ਬੇਖੌਫ਼ ਅਵਾਰਾਂ ਕੁੱਤਿਆਂ ਤੋਂ ਜਨਤਾ ਦਹਿਸ਼ਤ ਵਿਚ : ਰਾਜਨ ਸ਼ਰਮਾ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਇਲਾਕੇ ਵਿਚ ਲਗਾਤਾਰ ਅਵਾਰਾਂ ਕੁਤਿੱਆਂ ਦੀ ਗਿਣਤੀ ਤੇ ਕੁਤਿੱਆਂ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਹਾੜਾਂ ਨੇੜਲਾ ਇਲਾਕਾ ਹੋਣ ਕਰਕੇ ਕਈ ਵਾਰ ਜੰਗਲੀ ਜਾਨਵਰਾਂ ਦੇ ਆਉਣ ਦੇ ਸ਼ੱਕ ਨਾਲ ਲੋਕ ਪਹਿਲਾਂ ਡਰ ਵਿੱਚ ਰਹਿੰਦੇ ਹਨ ਪਰ ਅਵਾਰਾਂ ਕੁੱਤਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਤੇ ਇਨ੍ਹਾਂ ਦਾ ਸੜਕਾਂ ਤੇ ਗਲੀਆਂ ਵਿੱਚ ਬੈਠਣਾ ਤੇ ਘੁੰਮਣਾ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕਈ ਵਾਰ ਜਿਹੜੇ ਲੋਕਾਂ ਵੱਲੋਂ ਸਵੇਰੇ ਸ਼ਾਮ ਰੋਜ਼ੀ-ਰੋਟੀ ਲਈ ਦਿਹਾੜੀ, ਕੰਮ-ਕਾਜ ‘ਤੇ ਡਿਊਟੀ ਅਤੇ ਖੇਤਾਂ ਆਦਿ ਵਿੱਚ ਜਾਣ ਵਾਲਿਆਂ, ਸੈਰ ਕਰਨ ਤੇ ਧਾਰਮਿਕ ਸਥਾਨਾਂ ਉੱਤੇ ਵਿੱਚ ਜਾਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਈ ਵਾਰ ਤਾਂ ਚੁੱਪ ਚਾਪ ਬੈਠੇ ਇਹ ਅਵਾਰਾ ਕੁੱਤੇ ਕੋਲ ਨੂੰ ਪੈਦਲ ਲੰਘਣ ਵਾਲੇ ਰਾਹਗੀਰਾਂ ਤੇ ਵਾਹਨਾਂ ਦੇ ਪਿੱਛੇ ਵੀ ਪੈ ਜਾਂਦੇ ਹਨ, ਜਿਸ ਨਾਲ ਇੱਕ ਵਾਰ ਤਾਂ ਪਰੇਸ਼ਾਨੀ ਆਉਂਦੀ ਹੀ ਹੈ। ਹੁਣ ਤਾਂ ਪਾਰਕਾਂ, ਸਟੇਡੀਅਮ ਤੇ ਗਲੀਆਂ ਵਿੱਚ ਖੇਡਣ ਵਾਲੇ ਬੱਚਿਆਂ ਸਮੇਤ ਪਾਰਕਾਂ ਵਿੱਚ ਬੈਠਣ ਵਾਲੇ ਲੋਕ ਵੀ ਕੁੱਤਿਆਂ ਦੇ ਹਮਲਿਆਂ ਤੋਂ ਸੁਰੱਖਿਅਤ ਨਹੀਂ।
ਇਸ ਸੰਬਧੀ ਜਦੋਂ ਵਾਤਾਵਰਣ ਪ੍ਰੇਮੀ ਲੈਕਚਰਾਰ ਰਾਜਨ ਸ਼ਰਮਾ, ਪ੍ਰਧਾਨ ਜ਼ਿਲ੍ਹਾ ਸਾਹਿਤ ਚੇਤਨਾ ਮੰਚ, ਮੁਹਾਲੀ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਾਨਵਰਾਂ ਪ੍ਰਤੀ ਸਨੇਹ ਰੱਖਣ ਵਾਲੀਆਂ ਸੰਸਥਾਂ ਨੂੰ ਬੇਨਤੀ ਕੀਤੀ ਕਿ ਉਹ ਅਵਾਰਾਂ ਕੁੱਤਿਆਂ ਦੇ ਕਹਿਰ ਤੋਂ ਆਮ ਜਨਤਾ ਨੂੰ ਬਚਾਉਣ ਲਈ ਤੇ ਇਨ੍ਹਾਂ ਉੱਤੇ ਕਾਬੂ ਪਾਉਣ ਲਈ ਲੋਕਲ ਬਾਡੀਜ਼ ਤੇ ਪੰਚਾਇਤ ਵਿਭਾਗ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਇਨ੍ਹਾਂ ਤੋਂ ਨਿਜ਼ਾਤ ਦਿਵਾਉਣ ਲਈ ਅੱਗੇ ਆਉਣ ਕਿਉਂਕਿ ਅਵਾਰਾਂ ਕੁੱਤਿਆਂ ਵੱਲੋਂ ਕੀਤੇ ਕਈ ਹਮਲਿਆਂ ਵਿੱਚ ਕਈ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਤੇ ਨਾਲ ਹੀ ਕਿੰਨੇ ਹੀ ਇਨਸਾਨ ਇਨ੍ਹਾਂ ਦੇ ਕਾਰਣ ਜ਼ਖਮੀ ਹੋਏ ਹਨ। ਅਵਾਰਾਂ ਕੁੱਤਿਆ ਕਰਕੇ ਹੀ ਕਈ ਸੜਕ ਹਾਦਸੇ ਵੀ ਵਾਪਰਦੇ ਹਨ। ਰਾਜਨ ਸ਼ਰਮਾ ਨੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਜਿਨ੍ਹਾ ਨੇ ਘਰਾਂ ਵਿੱਚ ਕੁੱਤੇ ਪਾਲੇ ਹੋਏ ਹਨ। ਉਹ ਜਦੋਂ ਕੁੱਤਿਆਂ ਨੂੰ ਬਾਹਰ ਲੈ ਕੇ ਆਉਣ ਤਾਂ ਖੁਲ੍ਹੇ ਨਾ ਲੈ ਕੇ ਆਉਣ ਕਿਉਂਕਿ ਕਈ ਵਾਰ ਜਦੋਂ ਅਜਿਹੇ ਕੁੱਤਾ ਪਾਲਕ ਪਾਰਕਾਂ ਆਦਿ ਵਿੱਚ ਕੁੱਤਿਆਂ ਨੂੰ ਲੈਕੇ ਆਉਂਦੇ ਹਨ ਤਾਂ ਉਹ ਇਨ੍ਹਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ, ਜਿਸ ਨਾਲ ਆਮ ਆਨੰਦ ਲੈਣ ਆਏ ਲੋਕ ਦਹਿਸ਼ਤ ਵਿੱਚ ਆ ਜਾਂਦੇ ਹਨ।