ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਡਾ. ਰੁਪਿੰਦਰ ਕੌਰ ਅਤੇ ਬੀ.ਜੇ.ਐਫ. ਦੇ ਅਹੁਦੇਦਾਰਾਂ ਨੂੰ ਆਪਣੀ 100ਵੀਂ ਪੁਸਤਕ ਭੇਟ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਇਕ ਵਫ਼ਦ ਨੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿਚ ਪੰਜਾਬ ਦੇ ਗਰੀਬ ਅਤੇ ਹੁਸ਼ਿਆਰ ਬੱਚਿਆਂ ਨੂੰ ਉੱਚ ਸਿੱਖਿਆ ਦੇ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਸੈਕਟਰ- 28, ਚੰਡੀਗੜ੍ਹ ਵਿਖੇ ਫੇਰੀ ਪਾਈ ਅਤੇ ਸੰਸਥਾ ਦੀ ਕਾਰਜਵਿਧੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੰਸਥਾ ਦੇ ਸਾਰੇ ਅਹੁਦੇਦਾਰਾਂ ਨੇ ਬੀ.ਜੇ.ਐਫ. ਦੀ ਪ੍ਰਬੰਧਕੀ ਟਰੱਸਟੀ, ਡਾ. ਰੁਪਿੰਦਰ ਕੌਰ ਅਤੇ ਦੂਜੇ ਅਹੁਦੇਦਾਰਾਂ ਨਾਲ ਮਿਲਣੀ ਕੀਤੀ।
ਇਸ ਮੌਕੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਡਾ. ਰੁਪਿੰਦਰ ਕੌਰ ਨੂੰ ਆਪਣੀ 100ਵੀਂ ਪੁਸਤਕ ’’ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ’’ ਸਤਿਕਾਰ ਸਹਿਤ ਭੇਟ ਕੀਤੀ ਗਈ। ਪ੍ਰਿੰ. ਗੋਸਲ ਦੇ ਨਾਲ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਟੇਟ ਕੋਆਰਡੀਨੇਟਰ ਪੰਜਾਬ ਜਸਪਾਲ ਸਿੰਘ ਕੰਵਲ, ਸਲਾਹਕਾਰ ਬਲਵਿੰਦਰ ਸਿੰਘ ਸ਼ਾਮਲ ਸਨ। ਮੈਡਮ ਰੁਪਿੰਦਰ ਕੌਰ ਦੇ ਨਾਲ ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਬੰਧਕ ਅਮਲੇ ਦੇ ਸੇਵਾਦਾਰ ਸ਼੍ਰੀਮਤੀ ਜਸਵੀਰ ਕੌਰ ਬਾਵਾ, ਸ਼੍ਰੀਮਤੀ ਜਗਦੀਸ਼ ਕੌਰ ਬੈਂਸ ਅਤੇ ਪ੍ਰਬੰਧਕੀ ਅਫਸਰ ਸ. ਜਸਵਿੰਦਰ ਸਿੰਘ ਪਰਰੀਚਾ ਹਾਜ਼ਰ ਸਨ।
ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਪ੍ਰਿੰ. ਗੋਸਲ ਦੀ 100ਵੀਂ ਪੁਸਤਕ ਬਹੁਤ ਹੀ ਵਧੀਆ ਅਤੇ ਰੰਗੀਨ ਹੋਣ ਕਾਰਣ ਬੱਚਿਆਂ ਵਿਚ ਧਾਰਮਿਕ ਰੁਚੀ ਪੈਦਾ ਕਰੇਗੀ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਹੁਣ ਤੱਕ 104 ਪੁਸਤਕਾਂ ਲਿਖ ਚੁੱਕੇ ਹਨ ਜੋ ਕਿ ਇਕ ਵੱਡੇ ਉੱਦਮ ਦਾ ਕੰਮ ਹੈ। ਸ਼੍ਰੀਮਤੀ ਜਸਵੀਰ ਬਾਵਾ, ਸ਼੍ਰੀਮਤੀ ਬੈਂਸ ਅਤੇ ਜਸਵਿੰਦਰ ਸਿੰਘ ਪਰਰੀਚਾ ਨੇ ਵੀ ਬਹਾਦਰ ਸਿੰਘ ਗੋਸਲ ਨੂੰ ਉਹਨਾਂ ਦੀ 100ਵੀਂ ਪੁਸਤਕ ਲਈ ਵਧਾਈ ਦਿੱਤੀ ਅਤੇ ਉਹਨਾਂ ਦੁਆਰਾ ਪੁਸਤਕਾਂ ਰਾਹੀਂ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਵਿਚ ਗਿਆਨ ਵੰਡਣ ਦੇ ਉਪਰਾਲੇ ਨੂੰ ਸ਼ਾਲਾਘਾਯੋਗ ਦੱਸਿਆ। ਸੰਸਥਾ ਦੇ ਸਾਰੇ ਅਹੁਦੇਦਾਰਾਂ ਵਲੋਂ ਬੀ.ਜੇ.ਐਫ. ਅਦਾਰੇ ਦੀ ਫੇਰੀ ਅਤੇ ਪੁਸਤਕ ਭੇਟ ਕਰਨ ਲਈ ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਵੱਡੇ ਪੱਧਰ ਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨ ਲਈ ਪ੍ਰਸੰਸਾ ਕੀਤੀ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਡਾ. ਰੁਪਿੰਦਰ ਕੌਰ ਨੂੰ ਬੀ.ਜੇ.ਐਫ ਦਫਤਰ ਸੈਕਟਰ-28 ਚੰਡੀਗੜ੍ਹ ਵਿਖੇ ਆਪਣੀ 100ਵੀਂ ਪੁਸਤਕ ਭੇਟ ਕਰਦੇ ਹੋਏ।

