ਬੀਨਾ ਰਾਣੀ ਬਣੀ ਫਤਿਹਪੁਰ ਸਿਆਲਬਾ ਦੀ ਸਰਪੰਚ
ਚੰਡੀਗੜ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਬਲਾਕ ਮਾਜਰੀ ਦੇ ਪਿੰਡ ਫਤਿਹਪੁਰ – ਸਿਆਲਬਾ ਦੀ ਪੰਚਾਇਤ ਪਿੰਡ ਦੇ ਮੋਹਤਬਰਾਂ ਵੱਲੋਂ ਦੇਰ ਸ਼ਾਮ ਸਰਬਸੰਮਤੀ ਨਾਲ ਚੁਣ ਲਈ ਗਈ ਹੈ, ਜਿਸ ਵਿੱਚ ਬੀਨਾ ਰਾਣੀ ਪਤਨੀ ਅਰਵਿੰਦ ਕੁਮਾਰ ਟੀਟੂ ਨੂੰ ਸਰਬਸੰਮਤੀ ਨਾਲ ਪਿੰਡ ਫਤਿਹਪੁਰ ਦੀ ਸਰਪੰਚ ਚੁਣਿਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਸੰਜੇ ਕੁਮਾਰ ਸਿਆਲਬਾ ਅਤੇ ਨੰਬਰਦਾਰ ਰਾਜ ਕੁਮਾਰ ਸਿਆਲਬਾ ਵੱਲੋਂ ਨਵੀਂ ਚੁਣੀ ਗਈ ਪੂਰੀ ਨੂੰ ਵਧਾਈਆਂ ਦਿੰਦਿਆਂ ਦੱਸਿਆ ਗਿਆ ਕਿ ਪਹਿਲਾਂ ਇਸ ਪਿੰਡ ਵਿੱਚ ਸਰਪੰਚ ਅਤੇ ਪੰਚਾਂ ਦੀ ਚੋਣ ਲਈ ਵੱਖ ਵੱਖ ਵਾਰਡਾਂ ਤੋਂ ਉਮੀਦਵਾਰ ਖੜੇ ਕੀਤੇ ਗਏ ਸੀ ਅਤੇ ਚੋਣ ਨਿਸ਼ਾਨ ਵੀ ਸਭਨਾਂ ਨੂੰ ਜਾਰੀ ਹੋ ਗਏ ਸਨ, ਪਰ ਥੋੜ੍ਹਾ ਸਮਾਂ ਪਹਿਲਾਂ ਇਹ ਪਿੰਡ ਵਾਸੀਆਂ ਨੇ ਏਕਤਾ ਦੀ ਮਿਸਾਲ ਕਾਇਮ ਕਰਦਿਆਂ ਸਹਿਮਤੀ ਨਾਲ ਪਿੰਡ ਦੇ ਵਿਕਾਸ ਲਈ ਬੀਨਾ ਰਾਣੀ ਪਤਨੀ ਅਰਵਿੰਦ ਕੁਮਾਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ ਅਤੇ ਬਾਕੀ ਪੰਚਾਇਤ ਵੀ ਸਹਿਮਤੀ ਨਾਲ ਚੁਣੀ ਗਈ ਹੈ, ਜਿਸ ਵਿੱਚ ਸੰਦੀਪ ਕੁਮਾਰ, ਡਿੰਪਲ ਕੁਮਾਰ, ਸਿਕੰਦਰ ਅਲੀ ਰੂਬੀ, ਗੀਤਾ ਦੇਵੀ, ਡੌਲੀ ਅਤੇ ਪੁਨੀਤ ਸ਼ਰਮਾ ਨੂੰ ਵੱਖ ਵੱਖ ਵਾਰਡਾਂ ਤੋਂ ਪੰਚ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਨਾ ਰਾਣੀ ਦੇ ਪਰਿਵਾਰ ਵਿੱਚੋਂ ਪਹਿਲਾਂ ਵੀ ਸੰਜੇ ਕੁਮਾਰ ਸਰਪੰਚ ਰਹੇ ਹਨ, ਜਿਨ੍ਹਾਂ ਨੇ ਪਿੰਡ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਭੰਗੜਾ ਪਾ ਕੇ ਅਤੇ ਲੱਡੂ ਵੰਡੇ ਗਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਸੰਜੇ ਕੁਮਾਰ ਸਾਬਕਾ ਸਰਪੰਚ, ਰਣਧੀਰ ਸਿੰਘ ਸਾਬਕਾ ਸਰਪੰਚ, ਡਿੰਪਲ ਰਾਠੌਰ ਸਾਬਕਾ ਸਰਪੰਚ, ਰਜਨੀਸ਼ ਸਾਬਕਾ ਸਰਪੰਚ, ਰਾਜ ਦੁਲਾਰੀ ਸਾਬਕਾ ਸਰਪੰਚ ਅਤੇ ਪਿੰਡ ਦੇ ਨੌਜਵਾਨ ਕਲੱਬ ਮੈਂਬਰ ਤੇ ਮੁਸਲਮਾਨ ਵੈਲਫੇਅਰ ਕਮੇਟੀ ਪਿੰਡ ਫਤਿਹਪੁਰ ਸਿਆਲਬਾ ਦੇ ਮੈਂਬਰ ਵੀ ਹਾਜ਼ਰ ਸਨ।