www.sursaanjh.com > ਅੰਤਰਰਾਸ਼ਟਰੀ > ਇਪਟਾ ਵਲੋਂ ਸ਼ਹੀਦ ਭਗਤ ਸਿੰਘ ਤੇ ਸ.ਗੁਰਸਰਨ ਸਿੰਘ ਭਾਅ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਵਿਚਾਰਧਾਰਕ ਪੱਖ – ਹਰਨਾਮ ਸਿੰਘ ਡੱਲਾ

ਇਪਟਾ ਵਲੋਂ ਸ਼ਹੀਦ ਭਗਤ ਸਿੰਘ ਤੇ ਸ.ਗੁਰਸਰਨ ਸਿੰਘ ਭਾਅ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਵਿਚਾਰਧਾਰਕ ਪੱਖ – ਹਰਨਾਮ ਸਿੰਘ ਡੱਲਾ

ਇਪਟਾ ਵਲੋਂ ਸ਼ਹੀਦ ਭਗਤ ਸਿੰਘ ਤੇ ਸ.ਗੁਰਸਰਨ ਸਿੰਘ ਭਾਅ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਵਿਚਾਰਧਾਰਕ ਪੱਖ – ਹਰਨਾਮ ਸਿੰਘ ਡੱਲਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਕਤੂਬਰ:
ਇਪਟਾ ਦੇ ਮੋਹਾਲੀ ਯੂਨਿਟ ਵਲੋਂ ਸਿਲਵੀ ਪਾਰਕ ਫੇਜ਼ 10 ਮੋਹਾਲੀ ਵਿਖੇ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਨਾਟਕਕਾਰ ਸੰਜੀਵਨ ਵਲੋਂ ਜਥੇਬੰਦ ਕੀਤੇ ਇਸ ਸਮਾਗਮ ਦੀ ਸ਼ਲਾਘਾ ਕਰਨੀ ਤਾਂ ਬਣਦੀ‌ ਹੈ ਪਰ..। ਪ੍ਰਧਾਨਗੀ ਮੰਡਲ ਵਿੱਚ ਡਾਕਟਰ ਅਰੀਤ,ਗੁਰਨਾਮ ਸਿੰਘ ਕੰਵਰ ਅਤੇ ਬਲਕਾਰ ਸਿੰਘ ਸਿੱਧੂ ਬੈਠੇ ਸਨ। ਦੋ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੇ‌ ਜੀਵਨ ਬਾਰੇ ਗੱਲ ਕਰਨੀ ਸੀ। ਲੇਖਕ  ਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ ਥੋੜ੍ਹਾ ਪਛੜ ਕੇ ਪਹੁੰਚੇ ਸਨ,ਜਿਹਨਾਂ ਨੇ‌ ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਭਾਅ ਜੀ ਦੇ ਜੀਵਨ ਬਾਰੇ‌ ਵਧੀਆ ਗੱਲਾਂ ਕੀਤੀਆਂ। ਉਦੋਂ ਸ਼ਾਇਦ ਬਲਕਾਰ ਸਿੰਘ ਸਿੱਧੂ ਗੱਲ ਬਾਤ ਸ਼ੁਰੂ ਕਰ ਚੁੱਕੇ ਸਨ। ਸਿੱਧੂ ਸਾਹਿਬ ਨੇ ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਜੀਵਨ ਨੂੰ ਪੂਰੀ ਤਰਾਂ ਸੰਤੁਲਤ ਰੱਖ ਕੇ ਗੱਲ ਕੀਤੀ,ਜੋ ਪ੍ਰੇਰਨਾ ਦਾਇਕ ਵੀ ਸੀ। ਜਿਸ ਦੀ ਤਾਰੀਫ਼ ਕਰਨੀ ਬਣਦੀ ਹੈ। ਇੱਕ ਹੋਰ ਨੌਜਵਾਨ ਨੇ ਇੱਕ ਖੂਬਸੂਰਤ ਗੀਤ ‘ਭਗਤ ਸਿੰਘ ਪੜ੍ਹਦਾ ਵੀ ਸੀ’, ਸੁਣਾ ਕੇ ਸਮਾਗਮ ਪ੍ਰਤੀ ਪ੍ਰਤੀਬੱਧਤਾ ਨੂੰ ਕਾਇਮ ਰੱਖਿਆ। ਇੱਕ ਹੋਰ ਸੱਜਣ ਨੇ ਵੀ ਇੱਕ ਗੀਤ ਸੁਣਾਇਆ। ਭਾਵੇਂ ਇਹ ਗੀਤ ਦ ਸਬੰਧ ਪ੍ਰਗਤੀਸ਼ੀਲਤਾ ਨਾਲ ਤਾਂ ਨਹੀਂ ਸੀ ਪਰ ਬਰਦਾਸ਼ਤ ਕਰਨ ਯੋਗ ਸੀ।
ਜਿਸ ਚੀਸ ਦੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਹਾਂ,ਉਹ ਇਹ ਹੈ ਕਿ ਇਸੇ ਹੀ ਸਮਾਗਮ ਵਿੱਚ ਇੱਕ ਹੋਰ ਗੀਤ ਗਾਇਆ ਗਿਆ ਜਿਸ ਦੇ ਬੋਲ ਸਨ, ‘ਮਹਿਰਮ ਦਿਲਾਂ ਦੇ ਮਾਹੀ,ਮੋੜੇਂਗਾ ਕਦ ਮੁਹਾਰਾਂ’ ਮਨ ਉੱਤੇ ਤਾਂ ਬੇਹੱਦ ਨਿਰਾਸ਼ਾ ਛੱਡ ਗਿਆ। ਇਸ ਕਰਕੇ ਨਹੀਂ, ਕਿ ਬੀਬੀ ਨੇ ਇਹ ਗੀਤ ਠੀਕ ਨਹੀਂ ਗਾਇਆ। ਗਾਇਆ ਬਹੁਤ ਵਧੀਆ ਸੀ ਪਰ ਆਵਾਜ਼ ਵੀ ਬਹੁਤ ਵਧੀਆ ਸੀ,ਪਰ ਗਿਆ ਕਿੰਨ੍ਹਾ ਮਹਾਨ ਸਪੂਤਾਂ ਦੇ ਜਨਮ ਦਿਨ ਉੱਤੇ ਸੀ,ਮਸਲਾ ਇਹ ਸੀ। ਉਸ ਬੀਬੀ ਨੂੰ ਪਰਬੰਧਕਾਂ ਵਲੋਂ ਜੇਕਰ ਭਗਤ ਸਿੰਘ ਦੀ ਘੋੜੀ ਗਾਉਂਣ ਲਈ ਦਿੱਤੀ ਜਾਂਦੀ ਤਾਂ ਇਸੇ ਬੀਬੀ ਨੇ ਸਮਾਗਮ ਦੀ ਰੂਹ ਦੀ ਬਾਤ ਪਾ ਦੇਣੀ ਸੀ। ਬੀਬੀ ਦਾ ਕੋਈ ਕਸੂਰ ਨਹੀਂ ਸੀ,ਪ੍ਰਬੰਧਕਾਂ  ਦੀ ਖ਼ੁਨਾਮੀ ਸੀ, ਕਿ ਉਹ ਅੰਗਰੇਜ਼ਾਂ ਖਿਲਾਫ ਲੜੀ ਜਾਂਦੀ ਅਜ਼ਾਦੀ ਦੀ ਜੰਗ ਸਮੇਂ ਬਣੀ ਇਪਟਾ ਦੇ ਫਿਕਰਾਂ ਨੂੰ ਭੁੱਲ ਕੇ, ਅੱਜ ਆਪਣੇ ਦੇਸ਼ ਦੇ ਲੋਕਾਂ‌(ਸਿਆਸਤਦਾਨਾਂ,ਫਿਰਕੂਆਂ ਅਤੇ ਪੂੰਜੀਪਤੀਆਂ ਤੇ ਕਾਰਪੋਰੇਟਰਾਂ) ਦੀਆਂ ਬੇਨਿਯਮੀਆਂ ਤੋਂ ਕਿਵੇਂ ਬੇਖ਼ਬਰ ਹਨ, ਦੁੱਖ ਤਾਂ ਇਸ ਗੱਲ ਦਾ ਹੈ। ਸ਼ਾਇਦ ਸਰਦਾਰਾਂ ਸਿੰਘ ਚੀਮਾ ਇਸ ਸਮੇਂ ਉੱਠ ਕੇ ਚਲੇ ਗਏ,ਮੈਨੂੰ‌ ਲੱਗਿਆ ਇਸੇ ਰੋਸ ਕਰਕੇ ਹੀ ਗਏ ਹੋਣ।
ਦੋਸਤੋ, ਜਿੱਥੇ ਜਾਂ ਜਿਸ ਮੰਚ ਤੋਂ ਨੌਜਵਾਨਾਂ ਅਤੇ ਇਨਕਲਾਬੀ ਸੋਚ ਦੇ  ਦੋ ਕੱਦਾਵਰ ਨਾਇਕਾਂ ਨੂੰ ਯਾਦ ਕੀਤਾ ਜਾ ਰਿਹਾ ਹੋਵੇ, ਉੱਥੇ ਇਹੋ ਜਿਹਾ ਗੀਤ…? ਇਹ ਵਰਤਾਰਾ ਬਹੁਤ ਰੜਕਿਆ ਕਿ ਬਿਰਹੋਂ ਦਾ ਗੀਤ ਗਵਾ ਕੇ ਇਸ ਸਮਾਗਮ ਨੂੰ‌ ਫਿੱਕਾ ਪਾ ਦਿੱਤਾ ਗਿਆ। ਇਪਟਾ ਦੇ‌ ਮੋਹਾਲੀ ਦੇ ਆਹੁਦੇਦਾਰਾਂ ਉੱਤੇ ਮੇਰੇ ਲਾਉਂਣਾ ਮੇਰੀ ਗ਼ਲਤੀ ਕਹੋ ਜਾਂ ਬਦਕਲਾਮੀ, ਪਰ ਬਿਰਹੋਂ ਦੇ ਗੀਤ ਇਹੋ ਜਿਹੇ ਸਮਾਗਮਾਂ ਵਿੱਚ ਸ਼ੋਭਾ ਨਹੀਂ ਦਿੰਦੇ।
ਅੱਸੀ-ਬਿਆਸੀ ਸਾਲ ਪਹਿਲਾਂ ਬਣੀਂ ਇਪਟਾ ਏਨੀ ਧੁੰਦਲੀ ਤਾਂ ਨਹੀਂ ਹੋਣੀ ਚਾਹੀਦੀ ਸੀ,ਜਿੰਨੀ ਦੇਖੀ ਗਈ। ਜਿਸ ਨੂੰ ਕੈਫੀ਼ ਆਜ਼ਮੀ,ਸਾਹਿਰ ਲੁਧਿਆਣਵੀ, ਅੰਨਾ ਭਾਊ ਸਾਠੇ,ਬਲਰਾਜ ਸਾਹਨੀ ਅਤੇ ਅਨੇਕਾਂ ਪ੍ਰਗਤੀਸ਼ੀਲ ਸੋਚ ਦੇ ਫਿਕਰਮੰਦਾਂ ਨੇ ਲੋਕਾਂ ਦੇ ਸੱਭਿਆਚਾਰ ਲਈ ਗਠਿਤ ਕੀਤਾ ਸੀ। ਜਿਹੜੇ ਦੇਸ਼ ਦੀ ਆਜ਼ਾਦੀ ਲਈ ‘ਪਗੜੀ ਸੰਭਾਲ ਜੱਟਾ,ਪਗੜੀ ਸੰਭਾਲ ਓਏ’….’