ਪਿੰਡ ਕੁੱਬਾਹੇੜੀ ‘ਚ ਵਿਧਾਇਕਾ ਨੇ ਕੀਤਾ ਨਵੀਂ ਪੰਚਾਇਤ ਦਾ ਸਨਮਾਨ
ਚੰਡੀਗੜ੍ਹ 27 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਕੁੱਬਾਹੇੜੀ ਵਿਖੇ ਨਵੀਂ ਬਣੀ ਪੰਚਾਇਤ ਵੱਲੋਂ ਸ਼ੁਕਰਾਨੇ ਵਜੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਰਪੰਚ ਹਰਵਿੰਦਰ ਸਿੰਘ ਭੋਲਾ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਢਾਡੀ ਸਤਨਾਮ ਸਿੰਘ ਟਾਂਡਾ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ। ਮੁੱਖ ਮਹਿਮਾਨ ਵੱਜੋਂ ਪੁੱਜੇ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਬੇਸ਼ੱਕ ਤਕਰੀਬਨ ਬਹੁਤੀਆਂ ਪੰਚਾਇਤਾਂ ਦੇ ਸਰਪੰਚਾਂ-ਪੰਚਾਂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ।ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਪਿੰਡਾਂ ਨਾਲ ਕੋਈ ਵਿਤਕਰਾ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਭ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਅਤੇ ਪਿੰਡ ਦੀ ਖੁਸ਼ਹਾਲੀ ਲਈ ਪਹਿਲ ਦੇ ਆਧਾਰ ਤੇ ਗ੍ਰਾਂਟ ਮੁੱਹਈਆ ਕਰਵਾਉਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਪਿੰਡਾਂ ਵਿੱਚ ਪੰਚਾਇਤਾਂ ਭੰਗ ਹੋਣ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਕੰਮਾਂ ਨੂੰ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਅੱਜ ਏਥੇ ਮੌਜੂਦ ਗੁਰੂ ਦੀ ਹਜ਼ੂਰੀ ਵਿੱਚ ਕਿਹਾ ਕਿ ਨਾ ਪੈਸਾ ਖਾਣਾ ਹੈ ਅਤੇ ਨਾ ਹੀ ਖਾਣ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਹੋਰ ਪਿੰਡ ਦੀਆਂ ਪੰਚਾਇਤਾਂ ਦੇ ਮੈਂਬਰਾਂ ਅਤੇ ਹਰਵਿੰਦਰ ਸਿੰਘ ਭੋਲਾ ਨੂੰ ਅਤੇ ਹੋਰ ਆਏ ਮਹਿਮਾਨਾਂ ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀਮਾਜਰਾ ਤੇ ਬਲਾਕ ਪ੍ਰਧਾਨ ਸੌਦਾਗਰ ਸਿੰਘ ਕੁਬਾਹੇੜੀ ਵੱਲੋਂ ਏਥੇ ਪੁੱਜਣ ਤੇ ਬੀਬੀ ਅਨਮੋਲ ਗਗਨ ਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਰੇ ਪੰਚ ਗੁਰਦੁੱਤ ਸਿੰਘ, ਸਵਰਨ ਕੌਰ, ਕੇਸਰ ਸਿੰਘ, ਗੁਰਦੀਪ ਸਿੰਘ, ਰਣਜੀਤ ਕੌਰ, ਬੇਅੰਤ ਕੌਰ ਅਤੇ ਪਿੰਡ ਦੇ ਮੋਹਤਬਰ ਵੀ ਹਾਜ਼ਰ ਸਨ।