www.sursaanjh.com > ਅੰਤਰਰਾਸ਼ਟਰੀ > ਸੱਥ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ

ਸੱਥ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ

ਸੱਥ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਕਤੂਬਰ:
ਸਾਹਿਤਕ ਸੱਥ ਖਰੜ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕੀਤੀ ਗਈ ਇਕੱਤਰਤਾ ਵਿੱਚ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ’ਚ ਹਾਕਮ ਸਿੰਘ ‘ਨੱਤਿਆਂ’, ਸੱਥ ਦੇ ਪ੍ਰਧਾਨ ਕਾਈਨੌਰ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਲਾਲ ਮਿਸਤਰੀ ਹਾਜ਼ਰ ਸਨ।
ਇਸ ਸਮਾਗਮ ’ਚ ਸ਼ਾਇਰ ਅਵਤਾਰ ਸਿੰਘ ਖ਼ਾਲਸਾ, ਕਹਾਣੀਕਾਰ ਗੁਰਸ਼ਰਨ ਸਿੰਘ ਕਾਕਾ ਅਤੇ ਸ਼ਾਇਰ ਸਮਿੱਤਰ ਸਿੰਘ ‘ਦੋਸਤ’ ਦੀਆਂ ਕ੍ਰਮਵਾਰ ਪੁਸਤਕਾਂ ‘ਗੁਰਸਿੱਖੀ ਦਾਤ ਸੰਭਾਲ ਪਿਆਰੇ (ਕਾਵਿ ਸੰਗ੍ਰਹਿ),‘ਅਸਹਿ ਅਹਿਸਾਸ (ਕਹਾਣੀ ਸੰਗ੍ਰਹਿ) ਅਤੇ ‘ਕਵਿਤਾਵਾਂ ਦੀ ਮਹਿਫ਼ਲ (ਕਾਵਿ ਸੰਗ੍ਰਹਿ) ਉਂਤੇ ਕ੍ਰਮਵਾਰ ਗਿਆਨੀ ਗੁਰਮੀਤ ਸਿੰਘ ਖਰੜ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਰਜੀਤ ਸੁਮਨ ਦੁਆਰਾ ਪੇਪਰ ਪੜ੍ਹੇ ਗਏ। ਪੁਸਤਕ ‘ਗੁਰਸਿੱਖੀ ਦਾਤ ਸੰਭਾਲ ਪਿਆਰੇ (ਕਾਵਿ ਸੰਗ੍ਰਹਿ) ਬਾਰੇ ਪੇਪਰ ਪੜ੍ਹਦਿਆਂ ਗਿਆਨੀ ਗੁਰਮੀਤ ਸਿੰਘ ਖਰੜ ਨੇ ਕਿਹਾ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਨਿਰੋਲ ਧਾਰਮਿਕ ਹਨ। ਸਿੱਖੀ ਮਰਿਆਦਾ ਦੇ ਮੂਲ ਤਿੰਨ ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀ ਮਹੱਤਤਾ ਨੂੰ ਦਰਸਾਉਂਦੀਆਂ ਅਤੇ ਉਨ੍ਹਾਂ ਉੱਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ।
‘ਅਸਹਿ ਅਹਿਸਾਸ (ਕਹਾਣੀ ਸੰਗ੍ਰਹਿ) ਬਾਰੇ ਪੇਪਰ ਪੜ੍ਹਦਿਆਂ ਜਸਵਿੰਦਰ ਸਿੰਘ ਕਾਈਨੌਰ ਨੇ ਕਿਹਾ ਕਿ ਇਨ੍ਹਾਂ ਦੀਆਂ ਕਹਾਣੀਆਂ ਵਿੱਚ ਕਲਪਨਾ ਨਾਲੋਂ ਯਥਾਰਥ ਦਾ ਤੱਤ ਵਧੇਰੇ ਹੈ ਕਿਉੱਕਿ ਇਹ ਕਹਾਣੀਆਂ ਇਨ੍ਹਾਂ ਦੀ ਪਰਿਵਾਰਿਕ ਸਥਿਤੀ ਜਾਂ ਇਨ੍ਹਾਂ ਦੇ ਸਿੱਧੇ ਅਨੁਭਵ ਨਾਲ ਸੰਬੰਧ ਰੱਖਦੀਆਂ ਹਨ। ਇਹ ਮਿੰਨੀ ਕਹਾਣੀਆਂ ਵਧੀਆ ਅਤੇ ਪੜ੍ਹਨਯੋਗ ਹਨ। ‘ਕਵਿਤਾਵਾਂ ਦੀ ਮਹਿਫ਼ਲ’ ਬਾਰੇ ਪੇਪਰ ਪੜ੍ਹਦਿਆਂ ਸੁਰਜੀਤ ਸੁਮਨ ਨੇ ਕਿਹਾ ਕਿ ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਵਧੀਆ ਹੋਣ ਕਰਕੇ ਪਾਠਕ ਦੇ ਮਨ ਨੂੰ ਟੁੰਬਦੀਆਂ ਹਨ, ਇਸ ਲਈ ਸਲਾਹੁਣ ਯੋਗ ਹਨ।
