ਰਾਣਾ ਕੁਸ਼ਲਪਾਲ ਦਾ ਸਿਆਸਤ ਵਿਚ ਕੱਦ ਹੋਇਆ ਹੋਰ ਉੱਚਾ
ਚੰਡੀਗੜ੍ਹ 28 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਸਬਾਨੂਮਾ ਇਤਿਹਾਸਿਕ ਪਿੰਡ ਖਿਜਰਾਬਾਦ ਦੇ ਜੰਮਪਲ ਸੀਨੀਅਰ ਯੂਥ ਆਗੂ ਰਾਣਾ ਕੁਸ਼ਲਪਾਲ ਇਲਾਕੇ ਦੀ ਸਿਆਸਤ ਸਮੇਤ ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਮ ਰੱਖਦੇ ਹਨ, ਰਾਣਾ ਕੁਸ਼ਲਪਾਲ ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ ਤੇ ਕਾਂਗਰਸ ਵਿੱਚ ਰਹਿੰਦਿਆਂ ਚੰਗੇ ਅਹੁਦਿਆਂ ਤੇ ਕੰਮ ਕੀਤਾ, ਪਰ ਕਾਂਗਰਸ ਪਾਰਟੀ ਵੱਲੋਂ ਰੁੱਖਾ ਰਵੱਈਆ ਅਪਨਾਉਣ ਤੇ ਰਾਣਾ ਕੁਸ਼ਲਪਾਲ ਲੰਘੀਆਂ ਅਸੈਂਬਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸੀ ਅਤੇ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਜੀ ਜਾਨ ਲਾ ਕੇ ਵੋਟਾਂ ਮੰਗੀਆਂ ਤੇ ਮਲਵਿੰਦਰ ਸਿੰਘ ਕੰਗ ਨੂੰ ਐਮ ਪੀ ਬਣਾਉਣ ਵਿੱਚ ਚੰਗਾ ਯੋਗਦਾਨ ਪਾਇਆ ਸੀ।
ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਵਿੱਚ ਸਾਰੇ ਪੰਜਾਬ ਵਿੱਚ ਵੱਖਰਾ ਹੀ ਮਾਹੌਲ ਸੀ। ਉਸੇ ਦੇ ਚਲਦਿਆਂ ਖਿਜ਼ਰਾਬਾਦ ਵਿੱਚ ਵੀ ਪੰਚਾਇਤਾਂ ਚੋਣਾਂ ਨੂੰ ਲੈ ਕੇ ਸਰਪੰਚੀ ਜਿੱਤਣ ਲਈ ਸਿਰ-ਧੜ ਦੀ ਬਾਜ਼ੀ ਲਾਈ ਜਾ ਰਹੀ ਸੀ, ਦੱਸ ਦਈਏ ਕਿ ਇਸ ਪਿੰਡ ਦੀ ਸਿਆਸਤ ਬਹੁਤ ਡੂੰਗੀ ਹੈ, ਕਿਉਂਕਿ ਇਸ ਪਿੰਡ ਨੇ ਵੱਡੇ ਵੱਡੇ ਸਿਆਸਤਦਾਨ ਦਿੱਤੇ ਹਨ, ਜਿਨ੍ਹਾਂ ਵਿੱਚ ਰਾਣਾ ਕੁਸ਼ਲਪਾਲ ਦਾ ਵੀ ਨਾਮ ਮਾਣ ਨਾਲ ਲਿਆ ਜਾਂਦਾ ਹੈ। ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਰਾਣਾ ਕੁਸ਼ਲਪਾਲ ਨੇ ਵੱਡਾ ਰੋਲ ਨਿਭਾਉਂਦਿਆਂ ਉਪਰਲੀ ਪੱਤੀ ਤੋਂ ਬਣੇ ਸਰਪੰਚ ਰਾਣਾ ਨਰਿੰਦਰ ਪਾਲ ਗੋਗਲੀ ਨੂੰ ਸਰਪੰਚ ਬਣਾਉਣ ਵਿੱਚ ਮੁਢਲੀ ਭੂਮਿਕਾ ਨਿਭਾਈ ਹੈ। ਇਸ ਜਿੱਤੀ ਸਰਪੰਚੀ ਦੀ ਤਾਰੀਫ਼ ਸਾਬਕਾ ਕੈਬਿਨਟ ਮੰਤਰੀ ਤੇ ਹਲਕਾ ਵਿਧਾਇਕ ਬੀਬੀ ਗਗਨ ਅਨਮੋਲ ਮਾਨ ਨੇ ਵੀ ਕੀਤੀ ਹੈ। ਇਲਾਕੇ ਵਿੱਚ ਰਾਣਾ ਕੁਸ਼ਲਪਾਲ ਦੇ ਕੰਮ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਰਾਣਾ ਕੁਸ਼ਲਪਾਲ ਅੱਜ ਆਮ ਆਦਮੀ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਨਾਲ ਨਾਲ ਹੀ ਸਮਾਜ ਸੇਵਾ ਦੇ ਕੰਮ ਕਰਕੇ ਪੁੰਨ-ਦਾਨ ਵਿੱਚ ਵੀ ਯੋਗਦਾਨ ਪਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਰਾਣਾ ਕੁਸ਼ਲਪਾਲ ਪੰਜਾਬ ਦੀ ਸਿਆਸਤ ਵਿੱਚ ਵੀ ਕੋਈ ਵੱਡੀ ਭੂਮਿਕਾ ਨਿਭਾਉਣਗੇ?