ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਡਾ. ਦਵਿੰਦਰ ਸਿੰਘ ਚਾਂਸਲਰ ਅਕਾਲ ਯੂਨੀਵਰਸਿਟੀ ਬੜੂ ਸਾਹਿਬ ਨੂੰ ਆਪਣੀ 100ਵੀਂ ਪੁਸਤਕ ਭੇਟ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ 100ਵੀਂ ਪੁਸਤਕ ਡਾ. ਦਵਿੰਦਰ ਸਿੰਘ ਮੁਖੀ ਕਲਗੀਧਰ ਟਰੱਸਟ ਅਤੇ ਚਾਂਲਸਰ ਅਕਾਲ ਯੂਨੀਵਰਸਿਟੀ ਬੜੂ ਸਾਹਿਬ ਨੂੰ ਭੇਟ ਕੀਤੀ ਗਈ। ਇਹ ਵਿਸ਼ੇਸ਼ ਮੌਕਾ ਸੀ ਜਦੋਂ ਡਾ. ਦਵਿੰਦਰ ਸਿੰਘ ਜੀ, ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਵਲੋਂ ਕਰਵਾਏ ‘‘ਐਲੂਮਨੀ ਮੀਟ-2024’’ ਦੇ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਚੰਡੀਗੜ੍ਹ ਆਏ ਹੋਏ ਸਨ। ਪ੍ਰਿੰ. ਗੋਸਲ ਨੇ ਪੁਸਤਕ ‘‘ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ’’ ਦੀ ਇਕ ਕਾਪੀ ਪ੍ਰਿੰਸੀਪਲ ਬੜੂ ਸਾਹਿਬ ਅਕੈਡਮੀ ਡਾ. ਨੀਲਮ ਕੌਰ ਜੀ ਨੂੰ ਵੀ ਭੇਟ ਕੀਤੀ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਡਾ. ਦਵਿੰਦਰ ਸਿੰਘ ਜੀ ਨੂੰ ਦੱਸਿਆ ਕਿ ਇਹ ਉਹਨਾਂ ਦੀ 100ਵੀਂ ਪੁਸਤਕ ਨਿਰੋਲ ਧਾਰਮਿਕ ਬਣਾਈ ਗਈ ਹੈ ਜੋ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ। ਡਾ. ਨੀਲਮ ਕੌਰ ਜੀ ਨੂੰ ਪੁਸਤਕ ਭੇਟ ਕਰਨ ਸਮੇਂ ਭਾਈ ਜੈਤਾ ਜੀ ਫਾਊਡੇਸ਼ਨ ਆਫ ਇੰਡੀਆ ਦੇ ਸੰਚਾਲਕ ਅਤੇ ਪ੍ਰਬੰਧਕੀ ਟਰੱਸਟੀ ਸਰਦਾਰ ਹਰਪਾਲ ਸਿੰਘ ਵੀ ਹਾਜ਼ਰ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਭਾਈ ਜੈਤਾ ਜੀ ਫਾਊਡੇਸ਼ਨ ਦੇ ਸੰਸਥਾਪਿਕ ਵਿਅਕਤੀਆਂ ਵਜੋਂ ਇਸ ਸੰਸਥਾ ਵਿਚ ਸੇਵਾ ਨਿਭਾ ਰਹੇ ਹਨ।
ਉਹ ਪਿਛਲੇ 17 ਸਾਲ ਤੋਂ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਉੱਤਰ ਭਾਰਤ ਦੀਆਂ 129 ਅਕਾਲ ਅਕੈਡਮੀਆਂ ਲਈ ਸਕੂਲ ਨਿਰੀਖਕ ਵਜੋਂ ਵੀ ਸੇਵਾ ਨਿਭਾ ਰਹੇ ਹਨ। ਇਹ ਅਕਾਲ ਅਕੈਡਮੀਆਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਯੂ.ਪੀ. ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉੱਤਮ ਵਿੱਦਿਅਕ ਸੇਵਾ ਪ੍ਰਦਾਨ ਕਰਨ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਕਰਦੀਆਂ ਆ ਰਹੀਆਂ ਹਨ। ਪ੍ਰਿੰ. ਗੋਸਲ ਨੇ ਦੱਸਿਆ ਕਿ ਉਹਨਾਂ ਨੂੰ ਇਹਨਾਂ ਸੰਸਾਰ ਪ੍ਰਸਿੱਧ ਸੰਸਥਾਵਾਂ ਵਿਚ ਸੇਵਾ ਕਰਨ ਦਾ ਮਾਣ ਪ੍ਰਾਪਤ ਹੈ, ਕਿਉਂਕਿ ਇਹਨਾਂ ਸੰਸਥਾਵਾਂ ਰਾਹੀਂ ਬੱਚਿਆਂ ਨੂੰ ਉੱਚ ਕੋਟੀ ਦੀ ਵਿਦਿਅਕ ਸਿੱਖਿਆ ਦੇ ਨਾਲ ਚੰਗੇ ਇਨਸਾਨ ਬਨਣ ਲਈ ਵੀ ਪ੍ਰੇਰਿਆ ਜਾਂਦਾ ਹੈ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਉਹ ਪਹਿਲਾਂ ਵੀ ਆਪਣੀਆਂ ਲਿਖਤ ਪੁਸਤਕਾਂ ਬੜੂ ਸਾਹਿਬ ਅਤੇ ਦੂਜੀਆਂ ਅਕਾਲ ਅਕੈਡਮੀਆਂ ਵਿਚ ਭੇਟ ਕਰਦੇ ਰਹਿੰਦੇ ਹਨ, ਜਿਹਨਾਂ ਦਾ ਉੱਥੋਂ ਦੇ ਵਿਦਿਆਰਥੀ ਅਤੇ ਅਧਿਆਪਕ ਭਰਪੂਰ ਲਾਭ ਉਠਾਉਂਦੇ ਹਨ ਅਤੇ ਪ੍ਰਿੰ. ਗੋਸਲ ਦੀਆਂ ਲਿਖਤਾਂ ਦਾ ਅਨੰਦ ਮਾਣਦੇ ਹਨ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਆਪਣੀ 100 ਵੀ ਪੁਸਤਕ ‘‘ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ’’ ਬਾਬਾ ਡਾ. ਦਵਿੰਦਰ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਭੇਟ ਕਰਦੇ ਹੋਏ|