ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦਾ ਸਲਾਨਾ ਸ਼ਾਨਦਾਰ ਪ੍ਰੋਗਰਾਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਕਤੂਬਰ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋੰ ਕਮਿਊਨਿਟੀ ਸੈਂਟਰ ਸੈਕਟਰ 42 ਵਿਖੇ ਸ਼ਾਨਦਾਰ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਪੰਜਾਬ ਹਰਿਆਣਾ ਖਾਦੀ ਮੰਡਲ ਦੇ ਪ੍ਰਧਾਨ ਸ੍ਰੀ ਕੇ. ਕੇ ਸ਼ਾਰਦਾ ਸਨ ਅਤੇ ਪ੍ਰਧਾਨਗੀ ਉੱਘੇ ਸਾਹਿਤਕਾਰ ਸ੍ਰੀ ਪ੍ਰੇਮ ਵਿੱਜ ਜੀ ਨੇ ਕੀਤੀ। ਸ਼ੁਰੂ ਵਿਚ ਜਨਰਲ ਸਕੱਤਰ ਸ੍ਰੀਮਤੀ ਦਵਿੰਦਰ ਕੌਰ ਢਿਲੋਂ ਨੇ ਸਭ ਮਹਿਮਾਨਾਂ ਅਤੇ ਸਰੋਤਿਆਂ ਨੂੰ “ਜੀ ਆਇਆਂ” ਆਖਿਆ ਅਤੇ ਅੱਜ ਦੇ ਪ੍ਰੋਗਰਾਮ ਦਾ ਮੰਤਵ ਦੱਸਿਆ।
ਕੇਂਦਰ ਦੇ ਪ੍ਰਧਾਨ ਸ: ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਸਾਲਾਨਾ ਪ੍ਰੋਗਰਾਮ ਇਸ ਕਰਕੇ ਨਿਵੇਕਲਾ ਹੈ ਕਿ ਇਸ ਵਿਚ ਪੰਜਾਬੀ ਸਭਿਆਚਾਰ ਨੂੰ ਕੋਰੀਓਗ੍ਰਾਫੀ, ਗੀਤ-ਸੰਗੀਤ, ਸਕਿੱਟ ਅਤੇ ਜਾਗੋ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੋਗਰਾਮ ਦੀ ਸ਼ੁਰੂਆਤ ਪਿੰਜੌਰ ਤੋਂ ਪਹੁੰਚੇ ਗੁਰਦਾਸ ਸਿੰਘ ਦਾਸ ਦੇ ਧਾਰਮਿਕ ਗੀਤ ਨਾਲ ਹੋਈ। ਕੋਰੀਓਗ੍ਰਾਫੀ “ਪੰਜਾਬ ਦੀ ਮਿੱਟੀ” ਨੂੰ ਦਵਿੰਦਰ ਕੌਰ ਢਿੱਲੋਂ, ਮਲਕੀਤ ਕੌਰ ਬਸਰਾ, ਨਰਿੰਦਰ ਕੌਰ ਲੌਂਗੀਆ, ਚਰਨਜੀਤ ਕੌਰ ਬਾਠ, ਰਮਨਦੀਪ ਕੌਰ, ਜੋਤੀ ਨੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ।
ਸੁਰਜੀਤ ਸਿੰਘ ਧੀਰ ਦੀ ਗਜ਼ਲ ਤੋਂ ਬਾਦ ਨਰਿੰਦਰ ਸਿੰਘ ਅਤੇ ਨਰਿੰਦਰ ਕੌਰ ਲੌਂਗੀਆ ਨੇ ਪੰਜਾਬੀ ਗੀਤ ਤੇ ਡਾਂਸ ਕੀਤਾ। ਬਲਵਿੰਦਰ ਸਿੰਘ ਢਿੱਲੋਂ, ਰਤਨ ਬਾਬਕਵਾਲਾ, ਭਰਪੂਰ ਸਿੰਘ, ਡਾ. ਮਨਜੀਤ ਸਿੰਘ ਬੱਲ, ਦਰਸ਼ਨ ਸਿੰਘ ਸਿੱਧੂ, ਲਾਭ ਸਿੰਘ ਲਹਿਲੀ, ਤਰਸੇਮ ਰਾਜ ਨੇ ਵੱਖੋ ਵੱਖ ਪੰਜਾਬੀ ਗੀਤਾਂ ਤੇ ਨੱਚ ਕੇ ਕਲਾ ਦੇ ਜੌਹਰ ਦਿਖਾਏ। ਗੜਵਾ ਲੈ ਦੇ ਚਾਂਦੀ ਦਾ, ਹੋਇਆ ਕੀ ਜੇ ਕੁੜੀ ਐਂ ਤੂੰ ਦਿੱਲੀ ਸ਼ਹਿਰ ਦੀ, ਪੰਡਤ ਜੀ ਕੀ ਇਹ ਲਾਲ ਮੇਰਾ ਆਦਿ ਗੀਤਾਂ ਉਤੇ ਗਰੁੱਪ ਵਿਚ ਕੋਰੀਓਗ੍ਰਾਫੀ ਕਰਕੇ ਸਭ ਦਾ ਮਨ ਮੋਹ ਲਿਆ।
ਇਕ ਪਾਤਰੀ ਨਾਟਕ “ਬੇਗੋ ਨਾਰ” ਨੂੰ ਦਰਸ਼ਨ ਸਿੰਘ ਤਿਊਣਾ ਨੇ ਬਾਖੂਬੀ ਪੇਸ਼ ਕੀਤਾ। ਗੁਰਦਰਸ਼ਨ ਸਿੰਘ ਮਾਵੀ ਅਤੇ ਦਰਸ਼ਨ ਤਿਊਣਾ ਨੇ ਸਕਿੱਟ “ਚਲਾਕ ਨੌਕਰ” ਪੇਸ਼ ਕੀਤੀ। ਅਖੀਰ ਵਿਚ “ਜਾਗੋ” ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਸਟੇਜ ਦਾ ਸੰਚਾਲਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਮੁੰਬਈ ਤੋਂ ਮਨਪ੍ਰੀਤ ਕੌਰ, ਬਲਕਾਰ ਸਿੱਧੂ, ਡਾ. ਅਵਤਾਰ ਸਿੰਘ ਪਤੰਗ, ਹਰਭਜਨ ਕੌਰ ਢਿਲੋਂ, ਗੁਰਮੇਲ ਸਿੰਘ ਮੌਜੌਵਾਲ ਅਤੇ ਲਗਭਗ ਅੱਸੀ ਪਤਵੰਤੇ ਸੱਜਣ ਹਾਜ਼ਰ ਸਨ।