ਤਿੰਨੇ ਪੁਸਤਕਾਂ ਦੇ ਲੇਖਕਾਂ ਨੇ ਆਪਣਿਆਂ ਪੁਸਤਕਾਂ ਛਪਾਉਣ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਰਚਨਾਵਾਂ ਵੀ ਪੇਸ਼ ਕੀਤੀਆਂ। ਪ੍ਰਧਾਨਗੀ ਭਾਸ਼ਣ  ਵਿੱਚ ਹਾਕਮ ਸਿੰਘ ਨੱਤਿਆਂ ਨੇ ਲੇਖਕਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕਾਂ ਦਾ ਸਮਾਜ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਜੋ ਆਪਣੀਆਂ ਲਿਖਤਾਂ ਦੇ ਰਾਹੀਂ ਉਹ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਹਿੱਸਾ ਪਾਉਂਦੇ ਹਨ।
ਉਪਰੰਤ ਚੱਲੇ ਕਵੀ ਦਰਬਾਰ ਵਿੱਚ ਲਾਲ ਮਿਸਤਰੀ, ਪਿਆਰਾ ਸਿੰਘ ‘ਰਾਹੀ’, ਇੰਸਪੈਕਟਰ ਕੇਸਰ ਸਿੰਘ, ਮੰਦਰ ਗਿੱਲ ਸਾਹਿਬਚੰਦੀਆ, ਬੰਤ ਸਿੰਘ ਦੀਪ, ਮੋਹਨ ਸਿੰਘ ਪ੍ਰੀਤ, ਜਗਦੇਵ ਸਿੰਘ ਰਡਿਆਲਾ, ਖੁਸ਼ੀ ਰਾਮ ਨਿਮਾਣਾ, ਸੁਰਜੀਤ ਸੁਮਨ, ਮਲਕੀਤ ਸਿੰਘ ਨਾਗਰਾ, ਨੀਲਮ ਨਾਰੰਗ, ਰਾਜਵਿੰਦਰ ਸਿੰਘ ਗੱਡੂ, ਜਗਤਾਰ ਸਿੰਘ ਜੋਗ, ਤਰਸੇਮ ਕਾਲੇਵਾਲ, ਸੁਖਦੀਪ ਸਿੰਘ ਮੁਹਾਲੀ, ਭੁਪਿੰਦਰ ਸਿੰਘ ਭਾਗੋਮਾਜਰਾ, ਬਲਵਿੰਦਰ ਢਿੱਲੋਂ ਅਤੇ ਰਾਜਕੁਮਾਰ ਸਾਹੋਵਾਲੀਆ ਨੇ ਖ਼ੂਬਸੂਰਤ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ‘ਰਾਹੀ’ ਵੱਲੋਂ ਬਾਖ਼ੂਬੀ ਨਿਭਾਈ ਗਈ । ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਬਾਬਾ ਬਲਬੀਰ ਸਿੰਘ, ਪੀ.ਜੀ.ਆਈ ਲੰਗਰ ਵਾਲੇ, ਭਾਗ ਸਿੰਘ ਸ਼ਾਹਪੁਰ, ਰਜਿੰਦਰ ਕੌਰ ਅਤੇ ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਅਖ਼ੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਆਏ ਹੋਏ ਸਾਰੇ  ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’ ਜਨਰਲ ਸਕੱਤਰ, ਮੋ.ਨੰ.94638-37388

Leave a Reply

Your email address will not be published. Required fields are marked *