ਪੰਜਾਬ ਕਲਾ ਪਰਿਸ਼ਦ ਵੱਲੋਂ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਸ਼ੁਰੂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ:
ਪੰਜਾਬ ਕਲਾ ਪਰਿਸ਼ਦ ਵੱਲੋਂ ਸਮਾਰਟਫੋਨ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ ਹੈ। ਹਫਤਾ ਭਰ ਚੱਲਣ ਵਾਲੀ ਇਹ ਵਰਕਸ਼ਾਪ ਨਾਮਵਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਡਾ. ਹਰਜੀਤ ਸਿੰਘ ਦੀ ਅਗਵਾਈ ਵਿੱਚ ਲਗਾਈ ਜਾ ਰਹੀ ਹੈ, ਜਿਸ ਵਿਚ 30 ਸਿਖਿਆਰਥੀ ਅਤੇ ਮਾਹਿਰ ਹਿੱਸਾ ਲੈ ਰਹੇ ਹਨ।
ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਡਾ. ਯੋਗ ਰਾਜ ਨੇ ਕਿਹਾ ਕਿ ਡਿਜੀਟਲ ਮੀਡੀਆ ਦੇ ਅਜੋਕੇ ਯੁੱਗ ਵਿਚ ਅਜਿਹੀਆਂ ਵਰਕਸ਼ਾਪਾਂ ਅਤੇ ਵਿਚਾਰ ਗੋਸ਼ਟੀਆਂ ਹੋਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਹ ਆਪਣੀ ਕਿਸਮ ਦੀ ਪਹਿਲੀ ਵਰਕਸ਼ਾਪ ਹੈ, ਜੋ ਚੰਡੀਗੜ੍ਹ ਵਿੱਚ ਪਹਿਲੀ ਵਾਰ ਲੱਗ ਰਹੀ ਹੈ। ਡਾ. ਯੋਗ ਰਾਜ ਨੇ ਕਿਹਾ ਕਿ ਕਲਾ ਪਰਿਸ਼ਦ ਵੱਲੋਂ ਤਿੰਨ ਅਕਾਦਮੀਆਂ ਤੋਂ ਇਲਾਵਾ ਸਿਨੇਮਾ ਅਤੇ ਡਿਜੀਟਲ ਕਲਾ ਨਾਲ ਸਬੰਧਤ ਇਕ ਹੋਰ ਅਕਾਦਮੀ ਬਣਾਈ ਗਈ ਹੈ, ਜਿਸ ਦਾ ਮਕਸਦ ਡਿਜੀਟਲ ਮੀਡੀਆ ਅਤੇ ਤਕਨਾਲੋਜੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ।
ਵਰਕਸ਼ਾਪ ਦੇ ਪ੍ਰਾਜੈਕਟ ਡਾਇਰੈਕਟਰ ਡਾ. ਹਰਜੀਤ ਸਿੰਘ ਨੇ ਕਿਹਾ ਕਿ ਸਿਨੇਮਾ ਦੇ ਇਤਿਹਾਸ ਵਿਚ ਤਕਨਾਲੋਜੀ ਅਤੇ ਔਜ਼ਾਰ ਬਦਲਦੇ ਰਹੇ ਹਨ ਪਰ ਫਿਲਮਾਂ ਦਾ ਵਿਸ਼ਾ ਵਸਤੂ, ਸੁਹਜ ਸ਼ਾਸਤਰ ਅਤੇ ਵਿਚਾਰ ਉਹੀ ਰਹਿੰਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੈਮਰੇ ਦੀ ਤਕਨਾਲੋਜੀ ਵੀ ਭਾਵੇਂ ਬਦਲ ਰਹੀ ਹੈ ਪਰ ਕੈਮਰੇ ਦਾ ਕੋਣ, ਫਰੇਮ ਅਤੇ ਪ੍ਰਕਾਸ਼ ਦੇ ਪ੍ਰਭਾਵ ਕੈਮਰੇ ਪਿੱਛੇ ਕੰਮ ਕਰਨ ਵਾਲੀ ਅੱਖ ਉਪਰ ਨਿਰਭਰ ਕਰਦਾ ਹੈ। ਉਨ੍ਹਾਂ ਦਸਿਆ ਕਿ ਇਸ ਵਰਕਸ਼ਾਪ ਦਾ ਮਕਸਦ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਦੀਆਂ ਤਕਨੀਕਾਂ ਨਾਲ ਜੋੜ ਕੇ ਆਪਣੀ ਭਾਸ਼ਾ ਅਤੇ ਸਭਿਆਚਾਰ ਦਾ ਵਿਕਾਸ ਕਰਨਾ ਹੈ।
ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰੀਤਮ ਸਿੰਘ ਰੁਪਾਲ ਨੇ ਦਸਿਆ ਕਿ ਇਸ ਦੌਰਾਨ 4 ਗਰੁੱਪ ਬਣਾ ਕੇ ਵੱਖ ਵੱਖ ਤਰ੍ਹਾਂ ਦੇ ਵਿਚਾਰਾਂ ਅਤੇ ਵਿਸ਼ਿਆਂ ਉਪਰ ਲਘੂ ਫਿਲਮਾਂ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ ਗਿਆ ਜੋ ਵਰਕਸ਼ਾਪ ਦੇ ਆਖ਼ਰੀ ਦਿਨ ਫਿਲਮਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ਦੀ ਪ੍ਰੋਡਕਸ਼ਨ ਵਰਕਸ਼ਾਪ ਦੌਰਾਨ ਹੀ ਕੀਤੀ ਜਾਵੇਗੀ ਅਤੇ ਸਾਰਾ ਕੰਮ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਭਾਗੀਦਾਰ ਕਰਨਗੇ। ਇਸ ਵਰਕਸ਼ਾਪ ਦੀ ਵਿਸ਼ੇਸ਼ਤਾ ਇਹ ਹੈ ਕਿ ਫਿਲਮ ਨਿਰਮਾਣ ਦਾ ਸਾਰਾ ਕਾਰਜ ਸਮਾਰਟ ਫੋਨ ਉਪਰ ਕੀਤਾ ਜਾਵੇਗਾ।