ਡਾ. ਕ੍ਰਿਤੀਕਾ ਭਨੋਟ ਵੱਲੋਂ ਰਾਸ਼ਟਰੀ ਆਯੁਰਵੇਦ ਦਿਵਸ ‘ਤੇ ਭਾਸ਼ਣ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ:
ਖਰੜ ਦੇ ਸਰਕਾਰੀ ਹਾਈ ਸਕੂਲ ਰਡਿਆਲਾ ਵਿਖੇ ਰਾਸ਼ਟਰੀ ਆਯੁਰਵੇਦ ਦਿਵਸ ਨੂੰ ਸਮਰਪਿਤ ਇੱਕ ਭਾਸ਼ਣ ਦਾ ਆਯੋਜਨ ਕੀਤਾ ਗਿਆ। ‘ਆਯੁਰਵੇਦਾ ਫਾਰ ਵੈਲਨੈਸ ਐਟ ਸਕੂਲਜ਼’ ਵਿਸ਼ੇ ਉੱਪਰ ਇਹ ਭਾਸ਼ਣ ਪ੍ਰਸਿੱਧ ਡਾਕਟਰ ਅਤੇ ਰਾਜ-ਪੱਧਰੀ ਸਿਖ਼ਲਾਈ ਦੇ ਸਰੋਤ ਵਿਅਕਤੀ ਆਯੁਰਵੈਦਿਕ ਮੈਡੀਕਲ ਅਫਸਰ, ਖਰੜ ਡਾ. ਕ੍ਰਿਤੀਕਾ ਭਨੋਟ ਵੱਲੋਂ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਸਥਾਨਕ ਕੁਆਰਡੀਨੇਟਰ ਰੇਨੂੰ ਗੁਪਤਾ ਨੇ ਦੱਸਿਆ ਕਿ 29 ਅਕਤੂਬਰ ਦਾ ਦਿਹਾੜਾ ਪੂਰੇ ਦੇਸ਼ ਵਿਚ ਆਯੁਰਵੇਦ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਅੱਜਕੱਲ੍ਹ ਦੀ ਭੱਜ-ਦੌੜ ਭਰੀ ਅਤੇ ਰਸਾਇਣਾਂ ਤੋਂ ਪ੍ਰਭਾਵਿਤ ਜ਼ਿੰਦਗੀ ਤੋਂ ਨਿਜਾਤ ਦਿਵਾ ਕੇ ਭਾਰਤੀ ਸੰਸਕ੍ਰਿਤੀ ਅਤੇ ਆਯੁਰਵੇਦ ਰਾਹੀਂ ਮਨੁੱਖਤਾ ਦੀ ਰੋਗ ਰੋਧੀ ਸ਼ਕਤੀ ਵਧਾਉਣ ਦੀ ਕੋਸ਼ਿਸ਼ ਕਰਨਾ ਹੈ।
ਡਾਕਟਰ ਭਨੋਟ ਨੇ ਆਯੁਰਵੇਦ ਦੀ ਗੱਲ ਕਰਦਿਆਂ ਦੱਸਿਆ ਕਿ ਦਵਾਈਆਂ ਨਹੀਂ ਸਗੋਂ ਮਨੁੱਖ ਦਾ ਭੋਜਨ ਅਤੇ ਜੀਵਨ ਸ਼ੈਲੀ ਹੀ ਰੋਗਾਂ ਨਾਲ ਲੜਣ ਲਈ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਦਵਾਈ ਦਾ ਸਥਾਨ ਬਹੁਤ ਬਾਅਦ ਆਉਂਦਾ ਹੈ। ਜੇਕਰ ਮਨੁੱਖ ਆਪਣਾ ਖਾਣ-ਪੀਣ ਠੀਕ ਕਰ ਲਵੇ ਤਾਂ ਉਹ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦਾ ਹੈ।
ਉਨ੍ਹਾਂ ਨੇ ਆਪਣੇ ਤਜ਼ਰਬੇ ਵਿਚੋਂ ਦੱਸਿਆ ਕਿ ਖੂਨ ਦੀ ਘਾਟ ਹੋਵੇ ਜਾਂ ਕਿਸੇ ਪੋਸ਼ਕ ਤੱਤ ਦੀ ਘਾਟ ਹੋਵੇ, ਬਹੁਤੇ ਲੋਕੀਂ ਉਹਨਾਂ ਕੋਲ ਇਸ ਘਾਟ ਨੂੰ ਪੂਰਾ ਕਰਨ ਲਈ ਦਵਾਈਆਂ ਲਿਖਵਾਉਣ ਲਈ ਆਉਂਦੇ ਹਨ ਪਰ ਉਹ ਸਭ ਨੂੰ ਕਹਿੰਦੇ ਹਨ ਕਿ ਇਹ ਦਵਾਈਆਂ ਬਹੁਤ ਬਾਅਦ ਵਿੱਚ ਆਉਂਦੀਆਂ ਹਨ। ਉਨ੍ਹਾਂ ਨੇ ਬਹੁਤ ਰੌਚਕ ਤਰੀਕੇ ਨਾਲ਼ ਸਮਝਾਇਆ ਕਿ ਵਿਦਿਆਰਥੀਆਂ ਸਣੇ ਹਰ ਇਕ ਵਿਅਕਤੀ ਨੂੰ ਆਪਣੀ ਦਿਨਚਰਿਆ, ਰਿਤੂਚਰਿਆ, ਅਹਾਰ ਅਤੇ ਅਹਾਰਨ ਰਸਾਇਣਾਂ ਨੂੰ ਨਿਯਮਿਤ ਕਰਕੇ ਆਪਣੀਆਂ ਖੁਰਾਕੀ ਲੋੜਾਂ ਅਤੇ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸਕੂਲ ਦੇ ਹੈਡਮਾਸਟਰ ਡਾ. ਸੁਰਿੰਦਰ ਕੁਮਾਰ ਜਿੰਦਲ ਦਾ ਇਸ ਕਾਮਯਾਬ ਮੌਕੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ਼ ਸਵਾਲ ਜਵਾਬ ਵੀ ਕੀਤੇ।