www.sursaanjh.com > Uncategorized > ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ:
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਮਕਾਨ ਨੰਬਰ 140 ਸੈਕਟਰ-55 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਤੇ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ, ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਉੱਘੀ ਸ਼ਾਇਰਾ ਬਿਮਲਾ ਗੁਗਲਾਨੀ ਅਤੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।
ਇਸ ਪ੍ਰੋਗਰਾਮ ਦਾ ਅਰੰਭ ਕਰਦਿਆਂ ਮਲਕੀਤ ਔਜਲਾ ਵੱਲੋਂ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਤਰੰਨਮ ਵਿੱਚ ਬੋਲਣ ਦੇ ਨਾਲ-ਨਾਲ ਆਪਣੀਆਂ ਚਰਚਿਤ ਰਚਨਾਵਾਂ ‘ਨੀ ਮੈਂ ਸੱਸ ਕੁੱਟਣੀ’ ਤੇ ਗਾਇਕ ਸੁਰਜੀਤ ਬਿੰਦਰਖੀਏ ਦੀ ਯਾਦ ਨੂੰ ਸਮਰਪਿਤ ਰਚਨਾਵਾਂ ਸਰੋਤਿਆਂ ਨੂੰ ਸੁਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਬਾਖੂਬੀ ਕੀਤਾ।
ਇਸ ਉਪਰੰਤ ਸ਼ਾਇਰਾ ਬਿਮਲਾ ਗੁਗਲਾਨੀ, ਡਾ. ਰਜਿੰਦਰ ਰੇਨੂੰ, ਗੁਰਸ਼ਰਨ ਸਿੰਘ ਕਾਕਾ, ਜਸਪਾਲ ਸਿੰਘ ਕੰਵਲ, ਗੀਤਕਾਰ ਰਣਜੋਧ ਸਿੰਘ ਰਾਣਾ, ਭਗਤ ਰਾਮ ਰੰਗਾੜਾ, ਰਾਜ ਕੁਮਾਰ ਸਾਹੋਵਾਲੀਆ ਨੇ ਆਪੋ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਸਰੋਤਿਆਂ ਦਾ ਭਰਵਾਂ ਮਨੋਰੰਜਨ ਕੀਤਾ ਅਤੇ ਹਰੇਕ ਸ਼ਾਇਰ ਨੇ ਸਰੋਤਿਆਂ ਦੀਆਂ ਤਾੜੀਆਂ ਵੀ ਖੂਬ ਬਟੋਰੀਆਂ। ਇਸ ਪ੍ਰੋਗਰਾਮ ਨੂੰ ਸਿਖਰਾਂ ‘ਤੇ ਲਿਜਾਂਦੇ ਹੋਏ ਬਲਕਾਰ ਸਿੰਘ ਸਿੱਧੂ ਵੱਲੋਂ ਇਸ ਪ੍ਰੋਗਰਾਮ ਨੂੰ ਭਾਵਪੂਰਤ ਤੇ ਮਿਆਰੀ ਦੱਸਦਿਆਂ ਕਿਹਾ ਇਹੋ ਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਕਰਵਾਉਂਦੇ ਰਹਿਣ ਲਈ ਮੰਚ ਨੂੰ ਆਪਣੇ ਵੱਲੋਂ ਨਿੱਗਰ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਹਾਜ਼ਰੀਨ ਨੂੰ ਕਾਵਿਕ ਲਕੀਰਾਂ ਅਤੇ ਹੋਰ ਕਿਤਾਬਾਂ ਪੜ੍ਹਨ ਲਈ ਵੰਡੀਆਂ ਗਈਆਂ। ਇਸ ਮੌਕੇ ਸਾਰੇ ਸ਼ਾਇਰਾਂ ਅਤੇ ਸਰੋਤਿਆਂ ਦਾ ਮੰਚ ਦੇ ਸੀਨੀਅਰ ਉਪ ਪ੍ਰਧਾਨ ਰਣਜੋਧ ਰਾਣਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖੂਬੀ ਕੀਤਾ ਗਿਆ। ਚਾਹ ਪਾਣੀ ਅਤੇ ਖਾਣ ਪੀਣ ਦਾ ਪ੍ਰਬੰਧ ਸ. ਜਗਪਾਲ ਸਿੰਘ ਆਈ.ਏ.ਐਫ. (ਰਿਟਾ.) ਵੱਲੋਂ ਆਪਣੀ ਖੁਸ਼ੀ ਨਾਲ ਕੀਤਾ ਗਿਆ। ਇਸ ਤਰ੍ਹਾਂ ਇਹ ਕਵੀ ਦਰਬਾਰ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਇਸ ਮੌਕੇ ਅਮਰੀਕ ਸਿੰਘ ਸੇਠੀ, ਸਰਬਜੀਤ ਕੌਰ, ਸੁਰਜਨ ਸਿੰਘ ਜੱਸਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਰਾਜ ਕੁਮਾਰ ਸਾਹੋਵਾਲੀਆ, ਭਗਤ ਰਾਮ ਰੰਗਾੜਾ, ਜਨਰਲ ਸਕੱਤਰ ਪ੍ਰਧਾਨ, ਮੋਬਾ: 8968240914 ਮੋਬਾ: 9988747330

Leave a Reply

Your email address will not be published. Required fields are marked *