ਸਿਆਲਬਾ ਸਰਕਾਰੀ ਸਕੂਲ ‘ਚ ਪੜ੍ਹੀ ਲੜਕੀ ਬਣੇਗੀ ਡਾਕਟਰ
ਚੰਡੀਗੜ੍ਹ 22 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼ਹੀਦ ਲੈਫ: ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆਲਬਾ – ਫਤਿਹਪੁਰ ਐਸ ਏ ਐਸ ਨਗਰ ਦੀ ਹੋਣਹਾਰ ਵਿਦਿਆਰਥਣ ਭੁਪਿੰਦਰ ਕੌਰ ਸਪੁੱਤਰੀ ਕੁਲਵੰਤ ਸਿੰਘ ਪਿੰਡ ਲੁਬਾਣਗੜ੍ਹ ਨੇ ਸਿਆਲਬਾ/ ਫਤਿਹਪੁਰ ਅਤੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਸ ਨੇ NEET UG ਦਾ ਟੈਸਟ ਪਾਸ ਕਰਕੇ RIMT.ਗੋਬਿੰਦਗੜ੍ਹ ਵਿਖੇ ਡਾਕਟਰੀ ਦੀ ਪੜ੍ਹਾਈ MBBS ਵਿੱਚ ਗੌਰਮਿੰਟ ਕੋਟੇ ਵਿੱਚ ਦਾਖਲਾ ਲਿਆ ਹੈ।
ਇਸ ਤੋਂ ਪਹਿਲਾਂ ਉਸਨੇ ਬਾਰਵੀਂ ਦੀ ਪ੍ਰੀਖਿਆ ਵਿੱਚੋਂ 97% ਅੰਕ ਲੈ ਕੇ ਪੰਜਾਬ ਭਰ ਚੋਂ ਮੈਰਿਟ ਸੁੱਚੀ ਵਿੱਚ ਸਥਾਨ ਹਾਸਿਲ ਕੀਤਾ ਸੀ, ਜਦੋਂਕਿ ਵਿਦਿਆਰਥਣ ਇੱਕ ਆਮ ਪੇਂਡੂ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸਕੂਲ ਅਤੇ ਪੂਰੇ ਇਲਾਕੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕੰਢੀ ਏਰੀਏ ਦੀ ਇਸ ਹੋਣਹਾਰ ਵਿਦਿਆਰਥਣ ਨੇ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਨੰਬਰਦਾਰ, ਸਰਪੰਚ ਸ. ਦਿਲਬਰ ਕੁਮਾਰ ਸਿਆਲਬਾ, ਸਰਪੰਚ ਸ਼੍ਰੀਮਤੀ ਬੀਨਾ ਰਾਣੀ ਫਤਿਹਪੁਰ, ਸਾਬਕਾ ਸਰਪੰਚ ਕੁਲਦੀਪ ਸਿੰਘ ਸਿਆਲਬਾ, ਪ੍ਰਿੰਸੀਪਲ ਸ. ਆਤਮਵੀਰ ਸਿੰਘ ਤੇ ਸਮੂਹ ਸਟਾਫ ਵੱਲੋਂ ਹੋਣਹਾਰ ਵਿਦਿਆਰਥਣ ਨੂੰ ਮੁਬਾਰਕਬਾਦ ਤੇ ਆਸ਼ੀਰਵਾਦ ਦਿੱਤਾ ਗਿਆ।

