ਨਾਮਵਰ ਸ਼ਾਇਰਾ ਅਰਤਿੰਦਰ ਸੰਧੂ ਨੂੰ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਕੀਤਾ ਗਿਆ ਪ੍ਰਦਾਨ – ਅਨਿੱਲ ਫਤਿਹਗੜ੍ਹ ਜੱਟਾਂ
ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਿਸਟ, ਚਿੰਤਕ ਅਤੇ ਸ਼ਾਇਰ ਡਾ. ਮਨਮੋਹਨ ਨੇ ਕੀਤੀ ਅਤੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਸਾਬਕਾ ਪ੍ਰੋਫੈਸਰ ਅਮੈਰਿਟਿਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ – ਸੁਰਿੰਦਰ ਰਾਮਪੁਰੀ
ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਅਤੇ ਗੁਰਚਰਨ ਰਾਮਪੁਰੀ ਪਰਿਵਾਰ ਵੱਲੋਂ ਅਮਨ ਧੂਰੀ ਸ਼ਾਮਲ ਹੋਏ – ਬਲਵੰਤ ਮਾਂਗਟ
ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:


ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਪ੍ਰਸਿੱਧ ਸ਼ਾਇਰਾ ਅਰਤਿੰਦਰ ਸੰਧੂ ਨੂੰ ਚੌਥਾ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ 2024 ਪ੍ਰਦਾਨ ਕੀਤਾ ਗਿਆ। ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਿਸਟ, ਚਿੰਤਕ ਅਤੇ ਸ਼ਾਇਰ ਡਾ. ਮਨਮੋਹਨ ਨੇ ਕੀਤੀ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਸਾਬਕਾ ਪ੍ਰੋਫੈਸਰ ਅਮੈਰਿਟਿਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮਾਗਮ ਦੇ ਮੁੱਖ ਮਹਿਮਾਨ ਸਨ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਅਤੇ ਗੁਰਚਰਨ ਰਾਮਪੁਰੀ ਪਰਿਵਾਰ ਵੱਲੋਂ ਅਮਨ ਧੂਰੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਨੇ ਆਏ ਲੇਖਕਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ।
ਇਸ ਉਪਰੰਤ ਸੁਰਿੰਦਰ ਰਾਮਪੁਰੀ ਨੇ ਸਭਾ ਵੱਲੋਂ ਦਿੱਤੇ ਜਾਂਦੇ ਸਾਹਿਤਕ ਪੁਰਸਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਸਾਲ 1989 ਤੋਂ ਲਾਭ ਸਿੰਘ ਚਾਤ੍ਰਿਕ ਪੁਰਸਕਾਰ ਤੋਂ ਇਲਾਵਾ ਸੁਰਜੀਤ ਰਾਮਪੁਰੀ ਪੁਰਸਕਾਰ, ਮਾਤਾ ਮੁਹਿੰਦਰ ਕੌਰ ਪੁਰਸਕਾਰ, ਜਸਵੰਤ ਧਮੋਟ ਪੁਰਸਕਾਰ ਅਤੇ ਕਾਮਰੇਡ ਰਣਧੀਰ ਸਿੰਘ ਪੁਰਸਕਾਰ ਜਾਰੀ ਕੀਤੇ ਗਏ। ਸਾਲ 2021 ਤੋਂ ਗੁਰਚਰਨ ਰਾਮਪੁਰੀ ਪੁਰਸਕਾਰ ਦੀ ਸਥਾਪਨਾ ਕੀਤੀ ਗਈ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਮੁੱਖ ਮਹਿਮਾਨ ਵਜੋਂ ਭਾਸ਼ਨ ਦਿੰਦਿਆਂ ਕਿਹਾ ਕਿ ਸਾਹਿਤ ਸਭਾਵਾਂ ਦੀਵੇ ਨਾਲ ਦੀਵਾ ਜਗਾਉਂਦੀਆਂ ਹਨ। ੳਹਨਾਂ ਸਾਹਿਤ ਦੇ ਖੇਤਰ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕਾਂ ਨੂੰ ਸਮਕਾਲ ਬਾਰੇ ਖੁੱਲ੍ਹ ਕੇ ਅਤੇ ਨਿਰੰਤਰ ਲਿਖਣਾ ਚਾਹੀਦਾ ਹੈ।
ਜੋਰਾਵਰ ਸਿੰਘ ਪੰਛੀ ਨੇ ਅਰਤਿੰਦਰ ਸੰਧੂ ਬਾਰੇ ਸ਼ੋਭਾ ਪੱਤਰ ਪੜ੍ਹਿਆ। ਪ੍ਰਧਾਨਗੀ ਮੰਡਲ ਵੱਲੋਂ ਅਰਤਿੰਦਰ ਸੰਧੂ ਨੂੰ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪੁਰਸਕਾਰ ਵਿਚ ਪੱਚੀ ਹਜ਼ਾਰ ਰੁਪਏ ਸਨਮਾਨ ਰਾਸ਼ੀ, ਪੁਸਤਕਾਂ ਅਤੇ ਸ਼ਾਲ ਸ਼ਾਮਲ ਸਨ। ਅਰਤਿੰਦਰ ਸੰਧੂ ਨੇ ਧੰਨਵਾਦ ਦੇ ਸ਼ਬਦ ਬੋਲਦਿਆ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਅਜਿਹਾ ਬਿਰਖ ਹੈ, ਜਿਸਨੂੰ ਵੰਨ-ਸੁਵੰਨੇ ਫ਼ਲ ਲੱਗ ਰਹੇ ਹਨ ਜੋ ਸਾਹਿਤ ਸੁਗੰਧ ਫੈਲਾ ਰਹੇ ਹਨ। ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਬੰਦਾ ਬੀਤ ਜਾਂਦਾ ਹੈ ਪਰ ਉਸਦਾ ਲਿਖਿਆ ਸਾਹਿਤ ਹਮੇਸ਼ਾ ਜਿਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਇਕ ਅਸੰਤੁਸ਼ਟੀ ਹੁੰਦੀ ਹੈ। ਲੇਖਕ ਜਿਸ ਦਿਨ ਸੰਤੁਸ਼ਟ ਹੋ ਗਿਆ, ਉਸ ਦਿਨ ਉਸ ਦੀ ਮੌਤ ਹੋ ਜਾਵੇਗੀ।
ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ। ਉਰਦੂ ਅਤੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਰਦਾਰ ਪੰਛੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਕਵੀ ਦਰਬਾਰ ਦਾ ਆਰੰਭ ਕਮਲਜੀਤ ਨੀਲੋਂ ਦੇ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਗੀਤ ਨਾਲ ਹੋਇਆ। ਗੁਰਸੇਵਕ ਸਿੰਘ ਢਿੱਲੋ, ਜੋਰਾਵਰ ਸਿੰਘ ਪੰਛੀ, ਸੁਰਜੀਤ ਸੁਮਨ, ਬਲਵੰਤ ਮਾਂਗਟ, ਪ੍ਰੀਤ ਸੰਦਲ, ਅਨਿਲ ਫਤਿਹਗੜ੍ਹ ਜੱਟਾਂ, ਨੀਤੂ ਰਾਮਪੁਰ, ਅਰਤਿੰਦਰ ਸੰਧੂ, ਡਾ. ਮਨਮੋਹਨ, ਸਰਦਾਰ ਪੰਛੀ, ਅਮਨ ਧੂਰੀ, ਦੀਪ ਦਿਲਬਰ, ਮਨਜੀਤ ਘਣਗਸ, ਪ੍ਰਭਜੋਤ ਰਾਮਪੁਰ, ਜਸਵੀਰ ਝੱਜ, ਬਲਦੇਵ ਝੱਜ, ਤਰਨਜੀਤ ਕੌਰ ਗਰੇਵਾਲ, ਇੰਦਰਜੀਤ ਕੰਵਲ ਲੋਟੇ, ਹਰਬੰਸ ਮਾਲਵਾ, ਡਾ. ਗੁਲਜ਼ਾਰ ਸਿੰਘ, ਜਗਦੇਵ ਮਕਸੂਦੜਾ, ਮੋਹਨ ਸਿੰਘ ਕੋਟਾਲਾ, ਕੁਲਦੀਪ ਸਿੰਘ ਮਲੀਪੁਰ, ਇੰਦਰਜੀਤ ਸਿੰਘ ਮਲੀਪੁਰ, ਹਰਬੰਸ ਰਾਏ, ਅਮਨ ਧੂਰੀ, ਬਲਵੰਤ ਸਿੰਘ ਵਿਰਕ, ਭੁਪਿੰਦਰ ਦਿਓਟ, ਹਰਦੀਪ ਗਿੱਲ ਆਦਿ ਨੇ ਕਵਿਤਾਵਾਂ ਪੜ੍ਹੀਆਂ।
ਇਸ ਸਮੇਂ ਰਣਜੀਤ ਭੁੱਟਾ, ਜੋਗਿੰਦਰ ਸਿੰਘ ਉਬਰਾਏ, ਸੁਰਜੀਤ ਵਿਸ਼ਾਦ, ਤਰਨ ਬੱਲ, ਸੁਖਵਿੰਦਰ ਸਿੰਘ ਭਾਦਲਾ, ਨੇਤਰ ਸਿੰਘ ਮੁੱਤੋ, ਰਾਜਵੰਤ ਕੌਰ, ਰਾਜ ਪੁਸ਼ਵਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਸ਼ਾਮਲ ਸਨ। ਅੰਤ ਵਿਚ ਕਹਾਣੀਕਾਰ ਗੁਰਦਿਆਲ ਦਲਾਲ ਨੇ ਸਾਰੀਆਂ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਲੇਖਕਾਂ ਨੂੰ ਚੰਗਾ ਲਿਖਣ ਅਤੇ ਵਧੀਆ ਪੜ੍ਹਨ ਦਾ ਸੰਦੇਸ਼ ਦਿੰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਪਣੀ ਗ਼ਜ਼ਲ ਸੁਣਾਈ। ਬਲਵੰਤ ਮਾਂਗਟ ਅਤੇ ਪ੍ਰੀਤ ਸੰਦਲ ਨੇ ਬਹੁਤ ਸੁਚੱਜੇ ਢੰਗ ਨਾਲ ਸਟੇਜ ਸੰਚਾਲਨ ਕੀਤਾ।
ਬਲਵੰਤ ਮਾਂਗਟ, ਜਨਰਲ ਸਕੱਤਰ, ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ)

