ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਨਵੰਬਰ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਇਕ ਵਫ਼ਦ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿਚ ਸ੍ਰੀ ਐਸ. ਮਹਿੰਦਰਨ ਰਿਜ਼ਨਲ ਡਾਇਰੈਕਟਰ ਐਨ.ਆਈ.ਓ.ਐਸ. ਚੰਡੀਗੜ੍ਹ ਨੂੰ ਮਿਲਿਆ। ਵਫ਼ਦ ਵਲੋਂ ਇਹ ਮੁਲਾਕਾਤ ਉਨ੍ਹਾਂ ਦੇ ਸੈਕਟਰ-11 ਚੰਡੀਗੜ੍ਹ ਸਥਿਤ ਦਫਤਰ ਵਿਖੇ ਕੀਤੀ ਗਈ। ਵਫਦ ਵਿਚ ਪ੍ਰਿੰ. ਬਹਾਦਰ ਸਿੰਘ ਗੋਸਲ ਤੋਂ ਇਲਾਵਾ ਜਗਤਾਰ ਸਿੰਘ ਜੋਗ ਸੀਨੀਅਰ ਮੀਤ ਪ੍ਰਧਾਨ, ਸਟੇਟ ਕੋਆਰਡੀਨੇਟਰ ਜਸਪਾਲ ਸਿੰਘ ਕੰਵਲ, ਦਰਸ਼ਨ ਸਿੰਘ ਸਿੱਧੂ ਮੀਤ ਪ੍ਰਧਾਨ ਅਤੇ ਸਲਾਹਕਾਰ ਬਲਵਿੰਦਰ ਸਿੰਘ ਸ਼ਾਮਲ ਸਨ।
ਵਫਦ ਨੇ ਸਭ ਤੋਂ ਪਹਿਲਾਂ ਸ੍ਰੀ ਐਸ.ਮਹਿੰਦਰਨ ਜੀ ਨੂੰ ਪ੍ਰਿੰ. ਗੋਸਲ ਰਚਿਤ 100ਵੀਂ ਪੁਸਤਕ ਸਮੇਤ ਹੋਰ ਕਈ ਪੁਸਤਕਾਂ ਭੇਟ ਕੀਤੀਆਂ, ਜਿਨ੍ਹਾਂ ਵਿਚ ਵਿਲੱਖਣ ਸਿੱਖਿਆ ਪ੍ਰਾਜੈਕਟ, ਮੇਰੇ ਚੋਣਵੇਂ ਲੇਖ ਵਿਰਾਸਤੀ ਹਵੇਲੀਆਂ, ਆਓ ਗੀਤ ਗਾਈਏ ਰੁੱਖਾਂ ਦੇ ਅਤੇ ਕਈ ਬਾਲ ਪੁਸਤਕਾਂ ਸ਼ਾਮਲ ਸਨ।
ਵਫਦ ਨੇ ਰਿਜ਼ਨਲ ਡਾਇਰੈਕਟਰ ਓਪਨ ਸਕੂਲਜ਼ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪੰਜਾਬੀ ਦੇ ਪ੍ਰਸਾਰ ਲਈ ਵੱਡੀ ਪੱਧਰ ਤੇ ਪੰਜਾਬ ਵਿਚ ਪ੍ਰਚਾਰ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਬੱਚੇ ਸਰਕਾਰ ਦੀ ਇਸ ਓਪਨ ਪ੍ਰਣਾਲ਼ੀ ਸਿੱਖਿਆ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਹ ਸਾਰਾ ਪ੍ਰਚਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਹੋਣਾ ਚਾਹੀਦਾ ਹੈ ਅਤੇ ਏ.ਆਈ. ਸੈਂਟਰਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਬੱਚੇ ਸਿੱਖਿਆ ਨਾਲ ਜੋੜੇ ਜਾ ਸਕਣ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਵਿਚ ਓਪਨ ਸਕੂਲ ਨਾਲ ਜੁੜੇ ਬੱਚਿਆਂ ਨੂੰ ਪੁਸਤਕਾਂ ਪੰਜਾਬੀ ਵਿੱਚ ਹੀ ਦਿੱਤੀਆਂ ਜਾਣ ਤਾਂ ਕਿ ਪੇਂਡੂ ਗਰੀਬ ਬੱਚੇ ਇਸ ਪ੍ਰਣਾਲੀ ਤੋਂ ਲਾਭ ਉੱਠਾ ਸਕਣ।
ਸ੍ਰੀ ਐਸ. ਮਹਿੰਦਰਨ ਨੇ ਵਫਦ ਨੂੰ ਦੱਸਿਆ ਕਿ ਦਸਵੀਂ ਜਮਾਤ ਲਈ ਪੁਸਤਕਾਂ ਪੰਜਾਬੀ ਵਿਚ ਤਿਆਰ ਹੋ ਚੁੱਕੀਆਂ ਹਨ ਅਤੇ ਹੁਣ ਬਾਰਵੀਂ ਜਮਾਤ ਦੀਆਂ ਪੁਸਤਕਾਂ ਪੰਜਾਬੀ ਵਿਚ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਜਲਦੀ ਤਿਆਰ ਹੋ ਜਾਣਗੀਆਂ। ਉਨ੍ਹਾਂ ਨੇ ਪੰਜਾਬ ਵਿਚ ਓਪਨ ਸਕੂਲ ਦੇ ਪੰਜਾਬੀ ਵਿਚ ਪ੍ਰਚਾਰ ਕਰਨ ਦੀ ਵੀ ਹਾਮੀ ਭਰੀ ਅਤੇ ਇਹ ਵੀ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਵੋਕੇਸ਼ਨਲ ਮਜ਼ਬੂਨਾਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਲੜਕੀਆਂ ਨੂੰ ਇਸ ਪ੍ਰਣਾਲੀ ਦਾ ਹਿੱਸਾ ਬਨਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਪੁਸਤਕਾਂ ਭੇਟ ਕਰਨ ਲਈ ਵਫਦ ਦਾ ਧੰਨਵਾਦ ਕੀਤਾ ਅਤੇ ਹੁਣ ਤੱਕ ਪ੍ਰਿੰ. ਗੋਸਲ ਵਲੋਂ 104 ਪੁਸਤਕਾਂ ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਪੰਜਾਬ ਵਿਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਫਦ ਵਲੋਂ ਰਿਜ਼ਨਲ ਡਾਇਰੈਕਟਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਫੋਟੋ ਕੈਪਸ਼ਨ : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰ ਇੱਕ ਵਫਦ ਦੇ ਰੂਪ ਵਿੱਚ ਰਿਜ਼ਨਲ ਡਾਇਰੈਕਟਰ ਓਪਨ ਸਕੂਲਜ਼ ਸ੍ਰੀ ਐਸ. ਮਹਿੰਦਰਨ ਨੂੰ ਪੁਸਤਕਾਂ ਭੇਟ ਕਰਦੇ ਹੋਏ।