ਬਲਾਕ ਮਾਜਰੀ ਦੇ 30 ਪਿੰਡਾਂ ਵਿੱਚ ਹੋਈ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਇਸ ਵਾਰ ਜ਼ਿਆਦਾਤਰ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਦੇ ਰੁਝਾਨ ਸਾਹਮਣੇ ਆਏ ਹਨ। ਸ਼ਾਇਦ ਇਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਵਧੀਆ ਗ੍ਰਾਂਟਾਂ ਦੇਣ ਅਤੇ ਹੋਰ ਮੁੱਢਲੀ ਆ ਸਹੂਲਤਾਂ ਦੇਣ ਦੇ ਐਲਾਨ ਦਾ ਅਸਰ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਮੋਹਾਲੀ ਵਿੱਚ ਪੈਂਦੇ ਬਲਾਕ ਮਾਜਰੀ ਦੀਆਂ 101 ਪੰਚਾਇਤਾਂ ਵਿਚੋਂ 30 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਮੁਕੰਮਲ ਹੋ ਚੁੱਕੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਖੈਰਪੁਰ ਸਮੇਤ ਨਗਲ ਗੜ੍ਹੀਆਂ, ਢਕੋਰਾਂ ਕਲਾਂ, ਢਕੋਰਾਂ ਖੁਰਦ, ਗੂੜਾ, ਕਸੌਲੀ, ਕਰੌਂਦਿਆਂ ਵਾਲਾ, ਮੁੰਧੋ ਭਾਗ ਸਿੰਘ, ਰਕੌਲੀ, ਬਰਸਾਲਪੁਰ, ਕਾਦੀਮਾਜਰਾ, ਫਿਰੋਜ਼ਪੁਰ ਬੰਗਰ, ਤੋਗਾਂ, ਮਾਜਰੀ ਕਾਲੋਨੀ, ਹੁਸ਼ਿਆਰਪੁਰ, ਦੁੱਲਵਾਂ ਖੱਦਰੀ, ਜੈਅੰਤੀ ਮਾਜਰੀ, ਭੂਪਨਗਰ, ਰਤਨਗੜ੍ਹ ਸਿੰਬਲ, ਰਾਮਪੁਰ ਟੱਪਰੀਆਂ, ਪਲਹੇੜੀ, ਬਾਂਸੇਪੁਰ, ਧਗਤਾਣਾ, ਰਸੂਲਪੁਰ, ਸਲੇਮਪੁਰ ਕਲਾਂ, ਸਲੇਮਪੁਰ ਖੁਰਦ, ਮਲਕਪੁਰ, ਢੋਡੇਮਾਜਰਾ, ਧਨੌੜਾਂ, ਭਗਤਮਾਜਰਾ ਆਦਿ ਪਿੰਡਾਂ ਵਿੱਚ ਸਰਬਸੰਮਤੀ ਹੋ ਚੁੱਕੀ ਹੈ।ਇਸ ਤੋਂ ਇਲਾਵਾ ਬਾਕੀ ਰਹਿੰਦੇ ਪਿੰਡਾਂ ਦੇ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ । ਅੱਜ ਰਹਿੰਦੀਆਂ ਪੰਚਾਇਤਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਲਈ ਬਣਾਏ ਕਲੱਸਟਰਾਂ ਤੋਂ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ।