ਦਰਸ਼ਕਾਂ ਦੇ ਚੇਤਿਆਂ ਵਿੱਚ ਵੱਸਿਆ ਰਹੇਗਾ ਡਾ. ਰਵੇਲ ਸਿੰਘ ਜੀ ਦਾ ਸੰਘਰਸ਼ਮਈ ਜੀਵਨ – ਰੂਬਰੂ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ
ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ:
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ“ 13 ਅਕਤੂਬਰ ਐਤਵਾਰ ਨੂੰ ਆਨਲਾਈਨ ਕਰਵਾਇਆ ਗਿਆ। ਰਮਿੰਦਰ ਵਾਲੀਆ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਵਿੱਚ ਡਾ. ਰਵੇਲ ਸਿੰਘ ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਅਤੇ ਕਨਵੀਨਰ ਪੰਜਾਬੀ ਸਲਾਹਕਾਰ ਬੋਰਡ ਸਾਹਿਤ ਅਕਾਦਮੀ ਦਿੱਲੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਪ੍ਰੋਗਰਾਮ ਦੇ ਸੰਚਾਲਕ ਪ੍ਰੋਫੈਸਰ ਕੁਲਜੀਤ ਕੌਰ ਵੱਲੋਂ ਡਾਕਟਰ ਰਵੇਲ ਸਿੰਘ ਜੀ ਨਾਲ ਉਨਾਂ ਦੇ ਜੀਵਨ ਸਫਰ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ।
ਇਸ ਗੱਲਬਾਤ ਦੌਰਾਨ ਦੇਸ਼ ਵਿਦੇਸ਼ ਤੋਂ ਦਰਸ਼ਕਾਂ ਨੇ ਬਹੁਤ ਦਿਲਚਸਪੀ ਨਾਲ ਪ੍ਰੋਗਰਾਮ ਵਿੱਚ ਭਾਗ ਲਿਆ ਤੇ ਆਪਣੀਆਂ ਟਿੱਪਣੀਆਂ ਵੀ ਕੀਤੀਆਂ। ਪ੍ਰੋਗਰਾਮ ਦਾ ਆਰੰਭ ਡਾਕਟਰ ਬਲਜੀਤ ਕੌਰ ਰਿਆੜ ਕਨਵੀਨਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਡਾਕਟਰ ਰਵੇਲ ਸਿੰਘ ਬਾਰੇ ਜਾਣਕਾਰੀ ਤੋਂ ਕੀਤਾ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਤੇ ਉਹਨਾਂ ਦੀਆਂ ਸਾਹਿਤਿਕ ਪ੍ਰਾਪਤੀਆਂ ਬਾਰੇ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਅੱਠ ਪੁਸਤਕਾਂ ਪੰਜਾਬੀ ਵਿੱਚ, ਦੋ ਅੰਗਰੇਜ਼ੀ ਵਿੱਚ, ਦੋ ਹਿੰਦੀ ਵਿੱਚ ਤੇ 12 ਅਨੁਵਾਦ ਪੁਸਤਕਾਂ ਵਿੱਚ ਆਪਣਾ ਯੋਗਦਾਨ ਪਾਇਆ। ਆਪ ਸਕੱਤਰ ਜਨਰਲ ਇੰਟਰਨੇਸ਼ਨਲ ਸੈਂਟਰ ਫਾਰਸੀ ਸਟਡੀਜ਼ ਦਿੱਲੀ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਨਾਂ ਨੂੰ ਅਜਿਹੇ ਸਫ਼ਲ ਇਨਸਾਨ ਦੱਸਿਆ ਜੋ ਦੂਸਰਿਆਂ ਲਈ ਪ੍ਰੇਰਨਾ ਸਰੋਤ ਹਨ।
ਉਪਰੰਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਸੁਰਜੀਤ ਟੋਰਾਂਟੋ ਜੀ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ। ਉਹਨਾਂ ਨੇ ਡਾਕਟਰ ਰਵੇਲ ਸਿੰਘ ਦੀ ਸ਼ਖਸੀਅਤ ਨੂੰ ਸਾਹਿਤ ਅਤੇ ਸਮਾਜ ਲਈ ਇੱਕ ਅਜਿਹਾ ਮਾਰਗ ਦਰਸ਼ਨ ਦੱਸਿਆ, ਜਿਨ੍ਹਾਂ ਦੇ ਜੀਵਨ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਤੇ ਉਹਨਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਵੀ ਜਾਣੂੰ ਕਰਵਾਇਆ। ਇਸ ਉਪਰੰਤ ਰਮਿੰਦਰ ਵਾਲੀਆ ਰੰਮੀ ਨੇ ਡਾਕਟਰ ਰਵੇਲ ਸਿੰਘ ਜੀ ਦੀ ਨਵੇਂ ਸਾਹਿਤਕਾਰਾਂ ਨੂੰ ਸੇਧ ਦੇਣ ਅਤੇ ਉਹਨਾਂ ਦਾ ਉਤਸ਼ਾਹ ਵਧਾਉਣ ਦੀ ਰੁਚੀ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਦੱਸਿਆ ਕਿ ਮੈਨੂੰ ਇਹ ਮਾਣ ਹਾਸਿਲ ਹੈ ਕਿ ਮੇਰੀ ਦੂਸਰੀ ਕਾਵਿ ਪੁਸਤਕ (ਤੇਰੀ ਚਾਹਤ) ਡਾ. ਰਵੇਲ ਸਿੰਘ ਜੀ ਦੀ ਯੋਗ ਅਗਵਾਈ ਤੇ ਰਹਿਨੁਮਾਈ ਹੇਠ ਪਬਲਿਸ਼ ਹੋਈ ਹੈ। ਪ੍ਰੋਫੈਸਰ ਕੁਲਜੀਤ ਕੌਰ ਨੇ ਡਾਕਟਰ ਰਵੇਲ ਸਿੰਘ ਜੀ ਨੂੰ ਪ੍ਰੋਫੈਸਰ, ਲੇਖਕ, ਚਿੰਤਕ, ਥਿਏਟਰ ਅਤੇ ਮੀਡੀਆ ਨਾਲ ਜੁੜੀ ਸ਼ਖਸੀਅਤ ਦੱਸਿਆ ਤੇ ਉਹਨਾਂ ਦਾ ਸਿਰਜਣਾ ਦੇ ਆਰ ਪਾਰ ਵਿੱਚ ਸ਼ਾਮਿਲ ਹੋਣਾ ਪ੍ਰੋਗਰਾਮ ਵਾਸਤੇ ਬਹੁਤ ਮਾਣ ਦੀ ਗੱਲ ਦੱਸਿਆ। ਇਹ ਵਰਨਣ ਯੋਗ ਹੈ ਕਿ ਡਾਕਟਰ ਰਵੇਲ ਸਿੰਘ ਨੌਜਵਾਨ ਪੀੜੀ ਨੂੰ ਪੰਜਾਬੀ ਸਾਹਿਤ ਤੇ ਨਾਟਕ ਨਾਲ ਕਿਵੇਂ ਜੋੜੀਏ ਤੇ ਪੰਜਾਬੀ ਥਿਏਟਰ ਬਾਰੇ ਅਨੇਕਾਂ ਹੀ ਵੀਡੀਓਜ਼ ਤੇ ਆਪਣੇ ਵਿਚਾਰ ਪ੍ਰਸਤੁਤ ਕਰਦੇ ਰਹੇ ਹਨ।
ਡਾਕਟਰ ਰਵੇਲ ਸਿੰਘ ਨੇ ਆਪਣੇ ਜੀਵਨ ਦੇ ਮੁਢਲੇ ਸਾਲਾਂ ਬਾਰੇ ਦਰਸ਼ਕਾਂ ਨੂੰ ਦੱਸ ਕੇ ਬਹੁਤ ਭਾਵੁਕ ਕਰ ਦਿੱਤਾ ਕਿ ਉਹ ਇੱਕ ਅਨਪੜ੍ਹ ਪਰਿਵਾਰ ਵਿੱਚੋਂ ਸਨ ਤੇ ਉਹਨਾਂ ਦਾ ਪਿੰਡ ਭੋਗਪੁਰ ਦੇ ਨੇੜੇ ਜਲੰਧਰ ਜ਼ਿਲ੍ਹੇ ਵਿੱਚ ਹੈ।ਸਤ ਭੈਣਾਂ ਦਾ ਲਾਡਲਾ ਭਰਾ ਡਾਕਟਰ ਰਵੇਲ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੈ। ਜਦੋਂ ਉਹ ਛੋਟੇ ਸਨ ਤਾਂ ਪਰਿਵਾਰ ਦੇ ਆਰਥਿਕ ਹਾਲਤ ਬਹੁਤ ਵਧੀਆ ਨਹੀਂ ਸਨ ਤੇ ਉਹਨਾਂ ਨੂੰ ਆਪਣੀ ਪੜ੍ਹਾਈ ਕਰਨ ਵਿੱਚ ਵੀ ਬਹੁਤ ਮੁਸ਼ਕਿਲਾਂ ਆਈਆਂ। ਸਰਕਾਰੀ ਸਕੂਲ ਵਿੱਚ ਦਸਵੀਂ ਕਰਨ ਤੋਂ ਬਾਅਦ ਉਹਨਾਂ ਅੱਗੇ ਪੜ੍ਹਣ ਦੀ ਇੱਕ ਚੁਣੌਤੀ ਸੀ ਤੇ ਆਪਣੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਸਰ ਕਰਦੇ ਹੋਏ ਆਪ ਨੇ ਐਮ ਏ ਪੰਜਾਬੀ ਤੱਕ ਦੀ ਪੜ੍ਹਾਈ ਕੀਤੀ ਤੇ ਪੜ੍ਹਾਈ ਦੇ ਨਾਲ ਨਾਲ ਆਪ ਨੇ ਕਈ ਆਪਣੇ ਕੰਮ ਵੀ ਕੀਤੇ, ਜਿਹਨਾਂ ਵਿੱਚ ਟਿਊਸ਼ਨ ਪੜਾਉਣਾ ਵੀ ਸ਼ਾਮਿਲ ਹੈ। ਆਪ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਤੇ ਪ੍ਰੋਫੈਸਰ ਕੁਲਵੰਤ ਕੌਰ ਜੀ ਦੇ ਆਪਣੀ ਜ਼ਿੰਦਗੀ ਵਿੱਚ ਵਿਸ਼ੇਸ਼ ਯੋਗਦਾਨ ਬਾਰੇ ਗੱਲ ਕੀਤੀ ਕਿ ਉਹਨਾਂ ਨੇ ਉਹਨਾਂ ਦੀਆਂ ਰੁਚੀਆਂ ਸਮਝਦਿਆਂ ਹੋਇਆਂ ਉਹਨਾਂ ਦੀ ਮਦੱਦ ਕੀਤੀ ਸੀ। ਆਲ ਇੰਡੀਆ ਰੇਡੀਓ ਵਿੱਚ ਵੀ ਉਹਨਾਂ ਨੇ ਨੌਕਰੀ ਕੀਤੀ, ਜਿੱਥੇ ਨਿਊਜ਼ ਬੁਲਿਟਨ ਦਾ ਅਨੁਵਾਦ ਕਰਨ ਵਿੱਚ ਉਹਨਾਂ ਨੂੰ ਕਾਫੀ ਚੁਣੌਤੀ ਭਰਿਆ ਕੰਮ ਕਰਨਾ ਪਿਆ ਤੇ ਨਾਲ ਹੀ ਇਹ ਉਹਨਾਂ ਦਾ ਆਰਥਿਕ ਤੌਰ ਤੇ ਮਦਦਗਾਰ ਵੀ ਸਾਬਤ ਹੋਇਆ। ਆਪ ਦੇ ਪਰਿਵਾਰ ਨੂੰ ਆਪ ਤੋਂ ਬੜੀਆਂ ਉਮੀਦਾਂ ਸਨ ਤੇ ਉਨਾਂ ਉਮੀਦਾਂ ਅੱਗੇ ਚੁਣੌਤੀਆਂ ਵੀ ਸਨ। ਆਪ ਨੇ ਬੜੀ ਬੇਬਾਕੀ ਨਾਲ ਆਪਣੇ ਜੀਵਨ ਦੀਆਂ ਤਕਲੀਫਾਂ ਦਾ ਬਿਆਨ ਕੀਤਾ।
ਦਿੱਲੀ ਵਿੱਚ ਰਹਿੰਦਿਆਂ ਜੋ ਸੰਘਰਸ਼ ਕੀਤਾ, ਉਸ ਬਾਰੇ ਉਹਨਾਂ ਨੇ ਬਹੁਤ ਵਿਸਥਾਰ ਵਿੱਚ ਦੱਸਿਆ, ਜਿਸ ਤੋਂ ਨੌਜਵਾਨ ਪੀੜੀ ਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ। ਡਾਕਟਰ ਰਵੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਸੰਘਰਸ਼ ਦੇ ਦਿਨਾਂ ਦੀ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਦਿੱਲੀ ਦੀਆਂ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਅਤੇ ਰਾਜਨੀਤਕ ਸ਼ਖਸੀਅਤਾਂ ਦੇ ਸੰਪਰਕ ਵਿੱਚ ਆਏ, ਜਿਨਾਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ। ਉਹਨਾਂ ਨੇ ਗਿਆਨੀ ਜ਼ੈਲ ਸਿੰਘ ਜੀ ਨਾਲ ਆਪਣੇ ਬਿਤਾਏ ਸਮੇਂ ਦੀ ਦਾ ਜ਼ਿਕਰ ਵੀ ਕੀਤਾ। ਡਾਕਟਰ ਸਤਿੰਦਰ ਸਿੰਘ ਨੂਰ ਵੱਲੋਂ ਉਹਨਾਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਦਾ ਸਬੱਬ ਵੀ ਉਹਨਾਂ ਵਾਸਤੇ ਬਹੁਤ ਲਾਭਦਾਇਕ ਰਿਹਾ। ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਡਾਕਟਰ ਹਰਭਜਨ ਸਿੰਘ, ਡਾਕਟਰ ਜਸਵੰਤ ਸਿੰਘ ਨੇਕੀ, ਅਜੀਤ ਕੌਰ ਤੇ ਹੋਰ ਉਸ ਸਮੇਂ ਦੇ ਚੋਟੀ ਦੇ ਸਾਹਿਤਕਾਰਾਂ ਨਾਲ ਆਪ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਆਪ ਨੇ ਦੱਸਿਆ ਕਿ ਆਪ ਨੇ ਸਾਹਿਤਕ ਅਕਾਦਮੀ ਦੇ ਵਿੱਚ ਰਹਿੰਦਿਆਂ ਬਹੁਤ ਸਾਰੇ ਵੱਡੇ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ, ਜਿਨਾਂ ਵਿੱਚ ਸਿੱਖ ਸੰਗੀਤ ਬਾਰੇ ਕਰਾਇਆ ਜਾਣ ਵਾਲਾ ਪ੍ਰੋਗਰਾਮ ਆਪਣੇ ਆਪ ਵਿੱਚ ਇੱਕ ਮਿਸਾਲ ਹੈ।ਡਾਕਟਰ ਰਵੇਲ ਸਿੰਘ ਨੇ ਪੀਐਚਡੀ ਕਰਨ ਦਾ ਸਫਰ ਵਿੱਚ ਡਾਕਟਰ ਜੋਗਿੰਦਰ ਸਿੰਘ ਕੈਰੋਂ, ਡਾਕਟਰ ਸਤੀਸ਼ ਕੁਮਾਰ ਵਰਮਾ ਵੱਲੋਂ ਪਾਏ ਮਾਰਗਦਰਸ਼ਨ ਨੂੰ ਵੀ ਆਪਣੇ ਲਈ ਇੱਕ ਉੱਤਮ ਮੌਕਾ ਦੱਸਿਆ। ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਦੇ ਤੌਰ ਤੇ ਨੌਕਰੀ ਕਰਨ ਦੇ ਆਪਣੇ ਅਨੁਭਵ ਨੂੰ ਵੀ ਦਰਸ਼ਕਾਂ ਨਾਲ ਸਾਂਝਾ ਕੀਤਾ। ਉਹਨਾਂ ਨੇ ਆਪਣੇ ਨਿੱਜੀ ਪਰਿਵਾਰਕ ਜ਼ਿੰਦਗੀ ਬਾਰੇ ਵੀ ਕੁਝ ਵਿਚਾਰ ਸਾਂਝੇ ਕੀਤੇ ਤੇ ਥਿਏਟਰ ਨਾਲ ਜੁੜਣ ਦਾ ਕਾਰਨ ਦੱਸਿਆ ਕਿ ਉਹ ਪਿੰਡਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਵਾਕਿਆ ਵੇਖਦੇ ਸਨ, ਜਿਨਾਂ ਨੇ ਉਹਨਾਂ ਦੇ ਅੰਦਰ ਥੀਏਟਰ ਨਾਲ ਜੁੜਨ ਦੀ ਰੁਚੀ ਪੈਦਾ ਕਰ ਦਿੱਤੀ ਸੀ। ਡਾ. ਰਵੇਲ ਸਿੰਘ ਨੇ ਜਿੱਥੇ ਆਪਣੇ ਕੈਰੀਅਰ ਵਾਸਤੇ ਸੰਘਰਸ਼ ਕੀਤਾ, ਉਥੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦੇ ਰਹੇ। ਆਕਾਸ਼ਵਾਣੀ ਦਿੱਲੀ ਵਿਖੇ ਵੀ ਨਿਊਜ਼ ਕਾਸਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇਣ ਦਾ ਉਹਨਾਂ ਨੂੰ ਮੌਕਾ ਮਿਲਿਆ।
1982 ਤੋਂ ਪੰਜਾਬੀ ਸਾਹਿਤ ਅਕਾਦਮੀ ਨਾਲ ਜੁੜਨ ਦਾ ਆਪਣਾ ਤੁਜ਼ਰਬਾ ਉਹਨਾਂ ਨੇ ਕੇ ਸਾਂਝਾ ਕੀਤਾ ਤੇ 2021 ਤੋਂ ਦਿੱਲੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਮੁਕੰਮਲ ਤੌਰ ਤੇ ਸਾਹਿਤ ਸੰਸਥਾਵਾਂ ਨਾਲ ਜੁੜਣਾ ਤੇ ਸਾਹਿਤ ਤੇ ਸਮਾਜ ਦੀ ਬੇਹਤਰੀ ਲਈ ਕੁਝ ਕਰਨਾ ਆਪਣਾ ਮੰਤਵ ਬਣਾ ਲਿਆ। ਇਸ ਪ੍ਰੋਗਰਾਮ ਬਾਰੇ ਡਾ. ਦਲਬੀਰ ਸਿੰਘ ਕਥੂਰੀਆ ਜੀ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਅਤੇ ਡਾ .ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸ. ਮਲੂਕ ਸਿੰਘ ਕਾਹਲੋਂ ਕਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਵੀ ਆਪਣੇ ਵਿਚਾਰ ਦੱਸੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਦਰਸ਼ਕਾਂ ਲਈ ਪ੍ਰੇਰਨਾ ਸਰੋਤ ਦੱਸਿਆ। ਪਰਮਜੀਤ ਦਿਓਲ ਨੇ ਡਾਕਟਰ ਰਵੇਲ ਸਿੰਘ ਦੀ ਸ਼ਖਸੀਅਤ ਨੂੰ ਗੁਣਕਾਰੀ ਦੱਸਦਿਆਂ ਥਿਏਟਰ ਅਤੇ ਸਾਹਿਤ ਜਗਤ ਵਿੱਚ ਉਹਨਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਦੱਸਿਆ।
ਪ੍ਰੋਗਰਾਮ ਦੇ ਅੰਤ ਵਿੱਚ ਸ. ਪਿਆਰਾ ਸਿੰਘ ਕੁੱਦੋਵਾਲ ਜੀ (ਮੁੱਖ ਸਲਾਹਕਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ) ਨੇ ਇਸ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਡਾਕਟਰ ਰਵੇਲ ਸਿੰਘ ਦੀ ਸ਼ਖਸੀਅਤ ਬਾਰੇ ਉਹਨਾਂ ਵੱਲੋਂ ਕੀਤੇ ਗਏ ਸੰਵਾਦ ਨੂੰ ਬੜਾ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸਾਂਝਾ ਕੀਤਾ ਗਿਆ ਜੀਵਨ ਅਨੁਭਵ ਦੱਸਿਆ। ਉਹਨਾਂ ਦੱਸਿਆ ਕਿ ਡਾਕਟਰ ਰਵੇਲ ਸਿੰਘ ਨੇ ਬੜੀ ਬੇਬਾਕੀ ਨਾਲ ਆਪਣੇ ਜੀਵਨ ਦੀਆਂ ਤਕਲੀਫਾਂ ਨੂੰ ਬਿਆਨ ਕੀਤਾ ਹੈ। ਦਿੱਲੀ ਦਾ ਸੰਘਰਸ਼ ਤੇ ਪੁਲਿਸ ਚੌਂਕੀ ਵਿਚ ਜਾ ਕੇ ਥੱਲੇ ਸੌਣਾ, ਭੁੱਖ ਅਤੇ ਗਰੀਬੀ ਦੇ ਦਿਨ ਕੱਟਣਾ ਨੌਜਵਾਨ ਪੀੜ੍ਹੀ ਲਈ ਇੱਕ ਸਬਕ ਹੈ ਤੇ ਪ੍ਰਵਾਸ ਹੰਢਾ ਰਹੇ ਬੱਚਿਆਂ ਦੀ ਸੰਘਰਸ਼ ਪੂਰਨ ਜ਼ਿੰਦਗੀ ਵਿੱਚ ਉਹਨਾਂ ਨੂੰ ਹਿੰਮਤ ਦੇਣ ਵਾਲਾ ਅਨੁਭਵ ਹੈ। ਉਹਨਾਂ ਨੇ ਡਾ. ਰਵੇਲ ਸਿੰਘ ਦੀ ਸ਼ਖਸੀਅਤ ਦੇ ਵਿਸ਼ੇਸ਼ ਗੁਣ ਬਾਰੇ ਦੱਸਿਆ ਕਿ ਬਹੁਤ ਸਾਰੇ ਕੰਮ ਕਰਕੇ ਤੇ ਸੰਘਰਸ਼ ਕਰਕੇ ਵੀ ਸਮਾਜ ਪ੍ਰਤੀ ਉਹਨਾਂ ਦੇ ਮਨ ਵਿੱਚ ਕੋਈ ਰੋਸ ਨਹੀਂ ਹੈ। ਕਈ ਵਾਰ ਲੋਕ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਤੰਗ ਆ ਕੇ ਦੂਸਰਿਆਂ ਦੀ ਇੱਜ਼ਤ ਕਰਨੀ ਛੱਡ ਦਿੰਦੇ ਹਨ ਤੇ ਨਿਰਾਸ਼ ਹੁੰਦੇ ਹਨ ਪਰ ਡਾ. ਰਵੇਲ ਸਿੰਘ ਨੇ ਆਪਣੀ ਸ਼ਖਸੀਅਤ ਵਿੱਚ ਨਿਮਰਤਾ ਤੇ ਜ਼ਿੰਦਾਦਿਲੀ ਨੂੰ ਕਾਇਮ ਰੱਖਿਆ। ਉਹ ਸਾਹਿਤ ਜਗਤ ਦੀਆਂ ਬਹੁਤ ਸਾਰੀਆਂ ਊਣਤਾਈਆਂ ਤੋ ਵਾਕਫ ਸਨ ਪਰ ਉਹਨਾਂ ਨੇ ਮਾਂ ਬੋਲੀ ਦੇ ਸਤਿਕਾਰ ਵਿੱਚ ਬਹੁਤ ਕੁਝ ਕੀਤਾ। ਡਾ. ਰਵੇਲ ਸਿੰਘ ਨੇ ਨਿਰੰਤਰਤਾ ਨੂੰ ਕਾਇਮ ਰੱਖਿਆ ਤਾਕਤ ਤੇ ਹਿੰਮਤ ਬਖਸ਼ਣ ਵਾਲੀਆਂ ਉਸਾਰੂ ਗੱਲਾਂ ਕੀਤੀਆਂ ਹਨ।
ਉਹਨਾਂ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਦਾ ਤੇ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਰਿੰਟੂ ਭਾਟੀਆ, ਸ. ਗੁਰਚਰਨ ਸਿੰਘ ਜੋਗੀ, ਡਾ. ਅਮਰਜੋਤੀ ਮਾਂਗਟ, ਇੰਜ. ਜਗਦੀਪ ਮਾਂਗਟ, ਡਾ. ਪੁਸ਼ਵਿੰਦਰ ਕੌਰ, ਮਹਿੰਦਰ ਕੌਰ ਕਟਾਰੀਆ, ਅੰਮ੍ਰਿਤਾ ਦਰਸ਼ਨ ਤੇ ਹੋਰ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਅੰਤਰਰਾਸ਼ਟਰੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੀਟਿੰਗ ਦੀ ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ। ਰਮਿੰਦਰ ਰੰਮੀ ਨੇ ਦੱਸਿਆ ਕਿ ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਤੇ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ, ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ। ਦਰਸ਼ਕਾਂ ਨੂੰ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਸੁਨਣਾ ਤੇ ਪ੍ਰੋਗਰਾਮ ਨੂੰ ਸਮਅੱਪ ਕਰਨ ਦਾ ਉਹਨਾਂ ਦੇ ਵਿਲੱਖਣ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।