ਮੇਰਾ ਰੰਗ ਦੇ ਬਸੰਤੀ ਚੋਲਾ’…. ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ‌ ਢੇਰ ਸੁਖੱਲੀਆਂ ਨੇ’ ‘ਆਉ ਨੇ ਸਈਓ ਮਿਲ ਗਾਵੀਏ ਨੀ ਘੋੜੀਆਂ’….ਵਰਗੇ ਇਨਕਲਾਬੀ ਗੀਤਾਂ ਨੂੰ ਸਾਡੀ ਵਿਰਾਸਤ ਵਿੱਚ ਛੱਡ ਕੇ ਗਏ ਹਨ। ਇਹ ਗੀਤ ਦੇਸ਼ ਦੇ ਲੋਕਾਂ ਨੂੰ ਦੇਸ਼ ਅਜ਼ਾਦ ਕਰਵਾਉਂਣ ਦੇ ਸੁਨੇਹੇ  ਰਹੇ ਸਨ। ਐਸੀ ਅਜ਼ਾਦੀ ਜਿਸ ਵਿੱਚ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ’ ਦੀ ਗੱਲ ਕੀਤੀ ਗਈ। ਕੀ ਹੁਣ ਇਹਨਾਂ ਇਨਕਲਾਬੀ ਗੀਤਾਂ ਦੀ ਸਾਰਥਕਤਾ ਖ਼ਤਮ ਹੋ ਗਈ ਹੈ? ਨਹੀਂ…ਬਲਕਿ ‘ਸਾਡਿਆਂ’ ਵਲੋਂ ਹੁੰਦੀ ਲੁੱਟ,ਫਿਰਕਾਪ੍ਰਸਤੀ ਦੀ ਮਾਰ ਝੱਲਦੀ ਲੋਕਾਈ,ਮਹਿੰਗਾਈ, ਬੇਰੁਜ਼ਗਾਰੀ,ਗ਼ਰੀਬੀ ਅਤੇ ਅਲਾਮਤਾਂ ਨਾਲ ਜੂਝਦੇ ਲੋਕਾਂ ਦੇ ਦੁਖੜਿਆਂ ਦੇ ਵੈਣ ਲੋਕਾਂ ਦੀ ਚੀਖ ਪੁਕਾਰ ਵਿੱਚ ਬੇਹੱਦ ਗਹਿਰੀ ਪਈ ਹੈ। ਉਸ ਦੀ ਗੱਲ ਕੌਣ ਕਰੇਗਾ। ਧਾਰਮਿਕਤਾ ਦੇ ਗੀਤ ਅਤੇ ਕਿੱਸਾ ਕਾਵਿ ਦਾ ਗਾਉਂਣ ਤਾਂ ਅਜ਼ਾਦੀ ਤੋਂ ਪਹਿਲਾਂ ਵੀ ਸਧਾਰਨ ਸੱਥਾਂ ਵਿੱਚ ਗਾਇਆ ਜਾਂਦਾ ਸੀ।ਪਰ ਇਪਟਾ ਦਰਦ ਛੂਹਣ ਲਈ ਬਣੀ ਸੀ। ਅੱਜ ਵੀ ਲੋਕਾਂ ਦੇ ਦੁੱਖੜੇ ਘੱਟ ਨਹੀਂ ਹੋਏ।
ਦੇਸ਼ ਵਿੱਚ ਲੱਖਾਂ ਟਨ ਛਪਿਆ ਕਾਗਜ਼ ਅਸ਼ਲੀਲ ਸਾਹਿਤ ਲਈ ਵਿਕ ਚੁੱਕਾ ਹੈ। ਫ਼ਿਲਮਾਂ ਵਾਲੇ ਡਾਇਰੈਕਟਰ, ਪ੍ਰੋਡਿਊਸਰ,ਐਕਟਰ,ਗੀਤ ਤੇ ਸੰਗੀਤਕਾਰ ਮੋਟੀ ਕਮਾਈ ਨਾਲ ਕਾਰਪੋਰੇਟਰਾਂ ਦੀ ਕਤਾਰ ਵਿੱਚ ਲੱਗ ਚੁੱਕੇ ਹਨ ਤੇ ਐਸ਼ ਅਰਾਮ ਦੀ ਜ਼ਿੰਦਗੀ  ਭੋਗ ਰਹੇ ਹਨ। ਅਸ਼ਲੀਲ ਸਾਹਿਤ ਅਤੇ ਫ਼ਿਲਮਾਂ ਵਿਰੁੱਧ ਕੌਣ ਅਵਾਜ਼ ਉਠਾਏਗਾ ? ਜੇਕਰ ਲੋਕ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲੀਆਂ ਨਾਟ ਅਤੇ ਸੰਗੀਤ ਮੰਡਲੀਆਂ ਵਿੱਚ ਤਰਲਤਾ ਆ ਜਾਵੇਗੀ,ਠੋਸ ਗੱਲਾਂ ਕੌਣ‌ ਕਰੇਗਾ?
ਇਪਟਾ ਨੇ ਪੂਰਾ ਇੱਕ ਹਫਤਾ ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ  ਭਾਅ ਜੀ ਦੇ ਨਾਂ ਉੱਤੇ ਪੰਜਾਬ ਭਰ ਵਿੱਚ ਮਨਾਇਆ ਹੈ, ਚੰਗੀ ਗੱਲ ਹੈ। ਪਰ ਐਡੇ ਵੱਡੇ ਨਾਇਕਾਂ ਦੇ ਜਨਮ ਦਿਨ ਉੱਤੇ ਗੀਤ ਸੰਗੀਤ ਦੀ ਵਿਜਾਏ‌ ਗੋਸ਼ਟੀਆਂ ਕਰਵਾਉਂਣਾ ਹੀ ਉਨ੍ਹਾਂ ਦੀ ਮਿੱਠੀ ਯਾਦ ਨਾਲ ਇਨਸਾਫ਼ ਹੋਵੇਗਾ। ਜੇਕਰ ਗੀਤ ਸੰਗੀਤ ਵੀ ਪ੍ਰੋਗਰਾਮ ਦਾ ਹਿੱਸਾ ਹੋਵੇ ਤਾਂ ਬਿਰਹੋਂ ਤੇ ਸੋਹਜ ਦੇ ਗੀਤ ਗਾਉਂਣਾ ਠੀਕ ਨਹੀਂ। ਇੱਕ ਗੱਲ ਹੋਰ ਕਿ ਪ੍ਰਧਾਨਗੀ ਮੰਡਲ ਵਿੱਚ ਬੈਠੇ ਗੁਰਨਾਮ ਕੰਵਰ,ਡਾਕਟਰ ਅਰੀਤ,ਰਾਬਿੰਦਰ ਰੱਬੀ ਤੇ ਬਲਕਾਰ ਸਿੰਘ ਸਿੱਧੂ ਤੋਂ ਉਮੀਦ ਕੀਤੀ ਜਾ ਸਕਦੀ ਸੀ ਕਿ ਸਮਾਗਮ ਦੇ ਮਿਆਰ ਬਾਰੇ ਕੋਈ ਨਸੀਅਤ ਦਿੰਦੇ, ਉਹ ਵੀ ਪਰ ਚੁੱਪ ਹੀ ਰਹੇ,ਪਤਾ ਨਹੀਂ ਕਿਉਂ?

Leave a Reply

Your email address will not be published. Required fields are marked *