www.sursaanjh.com > ਅੰਤਰਰਾਸ਼ਟਰੀ > ਪਹਿਲਵਾਨ ਰਵੀ ਸ਼ਰਮਾ ਦੀ 2024 ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ

ਪਹਿਲਵਾਨ ਰਵੀ ਸ਼ਰਮਾ ਦੀ 2024 ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ

ਪਹਿਲਵਾਨ ਰਵੀ ਸ਼ਰਮਾ ਦੀ 2024 ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ 
ਛੋਟੇ ਭਰਾ ਗੋਲੂ ਪਹਿਲਵਾਨ ਵੀ ਹੋਣਗੇ ਇਸ ਵਿੱਚ ਸ਼ਾਮਲ 
ਚੰਡੀਗੜ੍ਹ  (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਪਹਿਲਵਾਨ ਰਵੀ ਸ਼ਰਮਾ ਦੀ ਚੋਣ  ਪੋਰੇਕ ਕ੍ਰੋਏਸੀਆ ਵਿਖੇ ਹੋਣ ਵਾਲੀ 2024 ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ ਲਈ ਹੋਈ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੁਲਤਾਰ ਪਹਿਲਵਾਨ ਨੇ ਦੱਸਿਆ ਕਿ ਇਹ ਅਖਾੜਾ ਮੁੱਲਾਂਪੁਰ ਗਰੀਬਦਾਸ ਲਈ ਪਹਿਲਵਾਨਾਂ ਅਤੇ ਪਿੰਡ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਰਵੀ ਪਹਿਲਵਾਨ ਅਤੇ ਗੋਲੂ ਪਹਿਲਵਾਨ ਦੀ 2024 ਵਰਲਡ ਵੈਟਰਨ ਫਰੀ ਸਟਾਈਲ ਅਤੇ ਗਰੀਕੋ ਰੋਮਨ ਸਟਾਈਲ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ ਜਿਹੜੀ ਕਿ ਪੋਰੇਕ ਕ੍ਰੋਏਸੀਆ ਵਿਖੇ 8 ਅਕਤੂਬਰ ਤੋਂ 13 ਅਕਤੂਬਰ 2024 ਤੱਕ ਕਰਵਾਈ ਜਾ ਰਹੀ ਹੈ।
ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਇਸ ਚੈਂਪੀਅਨਸ਼ਿਪ ਵਿੱਚ 6 ਮੈਂਬਰੀ ਭਾਰਤੀ ਵੈਟਰਨ ਫ੍ਰੀਸਟਾਈਲ ਅਤੇ ਗ੍ਰੀਕੋ-ਰੋਮਨ ਸ਼ੈਲੀ ਦੀ ਕੁਸ਼ਤੀ ਟੀਮ ਭਾਗ ਲੈ ਰਹੀ ਹੈ। ਉਨ੍ਹਾ ਦੱਸਿਆ ਕਿ ਭਾਰਤੀ ਕੁਸ਼ਤੀ ਸੰਘ ਅਤੇ ਯੁਵਾ ਕੁਸ਼ਤੀ ਅਤੇ ਓਲੰਪਿਕ ਸੰਘ ਅਤੇ ਭਾਰਤ ਦੇ ਖੇਡ ਮੰਤਰਾਲੇ ਦੇ ਪ੍ਰਧਾਨ ਕੇ ਐਸ ਆਈ ਬੀ ਸੰਜੇ ਕੁਮਾਰ ਸਿੰਘ ਵੱਲੋਂ ਇਸ ਸਬੰਧੀ ਲਿਖਤੀ ਬਿਆਨ ਰਾਹੀਂ ਸੂਚਨਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁੱਲਾਂਪੁਰ ਗਰੀਬਦਾਸ ਦੇ ਨਾਮੀ ਪਹਿਲਵਾਨ ਰਹੇ ਉਨਾਂ ਦੇ ਛੋਟੇ ਭਰਾ ਵਿਨੋਦ ਕੁਮਾਰ ਗੋਲੂ ਪਹਿਲਵਾਨ
ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਵੀ ਇਸ ਚੈਪੀਅਨਸਿਪ ਵਿੱਚ ਹਿੱਸਾ ਲੈਣਗੇ। ਜਿਨਾਂ ਦੀ ਰਹਿਨੁਮਾਈ ਹੇਠ ਮੁੱਲਾਂਪੁਰ ਕੁਸ਼ਤੀ ਅਖਾੜਾ ਵਿੱਚ ਆਸ ਪਾਸ ਦੇ ਪਿੰਡਾਂ ਦੇ ਅਤੇ ਬਾਹਰੀ ਸਟੇਟਾਂ ਦੇ ਕਰੀਬ 100 ਤੋਂ ਵੱਧ ਪਹਿਲਵਾਨ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ 35 ਸਾਲ ਤੋਂ 65 ਸਾਲ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਰਵੀ ਪਹਿਲਵਾਨ 100 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਅਤੇ ਗੋਲੂ ਪਹਿਲਵਾਨ 130 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਭਾਰਤ ਲਈ ਵਿਰੋਧੀ ਪਹਿਲਵਾਨਾਂ ਨਾਲ ਭਿੜਨਗੇ।ਇਸ ਮੌਕੇ ਕੁਲਤਾਰ ਪਹਿਲਵਾਨ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਸ੍ਰੀ ਰਵੀ ਸ਼ਰਮਾ ਵੀ ਇਨ੍ਹਾਂ ਚੋਣਾਂ ਵਿਚ ਸਰਪੰਚੀ ਦੇ ਉਮੀਦਵਾਰ ਹਨ। ਦੂਜੇ ਪਾਸੇ ਉਨ੍ਹਾਂ ਦੀ ਮਾਂ ਖੇਡ ਕੁਸ਼ਤੀ ਲਈ ਉਨ੍ਹਾਂ ਨੂੰ ਦੇਸ਼ ਵੱਲੋਂ ਅਤੇ ਕੁਸ਼ਤੀ ਸੰਘ ਵੱਲੋਂ ਮਾਣ ਸਨਮਾਨ ਦਿੱਤਾ ਗਿਆ ਹੈ।
ਬੇਸ਼ੱਕ ਫੈਸਲਾ ਮੁਸ਼ਕਿਲ ਹੈ ਪਰ ਉਨ੍ਹਾਂ ਵੱਲੋਂ ਪਿੰਡ ਅਤੇ ਖੇਡ ਲਈ ਪੂਰਾ ਸਮਾਂ ਅਤੇ ਸਮਰਥਨ ਦਿੱਤਾ ਜਾ ਰਿਹਾ ਹੈ। ਓਥੇ ਹੀ ਉਨ੍ਹਾਂ ਕਿਹਾ ਕਿ ਉਮਰ ਦੇ ਹਿਸਾਬ ਨਾਲ ਇਨ੍ਹਾਂ ਨਾਮਵਰ ਪਹਿਲਵਾਨਾਂ ਨੂੰ ਏਡੇ ਵੱਡੀ ਰੈਸਲਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।ਇਸ ਨਾਲ ਨਵੀਂ ਉਮਰ ਦੇ ਪਹਿਲਵਾਨਾਂ ਨੂੰ ਵੀ ਹੌਸਲਾ ਮਿਲੇਗਾ, ਕਿਉਂਕਿ ਕੁਝ ਲੋਕਾਂ ਦੀ ਸੋਚ ਹੈ ਕਿ ਇਹ ਖੇਡ ਸਿਰਫ ਸੀਮਤ ਉਮਰ ਤੱਕ ਹੀ ਖੇਡੀ ਜਾ ਸਕਦੀ ਹੈ।ਇਸ ਤੋਂ ਉਨ੍ਹਾਂ ਲੋਕਾਂ ਨੂੰ ਵੀ ਸੇਧ ਮਿਲੇਗੀ। ਰਵੀ ਪਹਿਲਵਾਨ ਅਤੇ ਗੋਲੂ ਪਹਿਲਵਾਨ ਅੱਜ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣਗੇ।ਇਸ ਮੌਕੇ ਰਵੀ ਪਹਿਲਵਾਨ ਅਤੇ ਗੋਲੂ ਪਹਿਲਵਾਨ ਨੇ ਕਿਹਾ ਕਿ  ਉਹ ਪਹਿਲਾਂ ਵੀ ਦੇਸ਼ ਲਈ ਕਈ ਗੋਲਡ ਮੈਡਲ ਜਿੱਤ ਚੁੱਕੇ ਹਨ ਅਤੇ ਹੁਣ ਇੱਕ ਵਾਰ ਫਿਰ ਮੌਕਾ ਮਿਲਿਆ ਹੈ ਤਾਂ ਆਪਣੇ ਇਲਾਕੇ ਮੁੱਲਾਂਪੁਰ ਨਿਊ ਚੰਡੀਗੜ੍ਹ ਅਤੇ ਭਾਰਤ ਦਾ ਨਾਂ ਰੌਸ਼ਨ ਕਰਨਗੇ।ਇਸ ਮੌਕੇ ਉਨ੍ਹਾਂ ਨੂੰ ਸ੍ਰੀ ਅਰਵਿੰਦ ਪੁਰੀ, ਕੁਲਤਾਰ ਪਹਿਲਵਾਨ, ਸ਼ੇਰ ਸਿੰਘ ਮੱਲ, ਪ੍ਰਮਿੰਦਰ ਡੂਮਛੇੜੀ, ਸਿਕੰਦਰ ਸ਼ੇਖ, ਮਿਰਜ਼ਾ ਇਰਾਨ, ਰੇਜਾ ਇਰਾਨ ਅਤੇ ਬਾਕੀ ਸਾਰੇ ਪਹਿਲਵਾਨਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *