ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫ਼ਦ ਡੀ.ਈ.ਓ. ਯੂ.ਟੀ. ਚੰਡੀਗੜ ਨੂੰ ਮਿਲਿਆ – ਪ੍ਰਿੰ. ਬਹਾਦਰ ਸਿੰਘ ਗੋਸਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਦੇ ਇੱਕ ਵਫ਼ਦ ਨੇ ਨਵ-ਨਿਯੁਕਤ ਡੀ.ਈ.ਓ. ਯੂ.ਟੀ. ਚੰਡੀਗੜ੍ਹ ਸ੍ਰੀ ਰਾਜਨ ਜੈਨ ਨਾਲ ਉਹਨਾਂ ਦੇ ਦਫ਼ਤਰ ਸੈਕਟਰ-19, ਚੰਡੀਗੜ੍ਹ ਵਿਖੇ ਭੇਟ ਕੀਤੀ। ਵਫ਼ਦ ਦੇ ਅਹੁਦੇਦਾਰਾਂ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਟੇਟ ਕਨਵੀਨਰ ਪੰਜਾਬ ਜਸਪਾਲ ਸਿੰਘ ਕੰਵਲ, ਸਲਾਹਕਾਰ ਸੁਰਜਨ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਧਾਰੀਵਾਲ ਨੇ ਸ੍ਰੀ ਰਾਜਨ ਨੂੰ ਨਵੇਂ ਡੀ.ਈ.ਓ ਬਨਣ ਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਪ੍ਰਿੰ. ਬਹਾਦਰ ਸਿੰਘ ਗੋਸਲ ਜਿਹੜੇ ਕਿ 15 ਸਾਲ ਯੂ.ਟੀ. ਭਲਾਈ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ, ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦੇ ਸਮੂਹ ਮੈਂਬਰਾਂ ਨੂੰ ਰਾਜਨ ਜੈਨ ਦੇ ਡੀ.ਈ.ਓ. ਬਨਣ ਤੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਸ੍ਰੀ ਜੈਨ ਭੌਤਿਕ ਵਿਗਿਆਨ ਦੇ ਇਕ ਉੱਚ ਕੋਟੀ ਦੇ ਅਧਿਆਪਕ, ਉਹਨਾਂ ਦੇ ਸਾਥੀ ਅਧਿਆਪਕ ਅਤੇ ਅਧਿਆਪਕਾਂ ਦੇ ਭਲਾਈ ਕੰਮਾਂ ਲਈ ਸਰਗਰਮ ਰਹੇ ਹਨ।
ਇਸ ਮੌਕੇ ਤੇ ਡੀ.ਈ.ਓ. ਸਾਹਿਬ ਨਾਲ ਸਿੱਖਿਆ ਬਾਰੇ ਵਿਚਾਰ ਵਟਾਂਦਰੇ ਸਮੇਂ ਪ੍ਰਿੰ. ਗੋਸਲ ਨੇ ਯੂ.ਟੀ. ਵਿਚ ਸਿੱਖਿਆ ਸੁਧਾਰਾਂ ਦੀ ਗੱਲ ਕਰਦੇ ਹੋਏ ਆਪਣੀ ਸੰਸਥਾ ਦੇ ਸਾਰੇ ਅਹੁਦੇਦਾਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਸਿੱਖਿਆ ਸੁਧਾਰਾਂ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਪਹਿਲੀ ਮੁਲਾਕਾਤ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਵਫ਼ਦ ਨੇ ਮੰਗ ਕੀਤੀ ਕਿ ਯੂ.ਟੀ. ਚੰਡੀਗੜ੍ਹ ਵਿਚ ਪੰਜਾਬੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਾਵੇ ਅਤੇ ਚੋਣਵੇਂ ਸਕੂਲਾਂ ਵਿਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਪੰਜਾਬੀ ਵਿਚ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲੇ। ਦੂਜੀ ਮੰਗ ਵਿੱਚ ਵਫ਼ਦ ਨੇ ਅਪੀਲ ਕੀਤੀ ਕਿ ਜਿਨ੍ਹਾਂ ਸਕੂਲਾਂ ਵਿੱਚ 10 ਜਾਂ 10 ਤੋਂ ਵੱਧ ਪੰਜਾਬੀ ਪੜ੍ਹਨ ਵਾਲੇ ਬੱਚੇ ਹਨ, ਉਹਨਾਂ ਲਈ ਵੱਖਰੇ ਸੈਕਸ਼ਨ ਬਣਾਏ ਜਾਣ। ਇਸ ਲਈ ਪ੍ਰਿੰ. ਗੋਸਲ ਨੇ ਵਿਭਾਗ ਵਲੋਂ ਜਾਰੀ ਪੁਰਾਣੀਆਂ ਹਦਾਇਤਾਂ ਦੀ ਯਾਦ ਕਰਵਾਈ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਪਹਿਲੀ ਜਮਾਤ ਦੇ ਸਭ ਵਿਦਿਆਰਥੀਆਂ ਨੂੰ ਪੰਜਾਬੀ ਕਾਇਦੇ ਮੁਫ਼ਤ ਦਿੱਤੇ ਜਾਣ ਤਾਂ ਉਹਨਾਂ ਬੱਚਿਆਂ ਦੀ ਸ਼ੁਰੂ ਤੋਂ ਹੀ ਪੰਜਾਬੀ ਵਿਚ ਰੁਚੀ ਬਣੀ ਰਹੇ।
ਵਫ਼ਦ ਨੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਵੱਧ ਤੋਂ ਵੱਧ ਪੰਜਾਬੀ ਪੁਸਤਕਾਂ ਦੇ ਰੱਖ-ਰੱਖਾਓ ਦਾ ਉੱਚਿਤ ਪ੍ਰਬੰਧ ਕਰਨ ਦੀ ਅਪੀਲ ਕੀਤੀ, ਇਸ ਸਬੰਧ ਵਿਚ ਵਫ਼ਦ ਨੇ ਆਪਣੀ ਸੰਸਥਾ ਵਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਪੰਜਾਬੀ ਵਿਚ ਮੁਫ਼ਤ ਕਿਤਾਬਾਂ ਦੇਣ ਦੀ ਪੇਸਕਸ਼ ਵੀ ਕੀਤੀ| ਇਸੇ ਤਰ੍ਹਾਂ ਸੰਸਥਾ ਦੇ ਮੈਂਬਰਾਂ ਨੇ ਯੂ.ਟੀ. ਦੇ ਸਕੂਲਾਂ ਵਿਚ ਬਾਲੜੀਆਂ ਦੀ ਸਿੱਖਿਆ ਨੂੰ ਹੋਰ ਉਤਸ਼ਾਹਿਤ ਕਰਨ ਦੀ ਮੰਗ ਕੀਤੀ ਅਤੇ ਵਿਭਾਗ ਵਲੋਂ ਸੰਸਥਾ ਦੇ ਚਲਾਏ ਜਾ ਰਹੇ ਪ੍ਰਾਜੈਕਟ ‘ਲਾਡੋ ਮੇਰੀ ਲਾਡਲੀ’ ਲਈ ਸਹਿਯੋਗ ਦੀ ਮੰਗ ਕੀਤੀ|
ਡੀ.ਈ.ਓ. ਯੂ.ਟੀ. ਸ੍ਰੀ ਰਾਜਨ ਜੈਨ ਵਲੋਂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਸਿੱਖਿਆ ਸਬੰਧੀ ਕਲਿਆਣਕਾਰੀ ਯੋਜਨਾਵਾਂ ਨੂੰ ਯਾਦ ਕਰਦੇ ਹੋਏ, ਸੰਸਥਾ ਵਲੋਂ ਕੀਤੇ ਸਵਾਗਤ ਅਤੇ ਸਿੱਖਿਆ ਸੁਧਾਰਾਂ ਲਈ ਦਿੱਤੇ ਸੁਝਾਵਾਂ ਲਈ ਧੰਨਵਾਦ ਕੀਤਾ ਅਤੇ ਪੂਰਨ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰਾਂ ਨਵ ਨਿਯੁਕਤ ਡੀ.ਈ.ਓ. ਸ੍ਰੀ ਰਾਜਨ ਜੈਨ ਦਾ ਸਵਾਗਤ ਕਰਦੇ ਹੋਏ।

