ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਬਰੈਂਪਟਨ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਕਤੂਬਰ:
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ .ਦਲਬੀਰ ਸਿੰਘ ਕਥੂਰੀਆ ਵੱਲੋਂ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੈਂਪਟਨ ਵਿਖੇ 28 ਅਕਤੂਬਰ ਦਿਨ ਸੋਮਵਾਰ ਨੂੰ ਬਾਦ ਸ਼ਾਮ 6 ਵਜੇ ਬਹੁਤ ਸ਼ਾਨਦਾਰ ਯਾਦਗਾਰੀ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਾਇਆ ਗਿਆ, ਜੋ ਬਹੁਤ ਯਾਦਗਾਰੀ ਹੋ ਨਿਬੜਿਆ।ਭਾਰਤ ਤੋਂ ਆਏ ਪ੍ਰੋਫੈਸਰ ਡਾ. ਕੁਲਦੀਪ ਪਾਹਵਾ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਪੈਂਤੀ ਅੱਖਰਾਂ ਵਾਲੀ ਤਖ਼ਤੀ, ਕਿਤਾਬਾਂ ਦਾ ਸੈੱਟ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸੇ ਤਰਾਂ ਭਾਰਤ ਤੋਂ ਆਏ ਸੀਨੀਅਰ ਜਰਨਲਿਸਟ ਰਾਜਵੀਰ ਸਿੰਘ ਸੰਧੂ ਨੂੰ ਵੀ ਯਾਦਗਾਰੀ ਸਨਮਾਨ ਚਿੰਨ੍ਹ ਪੈਂਤੀ ਅੱਖਰਾਂ ਵਾਲੀ ਤਖ਼ਤੀ, ਕਿਤਾਬਾਂ ਦਾ ਸੈੱਟ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਕਥੂਰੀਆ ਜੀ ਨੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਬਿਰਾਜਮਾਨ ਸਭ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ। ਇਸ ਸਾਰੇ ਪ੍ਰੋਗਰਾਮ ਨੂੰ ਡਾ. ਜਗੀਰ ਸਿੰਘ ਕਾਹਲੋਂ ਨੇ ਹੋਸਟ ਕੀਤਾ। ਡਾ. ਜਗੀਰ ਸਿੰਘ ਕਾਹਲੋਂ ਮੰਝੇ ਹੋਏ ਬੁਲਾਰੇ ਹਨ ਤੇ ਬਾਕਮਾਲ ਹੋਸਟਿੰਗ ਕਰਦੇ ਹਨ। ਡਾ. ਜਗੀਰ ਸਿੰਘ ਕਾਹਲੋਂ ਨੇ ਪ੍ਰੋਫੈਸਰ ਡਾ. ਕੁਲਦੀਪ ਪਾਹਵਾ ਜੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਡਾ. ਕੁਲਦੀਪ ਪਾਹਵਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਉਹ ਆਪ ਆਪਣੇ ਬਾਰੇ ਵਿਚਾਰਾਂ ਦੀ ਸਾਂਝ ਪਾਉਣ ਤੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਵੀ ਕਰਨ।
ਡਾ. ਪਾਹਵਾ ਜੀ ਨੇ ਆਪਣੇ ਬਾਰੇ ਦੱਸਿਆ ਅਤੇ ਆਪਣੀਆਂ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ, ਜਿਹਨਾਂ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ। ਡਾ. ਪਾਹਵਾ ਬਹੁਤ ਹੀ ਨਿਰਛੱਲ ਤੇ ਉੱਚੀ-ਸੁੱਚੀ ਸੋਚ ਵਾਲੇ ਹਨ, ਉਹਨਾਂ ਦੀ ਕਹਿਣੀ ਅਤੇ ਕਥਨੀ ਇਕੋ ਜਿਹੀ ਹੈ। ਬਹੁਤ ਹੀ ਰੂਹਾਨੀਅਤ ਭਰਪੂਰ ਉਹਨਾਂ ਦੀਆਂ ਨਜ਼ਮਾਂ ਹਨ। ਇਸ ਕਵੀ ਦਰਬਾਰ ਵਿੱਚ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਭਾ ਦੀ ਪ੍ਰਧਾਨ ਰੂਪ ਕਾਹਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਜਗੀਰ ਸਿੰਘ ਕਾਹਲੋਂ ਨੇ ਕਵੀ ਦਰਬਾਰ ਵਿਚ ਸਭ ਤੋਂ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਨਵੇਂ ਆਏ ਸੀਨੀਅਰ ਜਰਨਲਿਸਟ ਰਾਜਵੀਰ ਸਿੰਘ ਭਲੂਰਿਆ ਦੇ ਹੋਣਹਾਰ ਬੱਚਿਆਂ ਨੂੰ ਸੱਦਾ ਦਿੱਤਾ ਤੇ ਉਹਨਾਂ ਦੀ ਬੇਟੀ ਸਨਮਵੀਰ ਨੇ ਦੱਸਿਆ ਕਿ ਉਸਨੇ 13 ਸਾਲ ਦੀ ਉਮਰ ਵਿਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਦੀਆਂ ਬਾਲ ਰਚਨਾਵਾਂ ਦੀ ਕਿਤਾਬ ਵੀ ਪਬਲਿਸ਼ ਹੋ ਚੁੱਕੀ ਹੈ। ਉਸਨੇ ਮਾਂ ‘ਤੇ ਲਿਖੀ ਬਹੁਤ ਪਿਆਰੀ ਕਵਿਤਾ ਸੁਣਾਈ। ਪਰਮਵੀਰ ਸਿੰਘ 13 ਸਾਲ ਦੇ ਬੱਚੇ ਨੇ ਬਹੁਤ ਪਿਆਰੀ ਅਵਾਜ਼ ਵਿੱਚ ਕਵੀਸ਼ਰੀ ਗਾ ਕੇ ਖ਼ੂਬ ਰੰਗ ਬਣਿਆ। ਹਰਭਜਨ ਗਿੱਲ, ਸੁਖਚਰਨਜੀਤ ਗਿੱਲ, ਪਰਮਜੀਤ ਦਿਓਲ, ਦਰਸ਼ਨਦੀਪ, ਸਰਬਜੀਤ ਕਾਹਲੋਂ, ਗਿਆਨ ਸਿੰਘ ਦਰਦੀ, ਸੁਰਿੰਦਰ ਸੂਰ ਤੇ ਹਾਜ਼ਰੀਨ ਹੋਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ।
ਰਾਜਵੀਰ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਦਲਬੀਰ ਸਿੰਘ ਕਥੂਰੀਆ ਜੀ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਨੇ ਸਨਮਾਨ ਦੇ ਕੇ ਨਿਵਾਜਿਆ ਹੈ ਤੇ ਮਾਣ ਬਖ਼ਸ਼ਿਆ ਹੈ। ਆਖੀਰ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਕਥੂਰੀਆ ਜੀ ਦੇਸ਼ਾਂ- ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਕਲਾ, ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ।
ਰਮਿੰਦਰ ਵਾਲੀਆ।