ਚੰਡੀਗੜ੍ਹ ਯੂਨੀਵਰਸਿਟੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਕਤੂਬਰ:
ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਜ਼ਿੰਮੇਵਾਰੀ – ਕਾਰਤਿਕ ਸ਼ਰਮਾ


ਅਕਸਰ ਵੇਖਿਆ ਜਾਂਦਾ ਹੈ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਈ. ਟੀ.ਆਈਜ਼ ਤੇ ਹੋਰ ਵਿੱਦਿਅਕ ਤੇ ਸਿੱਖਿਆ ਸੰਸਥਾਵਾਂ ਵਿੱਚ ਕਈ ਵਾਰ ਕਲਾਸ ਦੇ ਕਮਰਿਆਂ, ਹਾਲ ਬਗੈਰਾ ਵਿੱਚ ਕੁਝ ਨਾ ਕੁਝ ਬਿਜਲੀ ਦੇ ਸਵਿੱਚ ਜਾਂ ਸਵਿੱਚ ਬੋਰਡ, ਪੱਖੇ ਆਦਿ ਟੁੱਟੇ ਜਾਂ ਬੁਰੀ ਹਾਲਤ ਵਿੱਚ ਹੁੰਦੇ ਹਨ ਪਰ ਇਨ੍ਹਾਂ ਦੀ ਇਹ ਹਾਲਤ ਕੋਣ ਕਰਦਾ ਹੈ? ਇਸ ਦਾ ਕਾਰਣ ਚਾਹੇ ਕੋਈ ਵੀ ਹੋਵੇ ਪਰ ਵਿਦਿਆਰਥੀ/ਸਿਖਿਆਰਥੀ ਵਰਗ ਨੂੰ ਅਪਣੇ ਅੰਦਰ ਜ਼ਰੂਰ ਝਾਤੀ ਮਾਰਨੀ ਪਵੇਗੀ। ਕਈ ਵਾਰ ਜੇਕਰ ਅਧਿਆਪਕ ਕਿਸੇ ਵਿਦਿਆਰਥੀ ਨਾਲ ਦੋ ਸ਼ਬਦ ਸਖ਼ਤੀ ਦੇ ਬੋਲ ਪਵੇ ਤਾਂ ਕਈ ਵਾਰ ਅਜਿਹਾ ਵਿਦਿਆਰਥੀ ਜਿੱਥੇ ਉਹ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਉੱਥੇ ਅਜਿਹੀ ਹਰਕਤ ਕਰ ਦਿੰਦਾ ਹੈ। ਉਸ ਲਈ ਇਸ ਤਰਾਂ ਦੀ ਗਤੀਵਿਧੀ ਠੀਕ ਨਹੀਂ ਕਿਉਂਕਿ ਇਹ ਸੰਸਥਾਵਾਂ ਜਿੱਥੇ ਗਿਆਨ ਪ੍ਰਾਪਤ ਕਰਨ, ਅਨੁਸਾਸ਼ਨ ਤੇ ਦੇਸ਼ ਪ੍ਰਤੀ ਪਿਆਰ ਤੇ ਜ਼ਿੰਮੇਵਾਰੀ ਸਿੱਖਣ ਆਦਿ ਦਾ ਸਾਧਨ ਹਨ, ਉੱਥੇ ਇਹ ਸੰਸਥਾਵਾਂ ਸਾਨੂੰ ਰੋਜ਼ੀ-ਰੋਟੀ ਦੇ ਯੋਗ ਵੀ ਬਣਾਉਂਦੀਆਂ ਹਨ।
ਕਈ ਵਾਰ ਜਦੋਂ ਇਨ੍ਹਾਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਬਾਥਰੂਮ / ਟਾਇਲਟ ਵਿੱਚ ਜਾਂਦੇ ਹਾਂ ਤਾਂ ਕਈਆਂ ਵਿੱਚ ਅਜਿਹਾ “ਬਾਥਰੂਮ ਲਿਟਰੇਚਰ” ਪੜ੍ਹਨ ਨੂੰ ਮਿਲਦਾ ਹੈ, ਜਿਸ ਨੂੰ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਸਾਡਾ ਸਿਖਿਆਰਥੀ ਵਰਗ ਕਿੱਧਰ ਨੂੰ ਰਿਹਾ ਹੈ? ਇੱਕ ਕਹਾਵਤ ਹੈ ਕਿ “ਧਾਨਾਂ ਦੇ ਪਿੰਡ ਪਰਾਲੀ ਤੋਂ ਪਹਿਚਾਣੇ ਜਾਂਦੇ ਹਨ।” ਇਸੇ ਤਰਾਂ ਜੇ ਕਰ ਕਿਸੇ ਸੰਸਥਾ ਵਿੱਚ ਵਧੀਆ ਸਜਾਵਟ ਹੋਵੇਗੀ, ਵਧੀਆ ਗਿਆਨ ਦਿੱਤਾ ਜਾਂਦਾ ਹੋਵੇਗਾ ਤਾਂ ਇਲਾਕੇ ਵਿੱਚ ਉਸ ਦੀ ਅਪਣੀ ਪਹਿਚਾਣ ਹੋਵੇਗੀ ਅਤੇ ਜੇ ਕਲਾਸਾਂ ਦੇ ਕਮਰਿਆਂ ਵਿੱਚ ਲਿਖਣ ਵਾਲੇ ਬੋਰਡ, ਬਿਜਲੀ ਦੇ ਸਵਿੱਚ-ਬੋਰਡ ਆਦਿ ਟੁੱਟੇ ਹੋਏ ਹੋਣਗੇ ਤੇ “ਬਾਥਰੂਮ ਲਿਟਰੇਚਰ“ ਹੋਵੇਗਾ ਤਾਂ ਉਸ ਸੰਸਥਾ ਦੀ ਤੇ ਵਿਦਿਆਰਥੀ ਵਰਗ ਦੀ ਵੀ ਇਲਾਕੇ ਵਿੱਚ ਬਦਨਾਮੀ ਵਾਲੀ ਪਹਿਚਾਣ ਹੋਵੇਗੀ।
ਇਸ ਲਈ ਆਓ ਸਾਥੀਓ, ਆਪਾਂ ਅਪਣੀਆਂ ਸਿੱਖਿਆਂ ਸੰਸਥਾਵਾਂ ਦੀ ਸਕਾਰਾਤਮਕ ਪਛਾਣ ਬਣਾਈਏ। ਜੇਕਰ ਡੂੰਘਾਈ ਨਾਲ਼ ਸੋਚਿਆ ਜਾਵੇ ਤਾਂ ਇਨ੍ਹਾਂ ਸੰਸਥਾਵਾਂ ਨਾਲ ਹੀ ਵਿਦਿਆਰਥੀ ਹਨ ਤੇ ਵਿਦਿਆਰਥੀਆਂ ਨਾਲ ਹੀ ਸੰਸਥਾਵਾਂ ਹਨ।
ਕਾਰਤਿਕ ਸ਼ਰਮਾ, ਬੀ. ਟੈਕ. ਪੰਜਵਾਂ ਸਮੈਸਟਰ, ਚੰਡੀਗੜ ਯੂਨੀਵਰਸਿਟੀ।

