www.sursaanjh.com > ਅੰਤਰਰਾਸ਼ਟਰੀ > ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ

ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ

ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ
ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੰਗਰੂਰ ਦੀ ਟੀਮ ਚੈਂਪੀਅਨ ਬਣੀ
ਚੰਡੀਗੜ੍ਹ 11 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਕੂਲ ਸਿੱਖਿਆ ਵਿਭਾਗ ਵਲੋਂ ਇੱਥੇ ਕਰਵਾਈਆਂ ਜਾ ਰਹੀਆਂ 68ਵੀਆਂ ਰਾਜ ਪੱਧਰੀ ਸਕੂਲਾਂ ਖੇਡਾਂ ਦੇ 17 ਸਾਲ ਵਰਗ ਦੇ ਕਬੱਡੀ ਅਤੇ 17 ਤੇ 19 ਸਾਲ ਵਰਗ ਦੇ ਬੈਡਮਿੰਟਨ ਮੁਕਾਬਲੇ ਅੱਜ ਇੱਥੇ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਮੁਕੰਮਲ ਹੋਏ। ਪੰਜ ਰੋਜ਼ਾ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਸਮੂਹ ਜ਼ਿਲਿ੍ਹਆਂ ਤੋਂ ਆਏ 700 ਤੋਂ ਵੀ ਵਧੇਰੇ ਖਿਡਾਰੀਆਂ ਨੇ ਭਾਗ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਹੋਏ ਇਨ੍ਹਾਂ ਪੰਜ ਰੋਜ਼ਾ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਬੈਡਮਿੰਟਨ ਦੇ 17 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਫਾਈਨਲ ਵਿੱਚ ਜਲੰਧਰ ਨੂੰ ਹਰਾ ਕੇ ਪਹਿਲਾ ਸਥਾਨ ਆਪਣੇ ਨਾਂ ਕੀਤਾ। ਇਸ ਵਰਗ ਵਿੱਚ ਜਲੰਧਰ ਉੱਪ ਜੇਤੂ ਬਣੀ ਜਦਕਿ ਤੀਜਾ ਸਥਾਨ ਫਾਜ਼ਿਲਕਾ ਦੇ ਹਿੱਸੇ ਆਇਆ। ਬੈਡਮਿੰਟਨ ਦੇ ਲੜਕਿਆਂ ਦੇ 19 ਸਾਲ ਵਰਗ ਵਿੱਚ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਚੈਂਪੀਅਨ ਬਣੀ ਜਦਕਿ ਕਪੂਰਥਲਾ ਦੂਜੇ  ਅਤੇ ਸੰਗਰੂਰ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਇਸੇ ਦੌਰਾਨ ਅੱਜ ਹੋਏ 17 ਸਾਲ ਵਰਗ ਦੇ ਲੜਕਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਦਾ ਫਾਈਨਲ ਮੈਚ ਸੰਗਰੂਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਫਸਵੇਂ ਮੈਚ ਵਿੱਚ ਸੰਗਰੂਰ ਦੀ ਟੀਮ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਪਹਿਲਾਂ ਸਥਾਨ ਹਾਸਲ ਕੀਤਾ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਉੱਪ ਜੇਤੂ ਰਹੀ ਜਦਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।
ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਟਰਾਫ਼ੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਡਾ: ਗਿੰਨੀ ਦੁੱਗਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਬੱਡੀ ਦੀਆਂ ਜੇਤੂ ਟੀਮਾਂ ਨੂੰ ਜ਼ਿਲ੍ਹਾ ਸਪੋਰਟਸ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਇਨਾਮਾਂ ਦੀ ਵੰਡ ਕੀਤੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਜਿੱਤ ਹਾਸਲ ਕਰਨ ਵਾਲੀਆਂ ਟੀਮਾਂ ਕੌਮੀ ਖੇਡਾਂ ਵਿੱਚ ਪੰਜਾਬ ਸੂਬੇ ਦੀ ਪ੍ਰਤੀਨਿਧਤਾ ਕਰਨਗੀਆਂ। ਉਨ੍ਹਾਂ ਖੇਡਾਂ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਸਭਨਾ ਦਾ ਧੰਨਵਾਦ ਵੀ ਕੀਤੀ। ਇਸ ਮੌਕੇ ਬੈਡਮਿੰਟਨ ਦੇ ਕਨਵੀਨਰ ਰੁਪਿੰਦਰ ਕੌਰ ਝੰਜੇੜੀ,ਨਰੇਸ਼ ਕੁੰਡੂ,ਤਰਿੰਦਰ ਸੰਧੂ,ਕੰਚਨ ਠਾਕੁਰ,ਹਰਪ੍ਰੀਤ ਸਿੰਘ ਹੁਸ਼ਿਆਰਪੁਰ, ਪਰਮਵੀਰ ਕੌਰ,ਕਬੱਡੀ ਦੇ ਕਨਵੀਨਰ ਸੁਖਵਿੰਦਰ ਸਿੰਘ ਸੈਦਪੁਰ ਤੇ ਹਰਪ੍ਰੀਤ ਸਿੰਘ ਹੁਸ਼ਿਆਰਪੁਰ,ਮੁੱਖ ਅਧਿਆਪਕ ਸੰਜੀਵ ਕੁਮਾਰ,ਭੁਪਿੰਦਰ ਸਿੰਘ ਗੀਗੇਮਾਜਰਾ,ਅਮਨਪ੍ਰੀਤ ਕੌਰ ਗਿੱਲ,ਹਰਵਿੰਦਰ ਸਿੰਘ ਮੀਆਂਪੁਰ ਚੰਗਰ, ਅੰਕੁਰ ਖਰਵੰਦਾ, ਕੁਲਦੀਪ ਸਿੰਘ, ਅਨੂ ਓਬਰਾਏ, ਸਤਨਾਮ ਸਿੰਘ, ਪਰਮਵੀਰ ਕੌਰ, ਵਰਿੰਦਰ ਸਿੰਘ, ਭਵਦੀਪ ਸਿੰਘ, ਅਧਿਆਤਮ ਪ੍ਰਕਾਸ਼ ਤਿਊੜ ਤੇ ਹੋਰ ਵੀ ਹਾਜ਼ਰ ਸਨ।
ਫੋਟੋ:  ਬੈਡਮਿੰਟਨ ਵਿੱਚ ਜਿੱਤ ਹਾਸਲ ਕਰਨ ਵਾਲੀਆਂ ਟੀਮਾਂ ਤੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਤੇ ਹੋਰ।

Leave a Reply

Your email address will not be published. Required fields are marked *