣ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਨੂੰ ਭੇਟ

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ  ਸੰਸਕਰਣ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਨੂੰ ਭੇਟ

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ  ਸੰਸਕਰਣ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਨੂੰ ਭੇਟ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਕਤੂਬਰ:
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ ਐਡੀਸ਼ਨ ਬਰਨਾਲਾ ਵੱਸਦੇ ਉੱਘੇ ਲੇਖਕ ਬੂਟਾ ਸਿੰਘ ਚੌਹਾਨ ਨੂੰ ਭੇਟ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ  ਗੈਰ ਰਸਮੀ ਮੀਟਿੰਗ ਦੌਰਾਨ ਇਹ ਪੁਸਤਕ ਉਨ੍ਹਾਂ ਨੂੰ ਭੇਟ ਕੀਤੀ ਗਈ।
ਪੁਸਤਕ  ਬਾਰੇ  ਪ੍ਰੋ. ਕੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਿਤਾਬ ਦੇ ਏਧਰ ਗੁਰਮੁਖੀ ਅੱਖਰਾਂ ਵਿੱਚ 2016 ਤੇ 2017 ਵਿੱਚ ਦੋ ਸੰਸਕਰਣ ਛਪ ਚੁੱਕੇ ਹਨ।
ਪ੍ਰੋ. ਗਿੱਲ ਨੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਦਸ ਕਿਤਾਬਾਂ ਸ਼ਾਹਮੁਖੀ ਵਿੱਚ ਅਤੇ ਦਸ ਕਿਤਾਬਾਂ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਏਧਰ ਛਪ ਚੁਕੀਆਂ ਹਨ। ਇਨ੍ਹਾਂ ਵਿੱਚੋਂ ਹਬੀਬ ਜਾਲਿਬ, ਤਾਹਿਰਾ ਸਰਾ, ਬੁਸ਼ਰਾ ਨਾਜ਼, ਸਗੀਰ ਤਬੱਸਮ, ਡਾ. ਸੁਗਰਾ ਸੱਦਫ ਤੇ ਬੁਸ਼ਰਾ ਐਜਾਜ ਦੀਆਂ ਕਿਤਾਬਾਂ ਮਹੱਤਵਪੂਰਨ ਹਨ। ਇੱਕ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਗ਼ਜ਼ਲ ਗੁਲਜ਼ਾਰ ਵਾਘਿਉਂ ਪਾਰ ਆਪਣੀ ਆਵਾਜ਼ ਪ੍ਰਕਾਸ਼ਨ  ਜਲੰਧਰ ਵੱਲੋਂ ਪ੍ਰਕਾਸ਼ਿਤ ਕਰਵਾਇਆ ਜਾ ਚੁਕਾ ਹੈ ਜਿਸ ਵਿੱਚ 101 ਗ਼ਜ਼ਲਕਾਰ ਸ਼ਾਮਿਲ ਹਨ। ਤ੍ਰੈਲੋਚਨ ਲੋਚੀ ਦਾ ਗ਼ਜ਼ਲ ਸੰਗ੍ਰਹਿ “ਦਿਲ ਦਰਵਾਜ਼ੇ” ਸ਼ਾਹਮੁਖੀ ਵਿੱਚ ਛਪਾਈ ਅਧੀਨ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਮਿਰਗਾਵਲੀ ਦੇ ਸ਼ਾਹਮੁਖੀ ਸਰੂਪ ਨੂੰ। ਸ਼ੇਖੂਪੁਰਾ (ਪਾਕਿਸਤਾਨ) ਵੱਸਦੇ ਪੰਜਾਬੀ ਲੇਖਕ ਮੁਹੰਮਦ ਆਸਿਫ਼ ਰਜ਼ਾ ਨੇ ਸ਼ਾਹਮੁਖੀ ਵਿੱਚ ਪਾਕਿਸਤਾਨ ਵੱਸਦੇ ਪਾਠਕਾਂ ਲਈ ਪ੍ਰਕਾਸ਼ਿਤ ਕਰਨ ਵਿੱਚ ਦਿਲਚਸਪੀ ਵਿਖਾਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਚਾਰ ਕਾਵਿ ਪੁਸਤਕਾਂ ‘ਰਾਵੀ’ ‘ਖ਼ੈਰ ਪੰਜਾਂ ਪਾਣੀਆਂ ਦੀ’, ‘ਸੁਰਤਾਲ’ ਤੇ ‘ਗੁਲਨਾਰ’ ਵੀ ਸ਼ਾਹਮੁਖੀ ਵਿੱਚ ਛਾਪੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਬੁਟਾ ਸਿੰਘ ਚੌਹਾਨ ਨੇ ਕਿਹਾ ਕਿ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਕਿਤਾਬਾਂ ਦਾ ਆਦਾਨ ਪ੍ਰਦਾਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲਗਪਗ ਦਸ ਕਰੋੜ ਪੰਜਾਬੀ ਪਾਕਿਸਤਾਨ ਵਿੱਚ ਵੀ ਵੱਸਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਵਾਹਘੇ ਦੀ ਲਕੀਰ ਹੀ ਨਹੀਂ ਵੰਡਦੀ ਸਗੋਂ ਲਿਪੀ ਦਾ ਫਰਕ ਵੀ ਵੱਡੀ ਸਰਹੱਦ  ਬਣ ਕੇ ਰਾਹ ਰੋਕਦਾ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਮੈਂ ਵੀ ਆਪਣੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ਤਿਆਰ ਕਰਕੇ ਇਸ ਮਹਾਂ ਯੱਗ ਵਿੱਚ ਹਿੱਸਾ ਪਾਵਾਂਗਾ।

Leave a Reply

Your email address will not be published. Required fields are marked *