ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ
ਰਾਜ ਭਰ ਤੋਂ ਹਜ਼ਾਰਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀ ਕਾਨਫਰੰਸ ‘ਚ ਹੋਣਗੇ ਸ਼ਾਮਿਲ
ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੇ ਪੰਜਾਬ ਭਰ ਦੇ ਸਕੂਲਾਂ ਤੋਂ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ ਦਾ ਸਿੰਗਾਰ ਬਣਾ ਦਿੱਤਾ
ਪੰਜਾਬ ਭਵਨ ਕੈਨੇਡਾ ਦੀ ਟੀਮ ਦਾ ਇਹ ਉਪਰਾਲਾ ਨਵੀਂ ਪੀਡ਼ੀ ਨੂੰ ਕਿਤਾਬਾਂ ਨਾਲ ਜੋੜੇਗਾ – ਸੁੱਖੀ ਬਾਠ
ਸਰੀ (ਸੁਰ ਸਾਂਝ ਡਾਟ ਕਾਮ ਬਿਊਰੋ-ਜੋਗਿੰਦਰ ਸਿੰਘ), 7 ਅਕਤੂਬਰ:
ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਦੇ ਨਾਂਅ ਹੇਠ ਨਵੰਬਰ ਮਹੀਨੇ ‘ਚ ਹੋਣ ਵਾਲੀ ਰਾਜ ਪੱਧਰੀ ਕਾਨਫਰੰਸ ਪੰਜਾਬੀ ਦੇ ਬਾਲੜੇ ਲੇਖਕਾਂ ਨੂੰ ਜਿਥੇ ਇਕ ਵਿਸ਼ਾਲ ਮੰਚ ਦੇਵੇਗੀ, ਉਥੇ ਸਕੂਲੀ ਵਿਦਿਆਰਥੀਆਂ ਅੰਦਰ ਛੁਪੀ ਸਾਹਿਤਕ ਪ੍ਰਤਿਭਾ ਨੂੰ ਵੀ ਲੋਕਾਂ ‘ਚ ਉਜਾਗਰ ਕਰੇਗੀ | ਅਕਾਲ ਕਾਲਜ ਆਫ਼ ਫਿਜੀਕਲ ਮਸਤੂਆਣਾ ਦੇ ਸੰਤ ਤੇਜਾ ਸਿੰਘ ਯਾਦਗਾਰੀ ਹਾਲ ਵਿਖੇ ਮਿਤੀ 16 ਤੇ 17 ਨਵੰਬਰ ਨੂੰ ਹੋਣ ਵਾਲੀ ਇਸ ਕਾਨਫਰੰਸ ‘ਚ ਸਾਹਿਤਕ ਰੁਚੀਆਂ ਨਾਲ ਜੁੜੇ ਉਹ ਸਕੂਲੀ ਬੱਚੇ ਭਾਗ ਲੈਣਗੇ, ਜਿਨ੍ਹਾਂ ਦੀ ਪ੍ਰਤਿਭਾ ਨੂੰ ਲੱਭਣ ਲਈ, ਉਸ ਵਿਦੇਸ਼ੀ ਧਰਤੀ ਕੈਨੇਡਾ ਤੋਂ ਉਪਰਾਲੇ ਹੋ ਰਹੇ ਹਨ, ਜਿਥੇ ਜਾ ਕੇ ਬਹੁਗਿਣਤੀ ਲੋਕਾਂ ਨੇ ਮਾਂ ਬੋਲੀ ਨਾਲ ਜੁੜੀਆਂ ਸਾਹਿਤਕ ਰੁਚੀਆਂ ਤਾਂ ਛੱਡੋ, ਆਪਣੇ ਸੱਭਿਆਚਾਰ ਵੱਲ ਵੀ ਪਿੱਠ ਕਰ ਲਈ ਹੈ | ਅੰਗਰੇਜਾਂ ਦੇ ਸ਼ਹਿਰ ਸਰੀ ‘ਚ ਸਥਾਪਤ ਪੰਜਾਬ ਭਵਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਦੀ ਅਗਵਾਈ ‘ਚ ਇਸ ਟੀਮ ਦਾ ਉਪਰਾਲਾ ਸੁਣ ਕੇ ਹਰ ਪੰਜਾਬੀ ਤੇ ਸਰਕਾਰਾਂ ਵੀ ਹੈਰਾਨ ਹੋ ਜਾਣਗੀਆਂ ਕਿ ਜਦੋਂ ਨਵੀਂ ਪੀਡ਼ੀ ‘ਚ ਲਿਖਣ ਤੇ ਪੜ੍ਹਨ ਦੀਆਂ ਰੁਚੀਆਂ ਮਰ ਜਾਣ ਜਾਂ ਕੰਪਿਊਟਰ ਦੇ ਕੀ ਬੋਰਡ ਜਾਂ ਟੱਚ ਸਕਰੀਨ ਮਹਿੰਗੇ ਮੋਬਾਇਲ ਫੋਨਾਂ ‘ਤੇ ਹੀ ਜਵਾਨੀ ਦੇ ਉਂਗਲਾਂ ਚਲਾਉਣ ਦਾ ਦੋਸ਼ ਮੜ੍ਹਕੇ ਹਰ ਕੋਈ ਪੱਲਾ ਝਾੜ ਰਿਹਾ ਤੇ ਯਤਨਾਂ ਤੋਂ ਕਿਨਾਰਾ ਕਰ ਰਿਹਾ, ਉਸ ਸਮੇਂ ਪੰਜਾਬ ਭਵਨ ਕੈਨੇਡਾ ਦੀ ਟੀਮ ਪੰਜਾਬ ਦੇ ਸਕੂਲਾਂ ‘ਚੋਂ ਹਜ਼ਾਰਾਂ ਸਾਹਿਤਕ ਰੁਚੀਆਂ ਵਾਲੀਆਂ ਕਲਮਾਂ ਨੂੰ ਉਡਾਣ ਦਿੱਤੀ ਹੈ , ਭਾਵ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ‘ਨਵੀਆਂ ਕਲਮਾਂ, ਨਵੀਂ ਉਡਾਣ’ ਦੇ ਨਾਂਅ ਹੇਠ ਕਿਤਾਬਾਂ ‘ਚ ਪਰੋਇਆ | ਪ੍ਰਵਾਸੀ ਪੰਜਾਬੀ ਸੁੱਖੀ ਬਾਠ ਜਿਹੜੇ ਕੈਨੇਡਾ ਦੇ ਵੱਡੇ ਬਿਜਨਿਸਮੈਨ ਹਨ ਤੇ ਉਨ੍ਹਾਂ ਵਲੋਂ ਕੈਨੇਡਾ ‘ਚ ਪੰਜਾਬ ਭਵਨ ਦੀ ਉਸਾਰੀ ਕਰਕੇ ਇਥੇ ਪੁੱਜਦੇ ਲੇਖਕਾਂ, ਪੱਤਰਕਾਰਾਂ ਤੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਨਾਲ ਜੁੜੇ ਕਲਾਕਾਰਾਂ ਨੂੰ ਜਿਥੇ ਇਕ ਮੰਚ ਤੇ ਮਾਣ ਸਨਮਾਨ ਦਿੱਤਾ ਜਾਂਦਾ, ਉਥੇ ਹਰ ਸਾਲ ਸਰੀ ‘ਚ ਵਿਸ਼ਵ ਪੱਧਰੀ ਪੰਜਾਬੀ ਕਾਨਫਰੰਸ ਕਰਵਾ ਕੇ ਦੁਨੀਆਂ ਭਰ ‘ਚ ਬੈਠੇ ਪੰਜਾਬੀ ਦੇ ਅਦੀਬਾਂ ਦੀ ਇਕ ਵਿਸ਼ਾਲ ਮਹਿਫ਼ਲ ਵੀ ਸਜਾਈ ਜਾਂਦੀ ਹੈ, ਜਿਥੇ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਕਈ ਦੇਸ਼ਾਂ ਤੋਂ ਸਾਹਿਤਕਾਰ ਪੁੱਜ ਕੇ ਸਿਰ ਜੋੜ ਬੈਠਦੇ ਹਨ | ਸੁੱਖੀ ਬਾਠ ਵਲੋਂ ਜਦੋਂ ਕੁਝ ਸਮਾਂ ਪਹਿਲਾਂ ਮਿਲਣ ਸਮੇਂ ਪੰਜਾਬ ਦੇ ਸਕੂਲਾਂ ‘ਚ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਤਾਂ ਇਹ ਔਖਾ ਕੰਮ ਲੱਗਦਾ ਸੀ, ਪਰ ਤੁਸੀਂ ਸੁਣਕੇ ਹੈਰਾਨ ਹੋਵੋਂਗੇ ਕੇ ਉਨ੍ਹਾਂ ਵਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਸਕੂਲਾਂ ‘ਚੋਂ ਵਿਦਿਆਰਥੀਆਂ ਦੀਆਂ ਸੈਕੜੇ ਰਚਨਾਵਾਂ ਨੂੰ ਹੀ ਕਿਤਾਬਾਂ ਦਾ ਸਿੰਗਾਰ ਨਹੀਂ ਬਣਾਇਆ,ਸਗੋਂ ਹਰ ਜ਼ਿਲ੍ਹੇ ‘ਚ ਇਨ੍ਹਾਂ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਟੀਮਾਂ ਦਾ ਵੀ ਗਠਨ ਕਰ ਦਿੱਤਾ ਤੇ ਇਹ ਮੁਹਿੰਮ ਹੁਣ ਪੰਜਾਬ ਤੋਂ ਬਾਹਰਲੇ ਸੂਬਿਆਂ ‘ਚ ਵੀ ਪੰਜਾਬੀ ਵਿਦਿਆਰਥੀਆਂ ਦੀਆਂ ਰਚਨਾਵਾਂ ਲੈਣ ਵੱਲ ਕਦਮ ਵਧਾ ਚੁੱਕੀ ਹੈ | ਪੰਜਾਬ ਭਵਨ ਦੀ ਟੀਮ ਵਲੋਂ ਕਰਵਾਈ ਜਾ ਰਹੀ ਬਾਲ ਸਾਹਿਤਕਾਰਾਂ ਦੀ ਕਾਨਫਰੰਸ ਦਾ ਮੁੱਖ ਮਕਸਦ ਵੀ ਨਵੀਂ ਪੀਡ਼ੀ ‘ਚ ਕਿਤਾਬਾਂ ਪੜ੍ਹਨ, ਲਿਖਣ ਤੇ ਇਨ੍ਹਾਂ ਰੁਚੀਆਂ ਨੂੰ ਉਤਸਾਹਿਤ ਕਰਨਾ ਹੈ | ਇਸ ਕਾਨਫਰੰਸ ਦੀ ਲਾਮਬੰਦੀ ਲਈ ਉਪਰਾਲਿਆਂ ਦੀ ਗੂੰਜ ਪੰਜਾਬ ਤੋਂ ਬਾਹਰ ਦੇਸ਼ਾਂ ਤੱਕ ਵੀ ਪੈ ਰਹੀ ਹੈ ਤੇ ਪੰਜਾਬ ਭਵਨ ਕੈਨੇਡਾ ਦਾ ਪੰਜਾਬ ਦੀ ਧਰਤੀ ‘ਤੇ ਇਹ ਵੱਡਾ ਵਿਲੱਖਣ ਤੇ ਇਤਿਹਾਸਿਕ ਕਦਮ ਹੋ ਨਿੱਬੜਗੇ |
ਜੋਗਿੰਦਰ ਸਿੰਘ ਜਗਰਾਉ